ਚੰਡੀਗੜ੍ਹ, 21 ਅਕਤੂਬਰ, 2016 : ਪੰਜਾਬ ਕਾਂਗਰਸ ਨੇ ਸੂਬੇ 'ਚ ਨਸ਼ਾਖੋਰੀ 'ਤੇ ਅਕਾਲੀ-ਸਪਾਂਸਡਰ ਸਰਵੇ ਨੂੰ ਸਟੇਟ-ਸਪਾਂਸਡਰ ਝੂਠ ਦਾ ਹਿੱਸਾ ਕਰਾਰ ਦਿੰਦਿਆਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਸਰਕਾਰੀ ਅੰਕੜਿਆਂ 'ਚ ਗੜਬੜੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।
ਇਥੇ ਜ਼ਾਰੀ ਬਿਆਨ 'ਚ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਹੈ ਕਿ ਸੁਖਬੀਰ ਦੇ ਦਾਅਵੇ ਕਿ ਪੰਜਾਬ 'ਚ ਸਿਰਫ 1 ਪ੍ਰਤੀਸ਼ਤ ਨਸ਼ਾ ਪੀੜਤ ਹਨ, ਝੂਠਾਂ ਦੇ ਪੁਲਿੰਦੇ ਤੋਂ ਇਲਾਵਾ ਹੋਰ ਕੁਝ ਨਹੀਂ ਹਨ। ਜਿਨ੍ਹਾਂ ਦਾ ਇਹ ਝੂਠ ਸੁਤੰਤਰ ਤੌਰ 'ਤੇ ਕੀਤੇ ਗਏ ਸਰਵਿਆਂ ਦੇ ਅੰਕੜਿਆਂ ਤੋਂ ਪੂਰੀ ਤਰ੍ਹਾਂ ਨਾਲ ਉਲਟ ਹੈ। ਪ੍ਰਦੇਸ਼ ਕਾਂਗਰਸ ਨੇ ਕਿਹਾ ਕਿ ਸੁਖਬੀਰ ਵੱਲੋਂ ਜ਼ਾਰੀ ਕੀਤੇ ਗਏ ਸਰਕਾਰ-ਸਪਾਂਸਰਡ ਅੰਕੜੇ ਸਪੱਸ਼ਟ ਤੌਰ 'ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਦੀ ਕੋਸ਼ਿਸ਼ ਹੈ। ਬਾਵਜੂਦ ਇਸਦੇ ਕਿ ਸੜਕ 'ਤੇ ਚੱਲਣ ਵਾਲਾ ਆਮ ਆਦਮੀ ਵੀ ਹਾਲਾਤਾਂ ਦੀ ਗੰਭੀਰਤ ਤੋਂ ਚੰਗੀ ਤਰ੍ਹਾਂ ਜਾਣੂ ਹੈ।
ਇਥੇ ਜ਼ਾਰੀ ਬਿਆਨ 'ਚ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਪੰਜਾਬ 'ਚ ਵੱਡੇ ਪੱਧਰ 'ਤੇ ਨਸ਼ਾਖੋਰੀ ਦੇ ਬੁਰੇ ਪ੍ਰਭਾਵਾਂ ਤੋਂ ਕੋਈ ਵੀ ਪਰਿਵਾਰ ਬੱਚ ਨਹੀਂ ਸਕਿਆ ਹੈ। ਅਜਿਹੇ 'ਚ ਲੋਕ ਸੁਖਬੀਰ ਵੱਲੋਂ ਪੇਸ਼ ਕੀਤੇ ਜਾ ਰਹੇ ਅੰਕੜਿਆਂ ਦੇ ਜਾਅਲ 'ਚ ਫੱਸ ਕੇ ਬੇਵਕੂਫ ਨਹੀਂ ਬਣਨ ਵਾਲੇ।
ਇਸ ਲੜੀ ਹੇਠ ਇਸ ਮੁੱਦੇ 'ਤੇ ਪਰਦਾ ਪਾਉਣ ਲਈ ਸੂਬਾ ਸਰਕਾਰ ਵੱਲੋਂ ਆਪਣੇ ਦਾਅਵੇ ਕਿ ਪੰਜਾਬ 'ਚ ਨਸ਼ੇ ਦੀ ਕੋਈ ਸਮੱਸਿਆ ਨਹੀਂ ਹੈ, ਨੂੰ ਪੁਖਤਾ ਕਰਨ ਵਾਸਤੇ ਇਸਤੇਮਾਲ ਕੀਤੇ ਗਏ ਕੰਟਰੋਲ ਹੇਠ ਸੈਂਪਲ ਇਨ੍ਹਾਂ ਦੀ ਕੋਈ ਮਦੱਦ ਨਹੀਂ ਕਰ ਸਕਦੇ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਸੁੰਦਰ ਸ਼ਾਮ ਅਰੋੜਾ, ਰਮਨਜੀਤ ਸਿੰਘ ਸਿੱਕੀ ਤੇ ਗੁਰਚੇਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਹਰ ਰੋਜ਼ ਇਸ ਸੱਚਾਈ ਦਾ ਸਾਹਮਣਾ ਕਰ ਰਹੇ ਹਨ, ਜੋ ਸੁਖਬੀਰ ਦੇ ਪੂਰੀ ਤਰ੍ਹਾਂ ਝੂਠੇ ਦਾਅਵਿਆਂ ਨੂੰ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਕਰਨ ਵਾਲੇ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਸੈਂਪਲਾਂ, ਜਿਨ੍ਹਾਂ ਦੇ ਅਧਾਰ 'ਤੇ ਸੁਖਬੀਰ ਦਾਅਵਾ ਕਰ ਰਹੇ ਹਨ ਕਿ ਪੰਜਾਬ ਪੁਲਿਸ 'ਚ ਭਰਤੀ ਲਈ ਅਪਲਾਈ ਕਰਨ ਵਾਲੇ 3.75 ਲੱਖ ਨੌਜ਼ਵਾਨ ਸਪੱਸ਼ਟ ਤੌਰ 'ਤੇ ਠੀਕ ਠਾਕ ਤੇ ਸਿਹਤਮੰਦ ਨਜ਼ਰ ਆ ਰਹੇ ਸਨ। ਜਿਸ 'ਤੇ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਇਕ ਨਸ਼ਾ ਪੀੜਤ ਤੋਂ ਪੁਲਿਸ ਦੀ ਨੌਕਰੀ ਵਾਸਤੇ ਅਪਲਾਈ ਕਰਨ ਦੀ ਉਮੀਦ ਕਰਨਾ ਅਨੁਚਿਤ ਹੋਵੇਗਾ, ਜਿਸ 'ਚ ਪੂਰੀ ਤਰ੍ਹਾਂ ਨਾਲ ਸਰੀਰਿਕ ਤੇ ਮੈਡੀਕਲ ਜਾਂਚ ਦੀ ਲੋੜ ਹੁੰਦੀ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਖੁਲਾਸਾ ਕੀਤਾ ਹੈ ਕਿ ਬਾਦਲ ਸਰਕਾਰ ਨੇ 13 ਜੁਲਾਈ, 2015 ਨੂੰ ਆਪਣੇ ਮੁੱਖ ਸਕੱਤਰ ਰਾਹੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਦਾਖਲ ਕੀਤੇ ਹਲਫਨਾਮੇ 'ਚ ਖੁਦ ਮੰਨਿਆ ਸੀ ਕਿ ਜੂਨ 2014 ਤੋਂ ਜੂਨ 2015 ਵਿਚਾਲੇ 3 ਲੱਖ ਨਸ਼ਾ ਪੀੜਤਾਂ ਨੇ ਨਸ਼ਾ ਛੁਡਾਊ ਕੇਂਦਰਾਂ 'ਚ ਇਲਾਜ਼ ਵਾਸਤੇ ਸੰਪਰਕ ਕੀਤਾ ਸੀ, ਜਦਕਿ 13000 ਦਾ ਘਰ 'ਚ ਹੀ ਇਲਾਜ਼ ਕੀਤਾ ਗਿਆ ਸੀ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਕੀ ਇਹ ਅੰਕੜੇ ਇਹ ਦਰਸਾਉਂਦੇ ਹਨ ਕਿ ਪੰਜਾਬ 'ਚ ਨਸ਼ੇ ਦੀ ਕੋਈ ਸਮੱਸਿਆ ਨਹੀਂ ਹੈ ਜਾਂ ਕੀ ਇਹ ਸੂਬੇ 'ਚ ਹਾਲਾਤਾਂ ਦੀ ਗੰਭੀਰਤਾ ਨੂੰ ਨਹੀਂ ਦਰਸਾਉਂਦੇ?
