ਚੰਡੀਗੜ੍ਹ, 3 ਨਵੰਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੋਮਣੀ ਅਕਾਲੀ ਦਲ ਉਪਰ ਹਰ ਵਾਰ ਸਿਰਫ ਚੋਣਾਂ ਵੇਲੇ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਮੁੱਦਾ ਚੁੱਕਣ ਲਈ ਵਰ੍ਹਦਿਆਂ ਵੀਰਵਾਰ ਨੂੰ ਅਕਾਲੀਆਂ ਤੇ ਆਮ ਆਦਮੀ ਪਾਰਟੀ ਨੂੰ ਸਸਤਾ ਸਿਆਸੀ ਫਾਇਦਾ ਲੈਣ ਵਾਸਤੇ ਉਨ੍ਹਾਂ ਨੂੰ ਦੰਗਿਆਂ ਨਾਲ ਜੋੜਨਾ ਬੰਦ ਕਰਨ ਲਈ ਕਿਹਾ ਹੈ।
ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਸਵਾਲਾਂ ਦੇ ਜਵਾਬ 'ਚ ਐਲਾਨ ਕੀਤਾ ਕਿ ਉਨ੍ਹਾਂ ਨੂੰ ਕਿਸੇ ਨੂੰ ਤੇ ਅਕਾਲੀਆਂ ਨੂੰ ਤਾਂ ਬਿਲਕੁਲ ਵੀ ਸਫਾਈ ਦੇਣ ਦੀ ਲੋੜ ਨਹੀਂ ਹੈ। ਜਿਨ੍ਹਾਂ ਨੇ ਸੂਬੇ 'ਚ ਚੋਣਾਂ ਦਾ ਵਕਤ ਆਉਣ ਤੋਂ ਪਹਿਲਾਂ ਸੱਤਾ 'ਚ ਰਹਿੰਦਿਆਂ ਕਦੇ ਵੀ ਇਹ ਮੁੱਦਾ ਨਹੀਂ ਚੁੱਕਿਆ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਨੇ ਸਿਆਸੀ ਫਾਇਦਾ ਲੈਣ ਦੇ ਉਦੇਸ਼ ਨਾਲ ਇਹ ਮੁੱਦਾ ਚੁੱਕਣ ਲਈ ਚੋਣਾਂ ਦਾ ਵਕਤ ਚੁਣਿਆ ਹੈ। ਜਿਨ੍ਹਾਂ ਨੇ ਉਨ੍ਹਾਂ ਉਪਰ ਕੇਸ 'ਚ ਦੋਸ਼ੀਆਂ ਨੂੰ ਬਚਾਉਣ ਸਬੰਧੀ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠ ਕਰਾਰ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਆਪ੍ਰੇਸ਼ਨ ਬਲਯੂਸਟਾਰ ਖਿਲਾਫ ਰੋਸ ਪ੍ਰਗਟਾਉਂਦਿਆਂ 1984 'ਚ ਉਨ੍ਹਾਂ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਚਾਰ ਦਿਨਾਂ ਤੱਕ ਵਿਅਕਤੀਗਤ ਤੌਰ 'ਤੇ ਕਈ ਗੁਰਦੁਆਰਿਆਂ ਤੇ ਹੋਰਨਾਂ ਸਥਾਨਾਂ 'ਤੇ ਪੀੜਤਾਂ ਨੂੰ ਮਿੱਲਣ ਗਏ ਸਨ।
ਇਸ ਦੌਰਾਨ ਜਗਦੀਸ਼ ਟਾਈਟਲਰ ਦੀ ਸਿੱਖ ਵਿਰੋਧੀ ਦੰਗਿਆਂ 'ਚ ਕਥਿਤ ਭੂਮਿਕਾ ਬਾਰੇ ਇਕ ਸਵਾਲ ਦੇ ਜਵਾਬ 'ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮਾਮਲਾ ਨਿਆਂ ਅਧੀਨ ਹੈ ਅਤੇ ਇਹ ਅਦਾਲਤ ਨੇ ਤੈਅ ਕਰਨਾ ਹੈ ਕਿ ਉਹ ਦੋਸ਼ੀ ਹਨ ਜਾਂ ਫਿਰ ਨਹੀਂ ਹਨ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਉਹ ਦੰਗਿਆਂ ਤੋਂ ਤੁਰੰਤ ਬਾਅਦ ਪੀੜਤਾਂ ਨਾਲ ਮਿਲੇ ਸਨ, ਤਾਂ ਕਿਸੇ ਨੇ ਵੀ ਟਾਇਟਲਰ ਦਾ ਨਾਂਮ ਨਹੀਂ ਲਿਆ ਸੀ ਅਤੇ ਉਨ੍ਹਾਂ ਦਾ ਨਾਂਮ ਸਿਰਫ ਛੇ ਮਹੀਨਿਆਂ ਬਾਅਦ ਦਿੱਲੀ ਦੀਆਂ ਚੋਣਾਂ ਵੇਲੇ ਸਾਹਮਣੇ ਲਿਆਉਂਦਾ ਗਿਆ ਸੀ।
