ਚੰਡੀਗੜ੍ਹ, 19 ਅਕਤੂਬਰ, 2016 : ਪੰਜਾਬ ਰਾਜ ਦੀ ਸਮੁੱਚੀ ਮਸ਼ੀਨਰੀ 1 ਨਵੰਬਰ ਨੂੰ ਪੰਜਾਬੀ ਸੂਬੇ ਦੀ ਸਥਾਪਨਾ ਦੇ 50 ਸਾਲ ਪੂਰੇ ਹੋਣ 'ਤੇ ਕੀਤੇ ਜਾ ਰਹੇ ਰਾਜ ਪੱਧਰੀ ਸਮਾਗਮ ਨੂੰ ਸਫਲਤਾ ਪੂਰਬਕ ਨੇਪਰੇ ਚਾੜ੍ਹਨ ਲਈ ਤਿਆਰ-ਬਰ-ਤਿਆਰ ਹੈ। ਇਸ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਨੂੰ ਸ਼ਾਹਾਨਾਂ ਅੰਦਾਜ਼ ਨਾਲ ਸਜਾ ਕੇ ਵਿਰਾਸਤੀ ਦਿੱਖ ਦਿੱਤੇ ਜਾਣ ਉਪਰੰਤ ਇਸ ਵਿਰਾਸਤ ਦੇ 24 ਅਕਤੂਬਰ ਨੂੰ ਉਦਘਾਟਨ ਸਬੰਧੀ ਵੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਇਨ੍ਹਾਂ ਦੋ ਪ੍ਰਮੁੱਖ ਸਮਾਗਮਾਂ ਦੀਆਂ ਕੀਤੀਆਂ ਗਈਆਂ ਤਿਆਰੀਆਂ ਦੀ ਸਮੀਖਿਆ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਵੱਲੋਂ ਉੱਚ ਪੱਧਰੀ ਮੀਟਿੰਗ ਦੌਰਾਨ ਕੀਤੀ ਗਈ।
ਅੱਜ ਇੱਥੇ ਸੱਦੀ ਗਈ ਇਸ ਉੱਚ ਪੱਧਰੀ ਮੀਟਿੰਗ ਵਿਚ ਮੁੱਖ ਸਕੱਤਰ ਨੇ ਵਿਸ਼ੇਸ਼ ਤੌਰ 'ਤੇ ਪੰਜਾਬ ਸੂਬੇ ਦੇ ਗਠਨ ਦੇ 50 ਸਾਲ ਪੂਰੇ ਹੋਣ ਉਪਰੰਤ ਅੰਮ੍ਰਿਤਸਰ ਵਿਖੇ ਕੀਤੇ ਜਾਣ ਵਾਲੇ ਗੋਲਡਨ ਜੁਬਲੀ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੀਟਿੰਗ ਦੀ ਸ਼ੁਰੂਆਤ ਵਿਚ ਸ੍ਰੀ ਰਾਹੁਲ ਤਿਵਾੜੀ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ, ਜੋ ਕਿ ਇਸ ਸਮਾਗਮ ਦੇ ਓਵਰਆਲ ਕੋਆਰਡੀਨੇਟਰ ਵੀ ਹਨ, ਨੇ ਮੁੱਖ ਸਕੱਤਰ ਨੂੰ ਸਮਾਗਮ ਦੀ ਸਮੁੱਚੀ ਤਫਸੀਲ ਬਾਰੇ ਦੱਸਿਆ। ਸ੍ਰੀ ਤਿਵਾੜੀ ਨੇ ਦੱਸਿਆ ਕਿ ਪੰਜਾਬੀ ਸੂਬੇ ਦੇ ਇਸ ਸਮਾਗਮ ਵਿਚ ਦੇਸ਼ ਅਤੇ ਦੁਨੀਆਂ ਭਰ ਵਿਚ ਰਹਿੰਦੇ ਸਿੱਖ ਜਿਨ੍ਹਾਂ ਨੇ ਪੰਜਾਬੀ ਸੂਬੇ ਦੇ ਸੰਘਰਸ਼ ਅਤੇ ਇਸਦੀ ਸਥਾਪਨਾ ਵਿਚ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਪਾਇਆ ਹੈ, ਨੂੰ ਵਿਸ਼ੇਸ਼ ਤੌਰ 'ਤੇ ਸੱਦਿਆ ਜਾ ਰਿਹਾ ਹੈ। ਸਮਾਗਮ ਦੌਰਾਨ ਇਨ੍ਹਾਂ ਸੰਘਰਸ਼ੀ ਯੋਧਿਆਂ ਨੂੰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਪਾਏ ਗਏ ਅਮੁੱਲ ਯੋਗਦਾਨ ਬਦਲੇ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹ ਸੰਘਰਸ਼ੀ ਯੋਧੇ ਜਿਨ੍ਹਾ ਨੇ ਸੂਬੇ ਦੀ ਪ੍ਰਾਪਤੀ ਲਈ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ, ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕਰਕੇ ਸੱਚੀ-ਸੁੱਚੀ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬੀ ਸੂਬੇ ਦੇ ਗਠਨ ਦੇ ਗੋਲਡਨ ਜੁਬਲੀ ਸਮਾਗਮ ਵਿਚ ਮੁੱਖ ਤੌਰ 'ਤੇ ਪੰਜਾਬੀ ਜ਼ੁਬਾਨ, ਪੰਜਾਬੀ ਲੋਕ ਧਾਰਾ, ਪੰਜਾਬੀ ਵਿਰਸਾ ਤੇ ਸੱਭਿਆਚਾਰ ਅਤੇ ਇਤਿਹਾਸ ਨੂੰ ਪ੍ਰਤੱਖ ਕਰਦੇ ਪ੍ਰੋਗਰਾਮ ਕੀਤੇ ਜਾਣਗੇ ਜਿਸ ਨਾਲ ਦੇਸ਼-ਵਿਦੇਸ਼ ਵਿਚ ਬੈਠੇ ਸਮੂਹ ਪੰਜਾਬੀ ਆਪਣੀ ਮਾਂ ਬੋਲੀ ਅਤੇ ਆਪਣੇ ਸੂਬੇ ਦੀ ਮਿੱਟੀ ਦੀ ਖੁਸ਼ਬੂ ਨਾਲ ਲਬਾਲਬ ਹੋ ਜਾਣਗੇ।
ਮੁੱਖ ਸਕੱਤਰ ਨੇ ਇਸ ਸੂਬਾ ਪੱਧਰੀ ਸਮਾਗਮ ਲਈ ਬਣਾਈਆਂ ਗਈਆਂ ਵੱਖੋ-ਵੱਖ ਕਮੇਟੀਆਂ ਵੱਲੋਂ ਇਸ ਸਮਾਗਮ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਨ ਲਈ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ। ਜਿਨ੍ਹਾਂ ਕਮੇਟੀਆਂ ਦੀ ਸਮੀਖਿਆ ਕੀਤੀ ਗਈ ਉਨ੍ਹਾਂ ਵਿਚ ਪ੍ਰੋਟੋਕੋਲ ਕਮੇਟੀ, ਟਰਾਂਸਪੋਰਟੇਸ਼ਨ ਕਮੇਟੀ, ਸਕਿਉਰਿਟੀ ਕਮੇਟੀ, ਸਟੇਜ ਮੈਨੇਜਮੈਂਟ ਕਮੇਟੀ, ਐਡਵਰਟਾਈਜਿੰਗ ਐਂਡ ਮੀਡੀਆ ਕਮੇਟੀ, ਇਨਵੀਟੇਸ਼ਨ ਕਮੇਟੀ, ਵੈਨਿਊ ਪ੍ਰੈਪਰੇਸ਼ਨ ਕਮੇਟੀ ਅਤੇ ਹੈਲਥ ਕਮੇਟੀ ਪ੍ਰਮੁੱਖ ਹਨ।
ਸ੍ਰੀ ਤਿਵਾੜੀ ਨੇ ਦੱਸਿਆ ਕਿ ਇਨ੍ਹਾਂ ਕਮੇਟੀਆਂ ਵੱਲੋਂ ਕਾਫੀ ਕੰਮ ਨੇਪਰੇ ਚਾੜ੍ਹ ਲਿਆ ਗਿਆ ਹੈ। ਮੁੱਖ ਸਕੱਤਰ ਨੇ ਇਨ੍ਹਾਂ ਕਮੇਟੀਆਂ ਵਿਚ ਸ਼ਾਮਲ ਸਮੂਹ ਮੈਂਬਰਾਂ ਨੂੰ ਅਗਲੇ ਦੋ ਦਿਨਾਂ ਦੌਰਾਨ ਅੰਮ੍ਰਿਤਸਰ ਵਿਖੇ ਮੁੱਖ ਸਮਾਗਮ ਵਾਲੀ ਥਾਂ 'ਤੇ ਰਹਿੰਦੀਆਂ ਤਿਆਰੀਆਂ ਨੂੰ ਜੰਗੀ ਪੱਧਰ 'ਤੇ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ।