ਇਸ ਦੌਰਾਨ ਸੁਖਬੀਰ ਵੱਲੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ 'ਤੇ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨ ਸਬੰਧੀ ਲਗਾਏ ਦੋਸਾਂ ਦਾ ਜਵਾਬ ਦਿੰਦਿਆਂ ਆਗੂਆਂ ਨੇ ਸਵਾਲ ਕੀਤਾ ਹੈ ਕਿ ਸੂਬੇ ਦੀ ਇਕ ਪੂਰੀ ਪੀੜ੍ਹੀ ਨੂੰ ਤਬਾਹ ਕਰਨ ਵਾਲੀ ਇਸ ਸਮੱਸਿਆ ਦੀ ਗੰਭੀਰਤਾ ਨੂੰ ਸਵੀਕਾਰ ਕਰਨਾ, ਕਿਸ ਤਰ੍ਹਾਂ ਨੌਜ਼ਵਾਨਾਂ ਨੂੰ ਬਦਨਾਮ ਕਰਦਾ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਸੁਤੰਤਰ ਏਜੰਸੀ – ਪੰਜਾਬ ਓ.ਪੀ.ਆਈ.ਓ.ਆਈ.ਡੀ ਡਿਪੈਂਡੇਂਸ ਵੱਲੋਂ ਕਰਵਾਏ ਸਰਵੇ ਦਾ ਜ਼ਿਕਰ ਕੀਤਾ ਹੈ, ਜਿਸ 'ਚ ਖੁਲਾਸਾ ਕੀਤਾ ਗਿਆ ਹੈ ਕਿ ਸੂਬੇ 'ਚ ਕਰੀਬ 2.3 ਲੱਖ ਲੋਕ ਓਪੇਅਡ 'ਤੇ ਨਿਰਭਰ ਹਨ। ਸਟੱਡੀ 'ਚ ਇਹ ਵੀ ਖੁਲਾਸਾ ਹੋਇਆ ਹੈ ਕਿ ਪੰਜਾਬ 'ਚ 76 ਪ੍ਰਤੀਸ਼ਤ ਓਪੇਅਡ ਪ੍ਰਭਾਵਿਤ 18-35 ਸਾਲ ਉਮਰ ਵਰਗ ਦੇ ਹਨ, ਜਿਹੜੇ ਸੂਬੇ 'ਚ ਨੌਜ਼ਵਾਨਾਂ ਅੰਦਰ ਨਸ਼ਾਖੋਰੀ ਦੀ ਗੰਭੀਰ ਸਥਿਤੀ ਨੂੰ ਪ੍ਰਗਟ ਕਰਦਾ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਅਫਸੋਸਜਨਕ ਹੈ ਕਿ ਇਹ ਅੰਕੜੇ ਡੀ.ਜੀ.ਪੀ ਸੁਰੇਸ਼ ਅਰੋੜਾ ਵੱਲੋਂ ਬਾਅਦ 'ਚ ਸੁਖਬੀਰ ਬਾਦਲ ਦੀ ਮੌਜ਼ੂਦਗੀ ਹੇਠ ਇਕ ਪ੍ਰੈਸ ਕਾਨਫਰੰਸ ਦੌਰਾਨ ਜ਼ਾਰੀ ਕੀਤੇ ਗਏ ਸਨ, ਜੋ ਖੁਦ ਸਮੱਸਿਆ ਦੀ ਗੰਭੀਰਤਾ ਨੂੰ ਪੇਸ਼ ਕਰਦੇ ਹਨ। ਅਰੋੜਾ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਿਕ 2014 'ਚ ਪੰਜਾਬ 'ਚ ਨਸ਼ਾ ਤਸਕਰਾਂ ਖਿਲਾਫ 14,483 ਕੇਸ ਦਰਜ ਕੀਤੇ ਗਏ ਸਨ, ਜੋ ਕੌਮੀ ਪੱਧਰ 'ਤੇ ਦਰਜ਼ ਕੀਤੇ ਗਏ ਕੇਸਾਂ ਦਾ 31 ਪ੍ਰਤੀਸ਼ਤ ਹਨ। ਡੀ.ਜੀ.ਪੀ ਦੇ ਅੰਕੜਿਆਂ ਮੁਤਾਬਿਕ 2014 'ਚ ਪੰਜਾਬ 'ਚ ਕੌਮੀ ਪੱਧਰ 'ਤੇ 46 ਪ੍ਰਤੀਸ਼ਤ ਹੈਰੋਇਨ ਬਰਾਮਦ ਕੀਤੀ ਗਈ ਸੀ, ਜਦਕਿ 31 ਪ੍ਰਤੀਸ਼ਤ ਅਫੀਮ ਜਬਤ ਕੀਤੀ ਗਈ ਸੀ। ਸੂਬੇ 'ਚ ਇੰਨੇ ਵੱਡੇ ਪੱਧਰ 'ਤੇ ਨਸ਼ਿਆਂ ਦੀ ਬਰਾਮਦਗੀ ਤੋਂ ਬਾਅਦ ਹਰ ਕੋਈ ਸਮਝ ਸਕਦਾ ਹੈ ਕਿ ਪੰਜਾਬ 'ਚ ਸੂਬਾ ਸਰਕਾਰ ਤੇ ਇਸਦੀ ਏਜੰਸੀਆਂ ਦੀਆਂ ਅੱਖਾਂ ਨੀਚੇ ਕਿੰਨੀ ਅਜ਼ਾਦੀ ਨਾਲ ਨਸ਼ਿਆਂ ਦਾ ਪਸਾਰ ਹੋ ਰਿਹਾ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਅੰਕੜੇ ਸੁਖਬੀਰ ਦੇ ਸੂਬੇ 'ਚ ਕੋਈ ਨਸ਼ਾਖੋਰੀ ਨਾ ਹੋਣ ਸਬੰਧੀ ਦਾਅਵਿਆਂ ਦੀ ਪੋਲ ਖੋਲ੍ਹਣ ਲਈ ਕਾਫੀ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲ ਵੱਲੋਂ ਇਸ ਸਮੱਸਿਆ 'ਤੇ ਪਰਦਾ ਪਾਉਣ ਲਈ ਕੀਤੀ ਜਾ ਰਹੀਆਂ ਨਾਕਾਮ ਕੋਸ਼ਿਸ਼ਾਂ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦੀਆਂ।