ਚੰਡੀਗੜ੍ਹ, 16 ਅਕਤੂਬਰ, 2016 : ਪੰਜਾਬ ਕਾਂਗਰਸ ਨੇ ਰੰਗ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮਾਨਸਿਕਤਾ ਨੂੰ ਉਨ੍ਹਾਂ ਦੀ ਇਕ ਹੋਰ ਬੇਤੁਕੀ ਗੱਲ ਕਰਾਰ ਦਿੰਦਿਆਂ ਲੁਧਿਆਣਾ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨੂੰ ਪੰਜਾਬ ਸੁਬੇ ਦੀ 50ਵੀਂ ਵਰ੍ਹੇਗੰਢ ਮੌਕੇ ਕਾਲੇ ਕੱਪੜੇ ਨਾ ਪਹਿਨਣ ਦੇ ਨਿਰਦੇਸ਼ਾਂ ਦੀ ਨਿੰਦਾ ਕੀਤੀ ਹੈ।
ਇਸ ਲੜੀ ਹੇਠ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਅਜਿਹੇ ਆਦੇਸ਼ ਬਾਦਲ ਸਰਕਾਰ ਦੇ ਨਿਰਦੇਸ਼ਾਂ ਤੋਂ ਬਗੈਰ ਜ਼ਾਰੀ ਨਹੀਂ ਕੀਤੇ ਜਾ ਸਕਦੇ। ਜਿਨ੍ਹਾਂ ਨੇ ਅਧਿਆਪਕਾਂ ਲਈ ਇਸ ਤਰ੍ਹਾਂ ਦੇ ਨਿਰਦੇਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਬੇਮਤਲਬ ਤੇ ਹਾਸੋਹੀਣ ਕਰਾਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਦਲ ਸਰਕਾਰ ਰੰਗਾਂ ਨੂੰ ਲੈ ਕੇ ਪਾਗਲਪਣ ਦੀ ਸ਼ਿਕਾਰ ਹੁੰਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਚਿੱਟਾ ਰਾਵਣ ਸੀ ਤੇ ਹੁਣ ਕਾਲੇ ਕੱਪੜੇ ਇਨ੍ਹਾਂ ਦੇ ਏਤਰਾਜ਼ ਦਾ ਵਿਸ਼ਾ ਬਣੇ ਹੋਏ ਹਨ। ਉਹ ਹੈਰਾਨ ਹਨ ਕਿ ਇਨ੍ਹਾਂ ਰੰਗਾਂ 'ਚ ਅਜਿਹਾ ਕੀ ਹੈ, ਜਿਨ੍ਹਾਂ ਨੂੰ ਟਾਲਣ ਦੀ ਬਾਦਲ ਇੰਨੀ ਜ਼ਿਆਦਾ ਕੋਸ਼ਿਸ਼ ਕਰ ਰਹੇ ਹਨ।
ਪੰਜਾਬ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਲੁਧਿਆਣਾ ਦੇ ਗੁਰੂ ਨਾਨਕ ਸਟੇਡਿਅਮ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦਾ ਅਯੋਜਨ ਕੀਤਾ ਜਾਣਾ ਹੈ, ਜਿਹੜਾ ਸ਼ਹਿਰ ਦੁਸਹਿਰੇ ਮੌਕੇ ਚਿੱਟੇ ਰਾਵਣ ਦੇ ਮੁੱਦੇ 'ਤੇ ਅਕਾਲੀਆਂ ਵੱਲੋਂ ਕਾਂਗਰਸੀ ਵਰਕਰਾਂ ਉਪਰ ਕੀਤੇ ਗਏ ਹਮਲੇ ਦਾ ਗਵਾਹ ਬਣਿਆ ਸੀ। ਇਸ ਲੜੀ ਹੇਠ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫਸਰ (ਸਕੈਂਡਰੀ) ਨੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਦੀ ਸਮਾਰੋਹ ਸਬੰਧੀ ਡਿਊਟੀਆਂ ਲਗਾਈਆਂ ਹਨ। ਅਧਿਆਪਕਾਂ ਨੂੰ ਇਸ ਦੌਰਾਨ ਕਾਲੇ ਰੰਗ ਦੇ ਕੱਪੜੇ ਨਾ ਪਹਿਨਣ ਦੇ ਨਿਰਦੇਸ਼ ਦਿੱਤੇ ਗਏ ਹਨ।
ਪੰਜਾਬ ਕਾਂਗਰਸ ਦੇ ਆਗੂਆਂ ਅਰੂਨਾ ਚੌਧਰੀ, ਗੁਰਕੰਵਲ ਕੌਰ ਤੇ ਕਰਨ ਬਰਾੜ (ਸਾਰੇ ਵਿਧਾਇਕ) ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਚੁਟਕੀ ਲੈਂਦਿਆਂ ਸਵਾਲ ਕੀਤਾ ਹੈ ਕਿ ਕੀ ਬਾਦਲ ਵੱਲੋਂ ਕੁਝ ਰੰਗਾਂ ਦਾ ਅਚਾਨਕ ਵਿਰੋਧ ਕਰਨ ਪਿੱਛੇ ਕੋਈ ਜੋਤਿਸ਼ੀ ਕਾਰਨ ਹੈ?
ਜਿਨ੍ਹਾਂ ਬਾਦਲ ਨੇ ਦੁਸਹਿਰੇ ਮੌਕੇ ਚਿੱਟੇ ਰਾਵਣਾਂ ਨੂੰ ਜਲਾਏ ਜਾਣ 'ਤੇ ਰੌਲਾ ਪਾਉਣ ਤੋਂ ਬਾਅਦ ਹੁਣ ਪੰਜਾਬ ਦਿਵਸ ਦੇ ਅਯੋਜਨਾਂ ਮੌਕੇ ਅਧਿਆਪਕਾਂ ਦੀ ਵਰਦੀ ਨੂੰ ਲੈ ਕੇ ਅਜੀਬੋ ਗਰੀਬ ਨਿਰਦੇਸ਼ ਜ਼ਾਰੀ ਕਰਕੇ ਗੈਰ ਜ਼ਰੂਰੀ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਪਾਰਟੀ ਆਗੂਆਂ ਨੇ ਅਕਾਲੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੀ ਅਵਾਜ਼ ਦਬਾਉਣ ਵਾਸਤੇ ਅਜਿਹੇ ਦਬਾਅਪੂਰਨ ਕਦਮ ਚੁੱਕੇ ਜਾਣ ਖਿਲਾਫ ਸਖ਼ਤ ਚੇਤਾਵਨੀ ਦਿੱਤੀ ਹੈ।