← ਪਿਛੇ ਪਰਤੋ
ਚੰਡੀਗੜ੍ਹ, 28 ਅਕਤੂਬਰ, 2016 : ਕਾਂਗਰਸ ਅਤੇ ਆਪ ਦੋਵੇਂ ਪਾਰਟੀਆਂ ਵਿਧਾਨ ਸਭਾ ਚੋਣਾਂ 'ਚ ਆਪਣੀ ਹੋਂਦ ਬਚਾਉਣ ਵਾਸਤੇ ਨਵਜੋਤ ਸਿੱਧੂ ਜਿਹੇ ਨਿੱਕੇ ਗੁਬਾਰੇ ਤੋਂ ਆਕਸੀਜਨ ਲੈਣ ਲਈ ਤਰਲੋਮੱਛੀ ਹੋ ਰਹੀਆਂ ਹਨ। ਇਹ ਸ਼ਬਦ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਸੀਨੀਅਰ ਅਕਾਲੀ ਆਗੂ ਸ਼ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਇੱਥੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਹੇ। ਸ਼ ਗਰੇਵਾਲ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸਿੱਧੂ ਦਾ 'ਆਵਾਜ਼-ਏ-ਪੰਜਾਬ' ਮੌਜੂਦਾ ਸਮੇਂ ਕਾਂਗਰਸ ਅਤੇ ਆਪ ਦੀ ਸਿਆਸੀ ਹੋਂਦ ਬਚਾਉਣ ਲਈ ਇਕ ਮਾਤਰ ਸਾਧਨ ਬਣ ਗਿਆ ਲੱਗਦਾ ਹੈ। ਉਹਨਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਇੱਕ 130 ਸਾਲ ਪੁਰਾਣੀ ਅਤੇ ਸਭ ਤੋਂ ਵੱਧ ਸਮਾਂ ਦੇਸ਼ ਉੱਤੇ ਰਾਜ ਕਰਨ ਵਾਲੀ ਕਾਂਗਰਸ ਦੇ ਇੰਨੇ ਮਾੜੇ ਦਿਨ ਆ ਗਏ ਹਨ ਕਿ ਉਸ ਨੂੰ ਸਿਆਸੀ ਹੋਂਦ ਬਚਾਉਣ ਵਾਸਤੇ ਸਿੱਧੂ ਵਰਗੇ ਨਿੱਕੇ ਗੁਬਾਰੇ ਤੋਂ ਆਕਸੀਜਨ ਲੈਣ ਦੀ ਲੋੜ ਪੈ ਰਹੀ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਪੂਰੇ ਦੇਸ਼ ਅੰਦਰ ਹਕੂਮਤ ਕਰਨ ਦੇ ਸੁਫਨੇ ਵੇਖਣ ਵਾਲੀ ਆਮ ਆਦਮੀ ਪਾਰਟੀ ਵੀ ਆਪਣੀ ਸੁੰਗੜ ਰਹੀ ਜ਼ਮੀਨ ਨੂੰ ਬਚਾਉਣ ਲਈ ਸਿੱਧੂ ਦੇ ਮੂੰਹ ਵੱਲ ਵੇਖ ਰਹੀ ਹੈ। ਸ਼ ਗਰੇਵਾਲ ਨੇ ਕਿਹਾ ਕਿ ਸਿੱਧੂ ਪਿਛਲੇ ਕਿੰਨੇ ਸਾਲਾਂ ਤੋਂ ਫੋਕੇ ਆਦਰਸ਼ਾਂ ਦੀ ਦੁਹਾਈ ਦਿੰਦਾ ਆ ਰਿਹਾ ਸੀ ਅਤੇ ਮੁੱਖ ਮੰਤਰੀ ਸ਼ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਉੱਤੇ ਲਗਾਤਾਰ ਆਪਣੇ ਵਿਧਾਨ ਸਭਾ ਹਲਕੇ ਅੰਮ੍ਰਿਤਸਰ ਨੂੰ ਨਜ਼ਰਅੰਦਾਜ਼ ਕਰਨ ਦੇ ਝੂਠੇ ਦੋਸ਼ ਲਾਉਂਦਾ ਆ ਰਿਹਾ ਸੀ। ਪਰ ਹੁਣ ਅਚਾਨਕ ਸਿੱਧੂ ਨੇ ਪੈਂਤੜਾ ਹੀ ਬਦਲ ਲਿਆ ਹੈ। ਕਾਂਗਰਸ ਅਤੇ ਆਪ ਨਾਲ ਚੋਣ ਗਠਜੋੜ ਕਰਨ ਬਾਰੇ ਸਿੱਧੂ ਦੁਆਰਾ ਕੀਤੀਆਂ ਜਾ ਰਹੀਆਂ ਬੈਠਕਾਂ ਵਿਚ ਉਸ ਦੀ ਮੁੱਖ ਮੰਗ ਇਹ ਹੁੰਦੀ ਹੈ ਕਿ ਪੰਜਾਬ 'ਚ ਚੋਣਾਂ ਜਿੱਤਣ ਮਗਰੋਂ ਉਸ ਨੂੰ ਜਾਂ ਉਸ ਦੀ ਪਤਨੀ ਨੂੰ ਉਪ ਮੁੱੱਖ ਮੰਤਰੀ ਬਣਾਇਆ ਜਾਵੇਗਾ ਜਾਂ ਨਹੀਂ? ਉਹਨਾਂ ਕਿਹਾ ਕਿ ਕੀ ਸਿੱਧੂ ਨੇ ਅਜੇ ਤੀਕ ਪੰਜਾਬ ਜਾਂ ਇੱਥੋਂ ਦੇ ਲੋਕਾਂ ਬਾਰੇ ਕਿਸੇ ਪ੍ਰੋਗਰਾਮ ਜਾਂ ਦ੍ਰਿਸ਼ਟੀ ਦੀ ਗੱਲ ਕੀਤੀ ਹੈ? ਕੀ ਸਿੱਧੂ ਨੇ ਇਸ ਬਾਰੇ ਚਰਚਾ ਕੀਤੀ ਹੈ ਕਿ ਨਵੀਂ ਸਰਕਾਰ ਕਿਸਾਨਾਂ ਜਾਂ ਵਪਾਰੀਆਂ ਵਾਸਤੇ ਕੀ ਕਰੇਗੀ? ਕੀ ਸਿੱਧੂ ਨੇ ਕਾਂਗਰਸ ਜਾਂ ਆਪ ਨਾਲ ਗਠਜੋੜ ਸੰਬੰਧੀ ਵਿਚਾਰ ਕਰਦੇ ਹੋਏ ਰਾਸ਼ਟਰੀ ਜਾਂ ਸੂਬਾਈ ਮਸਲਿਆਂ ਉੱਤੇ ਹੋਣ ਵਾਲੇ ਵਿਚਾਰਧਾਰਕ ਮਤਭੇਦਾਂ ਬਾਰੇ ਚਰਚਾ ਕੀਤੀ ਹੈ? ਸ਼ ਗਰੇਵਾਲ ਨੇ ਕਿਹਾ ਕਿ ਸਿੱਧੂ ਦੋਵਾਂ ਪਾਰਟੀਆਂ ਨਾਲ ਗੱਲਬਾਤ ਇੱਥੋਂ ਸ਼ੁਰੂ ਕਰਦਾ ਹੈ ਕਿ ਪਹਿਲਾਂ ਇਹ ਫੈਸਲਾ ਕਰੋ ਕਿ ਉਸ ਨੂੰ ਜਾਂ ਉਸ ਦੀ ਪਤਨੀ ਨੂੰ ਉਪ ਮੁੱਖ ਮੰਤਰੀ ਬਣਾਓਗੇ ਜਾਂ ਨਹੀਂ?