ਨਵੀਂ ਦਿੱਲੀ, 23 ਅਕਤੂਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਸਰਕਾਰ 'ਤੇ ਐਸ.ਵਾਈ.ਐਲ ਮੁੱਦੇ 'ਤੇ ਸੁਪਰੀਮ ਕੋਰਟ ਅੰਦਰ ਸੂਬੇ ਦੇ ਹਿੱਤਾਂ ਦੀ ਸਹੀ ਢੰਗ ਨਾਲ ਰਾਖੀ ਕਰਨ 'ਚ ਫੇਲ੍ਹ ਰਹਿਣ ਦਾ ਦੋਸ਼ ਲਗਾਉਂਦਿਆਂ ਐਲਾਨ ਕੀਤਾ ਹੈ ਕਿ ਜੇ ਸੁਪਰੀਮ ਕੋਰਟ ਦਾ ਫੈਸਲਾ ਸੂਬੇ ਦੇ ਖਿਲਾਫ ਗਿਆ, ਤਾਂ ਸਾਰੇ ਪਾਰਟੀ ਵਿਧਾਇਕ ਸਮੂਹਿਕ ਪੱਧਰ 'ਤੇ ਅਸਤੀਫਾ ਦੇ ਦੇਣਗੇ। ਇਸ ਲੜੀ ਹੇਠ ਪੰਜਾਬ ਕਾਂਗਰਸ ਤੇ ਏ.ਆਈ.ਸੀ.ਸੀ ਦੇ ਸੀਨੀਅਰ ਆਗੂਆਂ ਦੀ ਇਕ ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਨੇ ਸਰਬਸੰਮਤੀ ਨਾਲ ਆਪਣੇ ਹਾਲੇ ਹੀ ਦੇ ਫੈਸਲੇ ਉਪਰ ਬਣੇ ਰਹਿਣ ਦਾ ਐਲਾਨ ਕੀਤਾ ਹੈ ਕਿ ਜੇ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਖਿਲਾਫ ਜਾਂਦਾ ਹੈ, ਤਾਂ ਸਾਰੇ ਵਿਧਾਇਕ ਸਮੂਹਿਕ ਤੌਰ 'ਤੇ ਅਸਤੀਫਾ ਦੇ ਦੇਣਗੇ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਖੁਦ ਵੀ ਲੋਕ ਸਭਾ ਤੋਂ ਅਸਤੀਫਾ ਦੇ ਦੇਣਗੇ ਤੇ ਲੋਕਾਂ ਦੀ ਅਦਾਲਤ 'ਚ ਜਾਣਗੇ।
ਉਨ੍ਹਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਹੈ ਕਿ ਸੂਬੇ ਦੇ ਲੋਕਾਂ ਦੇ ਹਿੱਤ 'ਚ ਸਾਰੇ ਵਿਧਾਇਕ ਸਮੂਹਿਕ ਤੌਰ 'ਤੇ ਪੰਜਾਬ ਵਿਧਾਨ ਸਭਾ ਤੋਂ ਅਸਤੀਫਾ ਦੇ ਦੇਣਗੇ, ਕਿਉਂਕਿ ਐਸ.ਵਾਈ.ਐਲ ਦਾ ਫੈਸਲਾ ਪੰਜਾਬ ਖਿਲਾਫ ਜਾਣ 'ਤੇ ਸੂਬੇ ਦੇ ਲੋਕਾਂ ਨੂੰ ਪਾਣੀ ਦੀ ਕਮੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਮੀਟਿੰਗ 'ਚ ਫੈਸਲਾ ਲਿਆ ਗਿਆ ਹੈ ਕਿ ਪਾਰਟੀ ਦੇ ਵਿਧਾਇਕ ਵਿਧਾਨ ਸਭਾ 'ਚੋਂ ਅਸਤੀਫਾ ਦੇਣ ਤੋਂ ਬਾਅਦ ਸੂਬੇ ਦੇ ਲੋਕਾਂ ਦੇ ਹਿੱਤਾਂ ਵਾਸਤੇ ਲੜਨ ਲਈ ਸੜਕਾਂ 'ਤੇ ਉਤਰਨਗੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ 'ਚ ਸਾਡੇ ਕੋਲ ਪੰਜਾਬ ਦੇ ਹਿੱਤਾਂ ਦੀ ਰਾਖੀ ਖਾਤਿਰ ਸੜਕਾਂ 'ਤੇ ਉਤਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬੱਚੇਗਾ ਅਤੇ ਸੂਬੇ ਦੇ ਹਿੱਤਾਂ ਦੀ ਰਾਖੀ ਕਰਨ 'ਚ ਫੇਲ੍ਹ ਰਹਿਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹੋਣਗੇ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਇਥੋਂ ਤੱਕ ਕਿ ਬਾਦਲ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ, 2004 ਨੂੰ ਵੀ ਕਾਇਮ ਰੱਖਣ 'ਚ ਨਾਕਾਮ ਰਹੇ ਹਨ, ਜਿਸਨੂੰ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਵੱਲੋਂ ਦਸਤਖਤ ਕੀਤੇ ਗਏ ਅੰਤਰ ਸੂਬਾਈ ਪਾਣੀ ਦੇ ਸਮਝੌਤਿਆਂ ਨੂੰ ਰੱਦ ਕਰਨ ਲਈ ਪਾਸ ਕੀਤਾ ਸੀ। ਬਲਕਿ ਇਸਦੇ ਉਲਟ ਅਕਾਲੀ ਆਗੂ ਗੰਦੀ ਸਿਆਸਤ ਖੇਡਦਿਆਂ ਲੋਕਾਂ ਦੀਆਂ ਜ਼ਿੰਦਗੀਆਂ ਦੀ ਕੀਮਤ 'ਤੇ ਮੋਰਚੇ ਲਗਾਉਣ 'ਚ ਵਿਅਸਤ ਸਨ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਸਲਿਅਤ 'ਚ ਐਨ.ਡੀ.ਏ, ਜਿਸਦਾ ਬਾਦਲ ਦੀ ਸ੍ਰੋਮਣੀ ਅਕਾਲੀ ਦਲ ਵੀ ਇਕ ਹਿੱਸਾ ਹੈ, ਨੇ ਪੂਰੇ ਮਾਮਲੇ 'ਚ ਬਾਦਲਾਂ ਦੇ ਧੋਖੇ ਦਾ ਪਰਦਾਫਾਸ਼ ਕਰਦਿਆਂ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ, 2004 ਦੇ ਪ੍ਰੈਜੀਡੇਂਸ਼ਿਅਲ ਰੈਫਰੇਂਸ ਦੀ ਸੁਣਵਾਈ ਮੌਕੇ ਪੰਜਾਬ ਵਿਰੋਧੀ ਪੱਖ ਲਿਆ ਸੀ।
ਇਸ ਤੋਂ ਪਹਿਲਾਂ, ਆਗੂਆਂ ਨੇ ਦੁਹਰਾਇਆ ਕਿ ਕਾਂਗਰਸ ਸੁਪਰੀਮ ਕੋਰਟ ਦਾ ਆਦਰ ਕਰਦੀ ਹੈ, ਲੇਕਿਨ ਉਸਦੀ ਪੰਜਾਬ ਦੇ ਲੋਕਾਂ ਪ੍ਰਤੀ ਵੀ ਜ਼ਿੰਮੇਵਾਰੀ ਹੈ ਅਤੇ ਇਸ ਕਰਕੇ ਅਸੀਂ ਸਾਡੇ ਪਾਣੀਆਂ ਦੀ ਰਾਖੀ ਵਾਸਤੇ ਕਾਨੂੰਨੀ ਤੇ ਸੰਵਿਧਾਨਿਕ ਤਰੀਕੇ ਲੱਭਾਂਗੇ। ਮਾਹਿਰਾਂ ਦੀ ਰਾਏ ਦਾ ਖੁਲਾਸਾ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਜਿਸ ਵੇਲੇ ਸਤਲੁਜ਼-ਯਮੁਨਾ ਲਿੰਕ (ਐਸ.ਵਾਈ.ਐਲ) ਨਹਿਰ ਵੱਗਣੀ ਸ਼ੁਰੂ ਹੋ ਜਾਵੇਗੀ, ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ 'ਚ 9.75 ਏਕੜ ਜ਼ਮੀਨ (3.91 ਲੱਖ ਹੈਕਟੇਅਰ) ਸੁੱਕ ਕੇ ਬੰਜਰ ਬਣ ਜਾਵੇਗੀ, ਜਿਸਦਾ ਬਠਿੰਡਾ, ਫਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹਿਆਂ 'ਤੇ ਸੱਭ ਤੋਂ ਮਾੜਾ ਪ੍ਰਭਾਵ ਪਵੇਗਾ, ਕਿਉਂਕਿ ਇਨ੍ਹਾਂ ਜਿਲ੍ਹਿਆਂ ਦਾ ਜਮੀਨ ਹੇਠਾਂ ਪਾਣੀ ਖਾਰਾ ਹੈ ਅਤੇ ਇਸ 'ਚ ਬੈਰੋਨ ਤੇ ਫਲੋਰਾਈਡਸ ਵਰਗੇ ਵਿਸ਼ੈਲੇ ਤੱਤ ਹਨ।
ਕਾਂਗਰਸੀ ਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਫੈਸਲੇ ਨਾਲ ਲੋਕਾਂ ਕੋਲ ਪੀਣ ਵਾਸਤੇ ਪਾਣੀ ਵੀ ਨਹੀਂ ਬੱਚੇਗਾ। ਜਿਨ੍ਹਾਂ ਨੇ ਕਿਹਾ ਕਿ ਪੰਜਾਬ ਕੋਲ ਦੂਜੇ ਸੂਬਿਆਂ ਵਾਸਤੇ ਬਿਲਕੁਲ ਵੀ ਫਾਲਤੂ ਪਾਣੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹੀ ਇਕੋਮਾਤਰ ਪਾਰਟੀ ਹੈ, ਜਿਸਨੇ ਐਸ.ਵਾਈ.ਐਲ ਦੇ ਨਿਰਮਾਣ 'ਤੇ ਸਖ਼ਤ ਪੱਖ ਲਿਆ ਹੈ, ਇਸਦੇ ਆਗੂਆਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਇਸ ਲੜਾਈ ਨੂੰ ਲੋਕਾਂ 'ਚ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ।
ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਬਾਦਲ ਸਰਕਾਰ 'ਤੇ ਸੂਬੇ ਦੇ ਹਿੱਤਾਂ ਦੀ ਸੁਪਰੀਮ ਕੋਰਟ 'ਚ ਰਾਖੀ ਕਰਨ 'ਚ ਫੇਲ੍ਹ ਰਹਿਣ ਲਈ ਵਰ੍ਹੇ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪਰ ਕੇਂਦਰ ਸਰਕਾਰ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਗਾਇਆ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਕੇਂਦਰ ਦੇ ਹੱਥਾਂ 'ਚ ਖੇਡ ਰਹੇ ਹਨ, ਜਿਸ 'ਚ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਲੋਕਾਂ ਤੋਂ ਬਗੈਰ ਕਿਸੇ ਕਾਰਨ ਪਿੰਡ ਖਾਲ੍ਹੀ ਕਰਵਾਏ ਜਾਣ ਦਾ ਤਾਜ਼ਾ ਮਾਮਲਾ ਵੀ ਸ਼ਾਮਿਲ ਹੈ। ਇਸ ਲੜੀ ਹੇਠ ਸੁਪਰੀਮ ਕੋਰਟ 'ਚ ਐਸ.ਵਾਈ.ਐਲ ਦੇ ਮੁੱਦੇ ਉਪਰ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ 'ਚ ਬਾਦਲ ਸਰਕਾਰ ਦੀ ਅਸਫਲਤਾ ਦਾ ਸਾਫ ਸਬੂਤ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿਬਾਦਲ ਵੱਲੋਂ ਲੋਕਾਂ ਵਿਚਾਲੇ ਪੰਜਾਬ ਕੋਲ ਇਕ ਵੀ ਬੂੰਦ ਪਾਣੀ ਕਿਸੇ ਨੂੰ ਨਾ ਦੇਣ ਬਾਰੇ ਰੌਲਾ ਪਾਏ ਜਾਣ ਦੇ ਬਾਵਜੂਦ, ਹਰ ਕੋਈ ਜਾਣਦਾ ਹੈ ਕਿ ਇਹ ਸਿਰਫ ਉਨ੍ਹਾਂ ਦਾ ਵਿਖਾਵਾ ਹੈ ਅਤੇ ਉਹ ਅਸਲਿਅਤ 'ਚ ਐਸ.ਵਾਈ.ਐਲ 'ਤੇ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਨਾ ਰੱਖ ਕੇ ਸੂਬੇ ਦੇ ਹਿੱਤਾਂ ਖਿਲਾਫ ਕੰਮ ਕਰ ਰਹੇ ਹਨ।