ਕੈਪਟਨ ਅਮਰਿੰਦਰ ਨੇ ਅਕਾਲੀ ਦਲ ਨੂੰ ਦੱਸਣ ਲਈ ਕਿਹਾ ਹੈ ਕਿ ਕਿਉਂ ਕੇਂਦਰ ਦੀ ਐਨ.ਡੀ.ਏ ਸਰਕਾਰ, ਜਿਸ 'ਚ ਉਹ ਵੀ ਇਕ ਹਿੱਸੇਦਾਰ ਹੈ, ਸੱਤਾ 'ਚ ਰਹਿਣ ਦੇ ਬਾਵਜੂਦ ਮਾਮਲੇ 'ਚ ਕੁਝ ਵੀ ਕਰਨ 'ਚ ਨਾਕਾਮ ਰਹੀ ਹੈ।
ਜਦਕਿ ਐਸ.ਵਾਈ.ਐਲ ਦੇ ਮੁੱਦੇ 'ਤੇ ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਜੇ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਦੇ ਹਿੱਤਾਂ ਵਿਰੁੱਧ ਜਾਂਦਾ ਹੈ, ਤਾਂ ਉਹ ਆਪਣੀ ਲੋਕ ਸਭਾ ਮੈਂਬਰਸ਼ਿਪ ਤੇ ਸਾਰੇ ਪਾਰਟੀ ਵਿਧਾਇਕ ਸੂਬੇ ਦੀ ਵਿਧਾਨ ਸਭਾ ਤੋਂ ਅਸਤੀਫਾ ਦੇ ਦੇਣਗੇ।
ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਦਾਲਤ ਅੰਦਰ ਸੂਬੇ ਦੇ ਹਿੱਤਾਂ ਦਾ ਬਚਾਅ ਕਰਨ 'ਚ ਨਾਕਾਬਿਲ ਰਹਿੰਦਿਆਂ ਸੂਬੇ ਨੂੰ ਬੈਕਫੁੱਟ 'ਤੇ ਧਕੇਲਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਬਾਦਲ ਦੀ ਅਗਵਾਈ ਵਾਲੀ ਸ੍ਰੋਮਣੀ ਅਕਾਲੀ ਦਲ ਨੇ ਪੂਰੇ ਮਾਮਲੇ 'ਚ ਦੁਹਰਾ ਮਾਪਦੰਡ ਅਪਣਾਇਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਬਾਦਲ ਪਹਿਲਾਂ ਸੂਬੇ ਦੇ ਹਿੱਤ ਹਰਿਆਣਾ ਕੋਲ ਵੇਚਣ ਤੋਂ ਬਾਅਦ ਕੇਸ ਸੁਪਰੀਮ ਕੋਰਟ ਅੰਦਰ ਫੈਸਲੇ ਨੇੜੇ ਪਹੁੰਚਣ 'ਤੇ ਹੁਣ ਘੜਿਆਲੀ ਅੱਥਰੂ ਵਗਾ ਰਹੇ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਪੰਜਾਬ ਦੇ ਹਿੱਤਾਂ ਖਿਲਾਫ ਬਾਦਲ ਦੀ ਸਾਜਿਸ਼ ਦੇ ਪੂਰੇ ਦਸਤਾਵੇਜ਼ੀ ਸਬੂਤ ਹਨ।
ਪੰਜਾਬੀ ਸੂਬਾ ਅੰਦੋਲਨ ਦੇ ਵਿਰੋਧ ਬਾਰੇ ਇਕ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੇ ਦਿਨ ਤੋਂ ਇਸਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਦੁਹਰਾਇਆ ਕਿ ਅਕਾਲੀਆਂ ਦਾ ਇਕੋਮਾਤਰ ਉਦੇਸ਼ ਪੰਜਾਬ ਨੂੰ ਸਿੱਖ ਬਹੁਮਤ ਵਾਲਾ ਸੂਬਾ ਬਣਾਉਣਾ ਸੀ ਅਤੇ ਇਸ ਪ੍ਰੀਕ੍ਰਿਆ ਦੌਰਾਨ ਸੂਬੇ ਨੇ ਕਈ ਅਹਿਮ ਸੰਸਾਧਨ ਜਿਵੇਂ ਜ਼ਮੀਨ, ਪਾਣੀ ਤੇ ਹਾਈਡੋ ਇਲੈਕਟ੍ਰਿਕ ਪਾਵਰ ਖੋਹ ਦਿੱਤੇ।