ਇਸ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਦੁਆਲੇ ਸਿਰਜੀ ਗਈ ਵਿਰਾਸਤੀ ਦਿੱਖ ਵਾਲੇ ਪ੍ਰੋਜੈਕਟ, ਜਿਸ ਦਾ ਉਦਘਾਟਨ 24 ਅਕਤੂਬਰ ਨੂੰ ਕੀਤਾ ਜਾ ਰਿਹਾ ਹੈ, ਦੀ ਸਮੀਖਿਆ ਵੀ ਮੁੱਖ ਸਕੱਤਰ ਵੱਲੋਂ ਕੀਤੀ ਗਈ। ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਆਪਣੀ ਕਿਸਮ ਦੇ ਇਸ ਪਹਿਲੇ ਪ੍ਰੋਜੈਕਟ ਅਧੀਨ ਪੰਜਾਬ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦੁਆਲੇ ਦਾ ਸੁੰਦਰੀਕਰਨ ਵਿਸ਼ੇਸ਼ ਦਿੱਖ ਨਾਲ ਕੀਤਾ ਹੈ ਜਿਸ ਦਾ ਡਿਜਾਇਨ 400 ਸਾਲ ਪਹਿਲਾਂ ਦੇ ਸ਼ਹਿਰ ਦੀਆਂ ਇਮਾਰਤਾਂ ਦੀ ਦਿੱਖ ਵਰਗਾ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਆਲੌਕਿਕ ਨਜ਼ਾਰਾ ਅਤੇ ਦ੍ਰਿਸ਼ ਸ੍ਰੀ ਹਰਿਮੰਦਰ ਸਾਹਿਬ ਦੁਆਲੇ ਤਕਰੀਬਨ 150 ਇਮਾਰਤਾਂ ਅਤੇ ਗਲੀਆਂ ਨੂੰ ਸ਼ਾਹਾਨਾ ਦਿੱਖ ਦੇ ਕੇ ਪ੍ਰਦਾਨ ਕੀਤਾ ਗਿਆ ਹੈ। ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਨਿਰਦੇਸ਼ ਦਿੱਤੇ ਕਿ ਇਨ੍ਹਾਂ ਸਮਾਗਮਾਂ ਨੂੰ ਸਫਲਤਾਪੂਰਬਕ ਨੇਪਰੇ ਚਾੜ੍ਹਨ ਲਈ ਕੋਈ ਕਸਰ ਨਾ ਛੱਡੀ ਜਾਵੇ।
ਮੀਟਿੰਗ ਵਿਚ ਪ੍ਰਮੁੱਖ ਤੌਰ 'ਤੇ ਵਧੀਕ ਮੁੱਖ ਸਕੱਤਰ ਗ੍ਰਹਿ ਜਸਪਾਲ ਸਿੰਘ ਸੰਧੂ, ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿੰਨੀ ਮਹਾਜਨ, ਪ੍ਰਮੁੱਖ ਸਕੱਤਰ ਸ਼ਹਿਰੀ ਹਵਾਬਾਜ਼ੀ ਵਿਸ਼ਵਜੀਤ ਖੰਨਾ, ਡੀਜੀਪੀ ਕਾਨੂੰਨ ਤੇ ਵਿਵਸਥਾ ਹਰਦੀਪ ਸਿੰਘ ਢਿੱਲੋਂ, ਸਕੱਤਰ ਆਮ ਪ੍ਰਸ਼ਾਸਨ-ਕਮ-ਚੇਅਰਮੈਨ ਪ੍ਰੋਟੋਕੋਲ ਕਮੇਟੀ ਕੇਏਪੀ ਸਿਨ੍ਹਾਂ, ਸਕੱਤਰ ਊਰਜਾ ਏ.ਵੇਣੂਪ੍ਰਸਾਦ, ਸਕੱਤਰ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਹੁਸਨ ਲਾਲ, ਸਕੱਤਰ ਪੀਡਬਲਿਊਡੀ ਜਸਪਾਲ ਸਿੰਘ, ਸਕੱਤਰ ਸੂਚਨਾ ਤੇ ਲੋਕ ਸੰਪਰਕ ਰਾਹੁਲ ਤਿਵਾੜੀ, ਸਕੱਤਰ ਡਾਕਟਰੀ ਸਿੱਖਿਆ ਵਿਕਾਸ ਪ੍ਰਤਾਪ ਸਿੰਘ ਅਤੇ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਡਾ. ਸੇਨੂੰ ਦੁੱਗਲ ਸ਼ਾਮਲ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਰੁਣ ਰੂਜ਼ਮ ਵੀਡੀਓ ਕਾਨਫਰੰਸਿਗ ਰਾਹੀਂ ਮੀਟਿੰਗ ਵਿਚ ਸ਼ਾਮਲ ਸਨ।