ਪੰਜਾਬ ਕਾਂਗਰਸ ਪ੍ਰਧਾਨ ਨੇ ਆਮ ਆਦਮੀ ਪਾਰਟੀ 'ਤੇ ਵੀ ਅਜਿਹੇ ਦੁਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ, ਜਿਸਦੇ ਆਗੂ ਅਰਵਿੰਦ ਕੇਜਰੀਵਾਲ ਉਕਤ ਮਾਮਲੇ 'ਤੇ ਆਪ 'ਚ ਵਿਰੋਧੀ ਪੱਖ ਰੱਖ ਰਹੇ ਹਨ। ਜਿਨ੍ਹਾਂ ਕੇਜਰੀਵਾਲ ਨੇ ਮਈ, 2016 'ਚ ਰੋਪੜ ਵਿਖੇ ਇਕ ਮੀਟਿੰਗ ਦੌਰਾਨ ਕਿਹਾ ਸੀ ਕਿ ਉਹ ਐਸ.ਵਾਈ.ਐਲ ਦੇ ਨਿਰਮਾਣ ਦੇ ਖਿਲਾਫ ਹਨ, ਲੇਕਿਨ ਸਿਰਫ ਤਿੰਨ ਬਾਅਦ ਹੀ ਉਹ ਵੱਖਰਾ ਰਾਗ ਅਲਾਪਣ ਪਏ ਸਨ ਅਤੇ ਕਹਿਣ ਲੱਗੇ ਸਨ ਕਿ ਪਾਣੀ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ ਹੈ, ਜਿਹੜਾ ਸੱਭ ਲਈ ਹੈ, ਭਾਵੇਂ ਉਹ ਪੰਜਾਬ ਹੋਵੇਗਾ, ਹਰਿਆਣਾ ਜਾਂ ਫਿਰ ਦਿੱਲੀ, ਸੱਭ ਨੂੰ ਪਾਣੀ ਮਿੱਲਣਾ ਚਾਹੀਦਾ ਹੈ।
ਮੀਟਿੰਗ ਦੌਰਾਨ ਪਾਰਟੀ ਆਗੂਆਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਚੋਣ ਰਣਨੀਤੀ ਉਪਰ ਚਰਚਾ ਕੀਤੀ ਤੇ ਪ੍ਰਚਾਰ ਦੇ ਅਗਲੇ ਦੌਰ ਵਾਸਤੇ ਯੋਜਨਾ ਤਿਆਰ ਕੀਤੀ।
ਮੀਟਿੰਗ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ, ਏ.ਆਈ.ਸੀ.ਸੀ ਜਨਰਲ ਸਕੱਤਰ ਆਸ਼ਾ ਕੁਮਾਰੀ, ਜਨਰਲ ਸਕੱਤਰ ਤੇ ਚੇਅਰਮੈਨ ਪੰਜਾਬ ਪ੍ਰਚਾਰ ਕਮੇਟੀ ਅੰਬਿਕਾ ਸੋਨੀ, ਏ.ਆਈ.ਸੀ.ਸੀ ਸਕੱਤਰ ਤੇ ਪੰਜਾਬ ਇੰਚਾਰਜ਼ ਹਰੀਸ਼ ਚੌਧਰੀ, ਵਿਧਾਇਕ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਰਜਿੰਦਰ ਕੌਰ ਭੱਠਲ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰਾਂ 'ਚ ਸੰਤੋਖ ਸਿੰਘ ਤੇ ਰਵਨੀਤ ਬਿੱਟੂ, ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ, ਮੀਤ ਪ੍ਰਧਾਨ ਮਨਪ੍ਰੀਤ ਬਾਦਲ ਤੇ ਡਾ. ਰਾਜ ਚੱਬੇਵਾਲ ਵੀ ਸ਼ਾਮਿਲ ਰਹੇ।