ਚੰਡੀਗੜ੍ਹ, 19 ਅਕਤੂਬਰ, 2016 : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਵਿਖੇ ਗੁਰਦੁਆਰਾ ਸਾਹਿਬ ਵਿੱਚ ਨਿਹੰਗ ਸਿੰਘਾਂ ਦੇ 2 ਧੜਿਆਂ ਵਿਚਕਾਰ ਹੋਈ ਗੋਲੀਬਾਰੀ 'ਚ 3 ਨਿਹੰਗ ਸਿੰਘਾਂ ਦੀ ਮੌਤ ਹੋ ਜਾਣ ਉਤੇ ਆਮ ਆਦਮੀ ਪਾਰਟੀ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਹੈ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਇਸ ਵੇਲੇ ਬਿਲਕੁਲ ਚਰਮਰਾਈ ਹੋਈ ਹੈ ਅਤੇ ਹਾਲਾਤ ਇਹੋ-ਜਿਹੇ ਬਣ ਚੁੱਕੇ ਹਨ ਕਿ ਸੱਤਾ ‘ਤੇ ਕਾਬਜ ਅਕਾਲੀ-ਭਾਜਪਾ ਸਰਕਾਰ ਦੀ ਛਤਰ-ਛਾਇਆ ਹੇਠ ਸੂਬੇ ਦਾ ਕੋਈ ਨਾਗਰਿਕ ਸੁਰੱਖਿਅਤ ਨਹੀਂ ਹੈ।
ਵੜੈਚ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਇਸ ਵੇਲੇ ਸਰਕਾਰ ਦਾ ਨਹੀਂ, ਮਾਫੀਆ ਦਾ ਰਾਜ ਹੈ। ਉਨਾਂ ਕਿਹਾ ਕਿ ਸ਼ਰਾਬ ਮਾਫੀਆ ਵੱਲੋਂ ਨਿੱਤ-ਦਿਨ ਕਤਲੋ-ਗਾਰਤ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਇਨਾਂ ਵਾਰਦਾਤਾਂ ਪਿੱਛੇ ਅਕਾਲੀ ਆਗੂਆਂ ਜਾਂ ਉਨਾਂ ਦੇ ਰਿਸ਼ਤੇਦਾਰਾਂ ਦਾ ਹੱਥ ਨਿਕਲਦਾ ਹੈ, ਪਰ ਬਾਦਲ ਸਰਕਾਰ ਆਪਣੇ ਚਹੇਤਿਆਂ ਨੂੰ ਬਚਾਉਣ ਲਈ ਮਾਮਲੇ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕਰਦੀ ਹੈ।
ਇਸਦੇ ਨਾਲ ਹੀ ਵੜੈਚ ਨੇ ਪੁਲਿਸ ਪ੍ਰਸਾਸ਼ਨ ਉਤੇ ਵੀ ਸਵਾਲੀਆ ਨਿਸ਼ਾਨ ਚੁੱਕੇ। ਉਨਾਂ ਕਿਹਾ ਕਿ ਪੁਲਿਸ ਇਸ ਵੇਲੇ ਬਾਦਲਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ, ਜਿਸ ਕਾਰਨ ਮਾਫੀਆ ਪੀੜਤਾਂ ਨੂੰ ਇਨਸਾਫ ਮਿਲਣਾ ਤਾਂ ਦੂਰ ਦੀ ਗੱਲ, ਉਨਾਂ ਦੀ ਰਿਪੋਰਟ ਤੱਕ ਨਹੀਂ ਲਿਖੀ ਜਾਂਦੀ। ਸੁਖਬੀਰ ਸਿੰਘ ਬਾਦਲ ਦੀ ਮਾਲਕੀ ਵਾਲੀ ਔਰਬਿਟ ਕੰਪਨੀ ਦੀਆਂ ਬੱਸਾਂ ਵੱਲੋਂ ਸ਼ਰੇਆਮ ਰਾਹਗੀਰਾਂ ਨੂੰ ਕੁਚਲ ਦਿੱਤਾ ਜਾਂਦਾ ਹੈ। ਅਸਲੀਅਤ ਜਾਣਦੇ ਹੋਏ ਵੀ ਪੁਲਿਸ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਸਿਰਫ ਖਾਨਾਪੂਰਤੀ ਹੀ ਕਰਦੀ ਹੈ। ਵੜੈਚ ਨੇ ਕਿਹਾ ਕਿ ਪੁਲਿਸ ਦੀ ਇਸੇ ਮਾੜੀ ਕਾਰਗੁਜਾਰੀ ਕਾਰਨ 20 ਅਗਸਤ ਨੂੰ ਨਕੋਦਰ ਨੇੜੇ ਔਰਬਿਟ ਕੰਪਨੀ ਦੀ ਬੱਸ ਵੱਲੋਂ ਕੁਚਲੇ ਗਏ ਚਾਰ ਵਿਅਕਤੀਆਂ ਦੇ ਪਰਿਵਾਰ ਵਾਲੇ ਇਨਸਾਫ ਤੋਂ ਵਾਂਝੇ ਤਾਂ ਰਹਿ ਹੀ ਗਏ, ਨਾਲ ਹੀ ਬਣਦਾ ਮੁਆਵਜਾ ਹਾਸਿਲ ਕਰਨ ਤੋਂ ਵੀ ਹੱਥ ਧੋ ਬੈਠੇ ਹਨ।
ਓਧਰ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹਾਂਬੱਧਰ ਵਿਖੇ ਕਰਜੇ ਥੱਲੇ ਦਬੇ ਕਿਸਾਨ ਦੀ ਪਤਨੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਨੂੰ ਗੁਰਪ੍ਰੀਤ ਸਿੰਘ ਵੜੈਚ ਨੇ ਮੰਦਭਾਗਾ ਦੱਸਿਆ ਹੈ। ਉਨਾਂ ਕਿਹਾ ਹੈ ਕਿ ਅਕਾਲੀ ਸਰਕਾਰ ਦੀ ਨਲਾਇਕੀ ਦੇ ਕਾਰਣ ਕਿਸਾਨਾਂ ਦੇ ਨਾਲ-ਨਾਲ ਉਨਾਂ ਦੇ ਪਰਿਵਾਰ ਵਾਲੇ ਵੀ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਹੋ ਰਹੇ ਹਨ।
ਵੜੈਚ ਨੇ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਜਿੱਥੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿੱਤੀ ਨੂੰ ਬਹਾਲ ਕੀਤਾ ਜਾਵੇਗਾ, ਉਥੇ ਹੀ ਪੂਰੇ ਪੰਜਾਬ ਵਿੱਚ ਕੈਂਸਰ ਵਾਂਗ ਫੈਲ ਚੁੱਕੇ ਰੇਤਾ, ਸ਼ਰਾਬ, ਕੇਬਲ ਅਤੇ ਟ੍ਰਾਂਸਪੋਰਟ ਮਾਫੀਆ ਨੂੰ ਉਨਾਂ ਦੀ ਸਰਕਾਰ ਬਣਦੇ ਹੀ ਖਤਮ ਕਰ ਦਿੱਤਾ ਜਾਵੇਗਾ।