ਚੰਡੀਗ਼ੜ/ਸੰਗਰੂਰ, 26 ਅਕਤੂਬਰ, 2016 : ਆਮ ਆਦਮੀ ਪਾਰਟੀ (ਆਪ) ਨੇ ਕਿਹਾ ਹੈ ਕਿ ਪੰਜਾਬ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਦੀ ਸਖ਼ਤ ਮਿਹਨਤ ਨਾਲ ਕਮਾਏ ਧਨ ਅਤੇ ਅਕਾਲੀਆਂ ਵੱਲੋਂ ਨਸ਼ੇ ਵੇਚ ਕੇ ਮਾੜੇ ਕੰਮਾਂ ਤੋਂ ਬਣਾਏ ਧਨ ਵਿਚਾਲੇ ਮੁਕਾਬਲਾ ਹੋਵੇਗਾ; ਇਸ ਲਈ ਆਮ ਲੋਕ ਭਾਵੇਂ ਥੋੜੀ ਜਿੰਨੀ ਰਕਮ ਵੀ ਦਾਨ ਆਮ ਆਦਮੀ ਪਾਰਟੀ ਨੂੰ ਕਰਨ। ਅੱਜ ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ,‘‘ਭਿ੍ਰਸ਼ਟਾਚਾਰ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੀਆਂ ਦਾਨ ਦੀਆਂ ਰਕਮਾਂ ਤੋਂ ਹੀ ਸ਼ੁਰੂ ਹੁੰਦਾ ਹੈ। ਜੇ ਤੁਸੀਂ ਵੱਡੇ ਕਾਰਪੋਰੇਟ ਹਾਊਸਜ਼ ਤੋਂ ਸਿਆਸੀ ਦਾਨ ਪ੍ਰਵਾਨ ਕਰਦੇ ਹਨ, ਤਾਂ ਬਦਲੇ ਵਿੱਚ ਤੁਹਾਨੂੰ ਵੀ ਆਪਣੀਆਂ ਨੀਤੀਆਂ ਕੁਝ ਅਜਿਹੇ ਢੰਗ ਨਾਲ ਸੋਧਣੀਆਂ ਪੈਂਦੀਆਂ ਹਨ ਕਿ ਅਜਿਹੇ ਲੋਕਾਂ ਨੂੰ ਲਾਭ ਪੁੱਜੇ।’’
ਕੇਜਰੀਵਾਲ ਨੇ ਕਿਹਾ ਕਿ ‘‘ਇਸੇ ਲਈ ਆਮ ਲੋਕ ਥੋੜੀ ਤੋਂ ਥੋੜੀ ਰਕਮ ਦਾ ਦਾਨ ਵੀ ਆਮ ਆਦਮੀ ਪਾਰਟੀ ਨੂੰ ਕਰਨ ਕਿਉਕਿ ਤੁਹਾਡੇ ਵੱਲੋਂ ਦਾਨ ਕੀਤਾ ਧਨ ਅਕਾਲੀਆਂ ਦੇ ਭਿ੍ਰਸ਼ਟ ਸ਼ਾਸਨ ਨੂੰ ਹਰਾਉਣ ਲਈ ਲਾਹੇਵੰਦ ਹੋਵੇਗਾ ਕਿਉਕਿ ਅਕਾਲੀ ਹੁਣ ਨਸ਼ਿਆਂ ਤੋਂ ਮਾੜੇ ਢੰਗ ਨਾਲ ਕਮਾਇਆ ਧਨ ਖ਼ਰਚਣ ਦੀਆਂ ਤਿਆਰੀਆਂ ਕਰ ਰਹੇ ਹਨ। ਇਹ ਧਨ ਕੇਵਲ ਉਨਾਂ ਦੀ ਆਪਣੀ ਪਾਰਟੀ ਲਈ ਹੀ ਨਹੀਂ, ਸਗੋਂ ਉਸ ਦੀ ਦੋਸਤ ਪਾਰਟੀ ਕਾਂਗਰਸ ਨੂੰ ਵੀ ਦਿੱਤਾ ਜਾਣਾ ਹੈ।’’ ਉਨਾਂ ਕਿਹਾ ਕਿ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਭਲਾਈ ਲਈ ਬਿਜਲੀ ਦਰਾਂ ਘਟਾ ਸਕੀ ਸੀ ਕਿਉਕਿ ਉਸ ਨੇ ਟਾਟਿਆਂ, ਅਦਾਨੀਆਂ ਤੇ ਅੰਬਾਨੀਆਂ ਤੋਂ ਕੋਈ ਸਿਆਸੀ ਦਾਨ ਪ੍ਰਵਾਨ ਨਹੀਂ ਕੀਤਾ ਸੀ।
ਉਨਾਂ ਸੁਆਲ ਕੀਤਾ,‘‘ਸਿਆਸੀ ਪਾਰਟੀਆਂ ਤੋਂ ਤੁਸੀਂ ਸਮਾਜ ਭਲਾਈ ਦੀਆਂ ਯੋਜਨਾਵਾਂ ਦੀ ਆਸ ਕਿਵੇਂ ਰੱਖ ਸਕਦੇ ਹੋ, ਜਿਹੜੀਆਂ ਚੋਣਾਂ ਕੇਵਲ ਇਨਾਂ ਕਾਰਪੋਰੇਟ ਹਾਊਸਜ਼ ਵੱਲੋਂ ਦਿੱਤੇ ਦਾਨ ਦੀਆਂ ਰਕਮਾਂ ਨਾਲ ਲੜਦੀਆਂ ਹਨ।’’
ਕੇਜਰੀਵਾਲ ਨੇ ਦੱਸਿਆ,‘‘ਜਦੋਂ ਅਸੀਂ ਦਿੱਲੀ ਵਿੱਚ ਲੋਕਾਂ ਨੂੰ ਮੁਫ਼ਤ ਪਾਣੀ ਦੇਣ ਦਾ ਵਾਅਦਾ ਕੀਤਾ ਤੇ ਬਿਜਲੀ ਦੇ ਬਿਲ ਅੱਧੇ ਕਰਨ ਦੀ ਗੱਲ ਕੀਤੀ, ਤਾਂ ਸਾਡੇ ਉੱਤੇ ਕਿਸੇ ਨੇ ਭਰੋਸਾ ਨਹੀਂ ਕੀਤਾ ਸੀ ਪਰ ਅਸੀਂ ਆਪਣਾ ਵਾਅਦਾ ਪੂਰਾ ਕਰ ਕੇ ਵਿਖਾਇਆ ਕਿਉਕਿ ਅਸੀਂ ਬਿਜਲੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਤੋਂ ਸਿਆਸੀ ਦਾਨ ਪ੍ਰਵਾਨ ਹੀ ਨਹੀਂ ਕੀਤੇ ਸਨ, ਜਦ ਕਿ ਬਾਕੀ ਦੀਆਂ ਪਾਰਟੀਆਂ ਇਹ ਸਭ ਲੈਂਦੀਆਂ ਰਹੀਆਂ ਹਨ।’’
ਕੇਜਰੀਵਾਲ ਨੇ ਕਿਹਾ,‘‘ਪੰਜਾਬ ਦੀਆਂ ਇਹ ਚੋਣਾਂ ਕੇਵਲ ਵਿਧਾਨ ਸਭਾ ਚੁਣਨ ਲਈ ਨਹੀਂ ਹਨ, ਸਗੋਂ ਇਹ ਮੁਕਾਬਲਾ ਤਾਂ ਪੰਜਾਬ ਦੀ ਆਉਣ ਵਾਲੀ ਪੀੜੀ ਦੇ ਲਾਭ ਲਈ ਇੱਕ ਨਵਾਂ ਪੰਜਾਬ ਬਣਾਉਣ ਵਾਸਤੇ ਧਰਮ ਅਤੇ ਅਧਰਮ ਵਿਚਾਲੇ ਅਤੇ ਸੱਚ ਤੇ ਝੂਠ ਵਿਚਾਲੇ ਹੈ।’’ ਦਿੱਲੀ ਦੇ ਮੁੱਖ ਮੰਤਰੀ ਪਹਿਲਾਂ ਤੋਂ ਐਲਾਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਮਿਲੇ ਅਤੇ ਉਨਾਂ ਨੂੰ ਆਪੋ ਆਪਣੇ ਹਲਕੇ ਦੀ ਜਨਤਾ ਨੂੰ ਮਿਲਣ ਲਈ ਕਿਹਾ ਅਤੇ ਉਨਾਂ ਨੂੰ ਪਾਰਟੀ ਦੀ ਦੂਰ ਦਿ੍ਰਸ਼ਟੀ ਅਤੇ ਨੀਤੀਆਂ ਤੋਂ ਜਾਣੂ ਕਰਵਾਇਆ।
ਇਸ ਤੋਂ ਪਹਿਲਾਂ ਗੁਰਮਤਿ ਸੇਵਾ ਲਹਿਰ ਦੇ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲੇ ਅਤੇ ਪੰਜਾਬ ਦੀ ਮੌਜੂਦਾ ਸਿਆਸੀ ਹਾਲਤ ਉੱਤੇ ਵਿਚਾਰ ਵਟਾਂਦਰਾ ਕੀਤਾ। ਪੰਥਪ੍ਰੀਤ ਨੇ ਬਰਗਾੜੀ ਪਿੰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਸੀ, ਜਿੱਥੇ ਪੁਲਿਸ ਗੋਲੀਬਾਰੀ ਦੌਰਾਨ ਦੋ ਸਿੱਖ ਨੌਜਵਾਨ ਮਾਰੇ ਗਏ ਸਨ। ਦਮਦਮਾ ਸਾਹਿਬ ਤਖ਼ਤ ਦੇ ਸਾਬਕਾ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੇ ਦਿੱਲੀ ਦੇ ਮੁੱਖ ਮੰਤਰੀ ਨਾਲ ਇੱਕ ਲੰਮੀ ਮੀਟਿੰਗ ਕੀਤੀ।