← ਪਿਛੇ ਪਰਤੋ
ਚੰਡੀਗੜ੍ਹ, 3 ਨਵੰਬਰ, 2016 : ਉਪ-ਮੁੱਖ ਮੰਤਰੀ ਸੁਖਬੀਰ ਬਾਦਲ ਦੁਆਰਾ ਪੁਲਿਸ ਦਾ ਸਿਆਸੀਕਰਨ ਕੀਤੇ ਜਾਣ ਦੇ ਵਿਰੁੱਧ ਅੱਜ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਕਾਲੀ ਦਲ ਦੁਆਰਾ ਮਲੇਰਕੋਟਲਾ ਬੇਅਦਬੀ ਕਾਂਡ ਵਿਚ ਮੁੱਖ ਗਵਾਹ ਵਿਜੈ ਕੁਮਾਰ ਉਤੇ ਦਬਾਅ ਪਾ ਕੇ ਆਪ ਵਿਧਾਇਕ ਨਰੇਸ਼ ਯਾਦਵ ਖਿਲਾਫ ਗਵਾਹੀ ਦਿਵਾਉਣ ਦੀ ਗੱਲ ਬਾਹਰ ਆਉਣ ਤੋਂ ਬਾਅਦ ਇਕ ਵਾਰ ਫਿਰ ਅਕਾਲੀ ਦਲ ਦੀ ਝੂਠ ਦੀ ਰਾਜਨੀਤੀ ਦਾ ਪਰਦਾਫਾਸ਼ ਹੋਇਆ ਹੈ। ਆਪ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਅਕਾਲੀ ਆਗੂ ਇਸ ਹੱਦ ਤੱਕ ਗਿਰ ਚੁੱਕੇ ਹਨ ਕਿ ਹੁਣ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਕਾਲੀ ਦਲ ਦੇ ਆਗੂਆਂ ਨੇ ਖੁਦ ਹੀ ਕੁਰਾਨ-ਸ਼ਰੀਫ ਦੀ ਬੇਅਦਬੀ ਕਰਕੇ ਇਸ ਦਾ ਠੀਕਰਾ ਆਮ ਆਦਮੀ ਪਾਰਟੀ ਦੇ ਸਿਰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਉਤੇ ਹਮਲਾ ਕਰਦਿਆਂ ਵੜੈਚ ਨੇ ਕਿਹਾ ਕਿ ਸੂਬੇ ਦੇ ਗ੍ਰਹਿ ਮੰਤਰੀ ਹੋਣ ਦੇ ਕਾਰਨ ਸੁਖਬੀਰ ਨੂੰ ਇਸ ਗੱਲ ਦਾ ਸਪਸ਼ਟੀਕਰਨ ਦਿੰਦਿਆਂ ਉਨਾਂ ਪੁਲਿਸ ਮੁਲਾਜਮਾਂ ਦੇ ਨਾਮ ਨਸ਼ਰ ਕਰਨੇ ਚਾਹੀਦੇ ਹਨ ਜਿੰਨਾਂ ਨੇ ਵਿਧਾਇਕ ਨਰੇਸ ਯਾਦਵ ਖਿਲਾਫ ਝੂਠੀ ਗਵਾਹੀ ਦੇਣ ਲਈ ਗਵਾਹ ਨੂੰ ਡਰਾਇਆ ਧਮਕਾਇਆ ਸੀ। ਇਸ ਤੋਂ ਪਹਿਲਾਂ ਵੀ ਸੁਖਬੀਰ ਬਾਦਲ ਨੇ ਬਰਗਾੜੀ ਕਾਂਡ ਵਿਚ 2 ਮਾਸੂਮ ਸਿੱਖ ਨੌਜਵਾਨਾਂ ਨੂੰ ਪਕੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਝੂਠਾ ਮੁਕਦਮਾ ਦਰਜ ਕੀਤਾ ਸੀ ਪਰੰਤੂ ਬਾਅਦ ਵਿਚ ਇਨਾਂ ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਖਿਲਾਫ ਕੋਈ ਸਬੂਤ ਨਾ ਮਿਲਣ ਦੀ ਸੂਰਤ ਵਿਚ ਪੁਲਿਸ ਨੂੰ ਉਨਾਂ ਖਿਲਾਫ ਕੇਸ ਰੱਦ ਕਰਨਾ ਪਿਆ ਸੀ। ਇਥੇ ਇਹ ਦੱਸਣਾ ਲਾਜਿਮੀ ਹੈ ਕਿ ਕੁਰਾਨ-ਸ਼ਰੀਫ ਦੀ ਬੇਅਦਬੀ ਦੇ ਮਾਮਲੇ ਵਿਚ ਮੁੱਖ ਗਵਾਹ ਵਿਜੈ ਕੁਮਾਰ ਨੇ ਅੱਜ ਅਦਾਲਤ ਵਿਚ ਇਹ ਕਬੂਲ ਕੀਤਾ ਕਿ ਪੰਜਾਬ ਪੁਲਿਸ ਦੁਆਰਾ ਉਸਨੂੰ ਦਿੱਲੀ ਦੇ ਵਿਧਾਇਕ ਨਰੇਸ਼ ਯਾਦਵ ਖਿਲਾਫ ਗਵਾਹੀ ਦੇਣ ਲਈ ਮਜਬੂਰ ਕੀਤਾ ਸੀ। ਵਿਜੈ ਜੋ ਕਿ ਇਸ ਸਮੇਂ ਬੇਲ ‘ਤੇ ਜੇਲ ਵਿਚੋਂ ਬਾਹਰ ਹੈ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਉਸਨੂੰ ਬੇਅਦਬੀ ਕਾਂਡ ਵਿਚ ਨਰੇਸ਼ ਯਾਦਵ ਨੂੰ ਉਪ ਦੋਸ਼ੀ ਹੋਣ ਸੰਬੰਧੀ ਝੂਠੇ ਬਿਆਨ ਦੇਣ ਲਈ ਮਜਬੂਰ ਕੀਤਾ ਗਿਆ ਸੀ।
Total Responses : 265