ਬਾਕੀ ਸਾਰੀਆਂ ਗੱਲਾਂ ਬਾਰੇ ਬਾਅਦ ਵਿਚ ਫੈਸਲਾ ਲਿਆ ਜਾ ਸਕਦਾ ਹੈ। ਸਿੱਧੂ ਨਾਲ ਗਠਜੋੜ ਕਰਨ ਲਈ ਕਾਂਗਰਸ ਅਤੇ ਆਪ ਅੰਦਰ ਮੱਚੀ ਕਾਹਲ ਉੱਤੇ ਹੈਰਾਨੀ ਪ੍ਰਗਟ ਕਰਦਿਆਂ ਸ਼ ਗਰੇਵਾਲ ਨੇ ਕਿਹਾ ਕਿ ਕਾਂਗਰਸ ਵੱਲੋਂ ਸਿੱਧੂ ਨਾਲ ਸਮਝੌਤਾ ਕਰਨ ਲਈ ਪ੍ਰਿਯੰਕਾ ਗਾਂਧੀ ਨੇ ਇੱਕ ਪਾਸੇ ਗੁਲਾਮ ਨਬੀ ਆਜ਼ਾਦ ਨੂੰ ਅੱਗੇ ਕੀਤਾ ਹੈ ਤਾਂ ਦੂਜੇ ਪਾਸੇ ਆਪ ਨੇ ਦਰਗੇਸ਼ ਪਾਠਕ ਵਰਗੇ ਸੀਨੀਅਰ ਨੇਤਾ ਨੂੰ ਇਹ ਜਿੰæਮੇਵਾਰੀ ਲਾਈ ਹੈ। ਉਹਨਾਂ ਅੱਗੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਅਮਰਿੰਦਰ ਨੇ ਸ਼ੁਰੂ ਵਿਚ ਨਵਜੋਤ ਸਿੱਧੂ ਦਾ ਇਹ ਕਹਿੰਦੇ ਹੋਏ ਕਾਂਗਰਸ ਵਿਚ ਸਵਾਗਤ ਕੀਤਾ ਸੀ ਕਿ ਸਿੱਧੂ ਦੇ ਪਿਤਾ ਵੀ ਕਾਂਗਰਸ ਵਿਚ ਸਨ। ਪਰ ਬਾਅਦ ਵਿਚ ਸਿੱਧੂ ਦੀ ਆਵਾਜ਼-ਏ-ਪੰਜਾਬ ਨੂੰ 'ਟਾਂਗਾ ਪਾਰਟੀ' ਕਹਿ ਕੇ ਅਤੇ ਸਿੱਧੂ ਨੂੰ 'ਜੋਕਰ' ਕਹਿੰਦੇ ਹੋਏ ਕਾਂਗਰਸ ਵਿਚ ਉਸ ਦੇ ਦਾਖਲੇ ਦਾ ਵਿਰੋਧ ਕੀਤਾ ਸੀ। ਹੁਣ ਦੁਬਾਰਾ ਫਿਰ ਕੂਹਣੀ ਮੋੜ ਕੱਟਦਿਆਂ ਉਹਨਾਂ ਨੇ ਸਿੱਧੂ ਦਾ ਪਾਰਟੀ ਅੰਦਰ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਸਿੱਧੂ ਦਾ ਸਿਆਸੀ ਕਿਰਦਾਰ ਇਹ ਹੈ ਕਿ ਉਹ ਕਿਸੇ ਨੂੰ ਇੱਕ ਹੱਥ ਨਾਲ ਕਲਾਵੇ ਵਿਚ ਲੈਂਦਾ ਹੈ ਅਤੇ ਦੂਜੇ ਹੱਥ ਨਾਲ ਉਸੇ ਵਿਅਕਤੀ ਉੱਤੇ ਹਮਲਾ ਕਰ ਦਿੰਦਾ ਹੈ। ਅਜਿਹੇ ਬੇਇਤਬਾਰੇ ਵਿਅਕਤੀ ਨਾਲ ਸਿਆਸੀ ਗਠਜੋੜ ਕਰਨ ਬਾਰੇ ਉਹੀ ਪਾਰਟੀਆਂ ਸੋਚ ਸਕਦੀਆਂ ਹਨ, ਜਿਹਨਾਂ ਹੇਠੋਂ ਸਿਆਸੀ ਜ਼ਮੀਨ ਤੇਜ਼ੀ ਨਾਲ ਖੁਰ ਰਹੀ ਹੋਵੇ।
Total Responses : 265