ਫਾਈਲ ਫੋਟੋ I
ਚੰਡੀਗੜ੍ਹ, 21 ਅਕਤੂਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦੋ ਦਿਨ ਪਹਿਲਾਂ ਰੋਡ ਸ਼ੋਅ ਦੌਰਾਨ ਮੁਕਤਸਰ 'ਚ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਸ਼ੁੱਕਰਵਾਰ ਨੂੰ ਕੇਂਦਰੀ ਖੁਰਾਕ ਤੇ ਸਰਵਜਨਿਕ ਵੰਡ ਪ੍ਰਣਾਲੀ ਮੰਤਰੀ ਰਾਮ ਵਿਲਾਸ ਪਾਸਵਾਨ ਸਾਮਹਣੇ ਸੂਬੇ 'ਚ ਅਨਾਜ ਦੀ ਖ੍ਰੀਦ ਨੂੰ ਲੈ ਕੇ ਕਿਸਾਨਾਂ ਨੂੰ ਹੋ ਰਹੀ ਪ੍ਰੇਸ਼ਾਨੀਆਂ ਨੂੰ ਰੱਖਿਆ।
ਕੈਪਟਨ ਅਮਰਿੰਦਰ ਨੇ ਮੰਡੀਆਂ 'ਚ ਅਕਾਲੀ ਸਰਕਾਰ ਤੇ ਇੰਸਪੈਕਟਰਾਂ ਵਿਚਾਲੇ ਮਿਲੀਭੁਗਤ ਹੋਣ ਦਾ ਦੋਸ਼ ਲਗਾਉਂਦਿਆਂ ਸ਼ਿਕਾਇਤ ਕੀਤੀ ਕਿ ਇਨ੍ਹਾਂ ਦੀ ਮਿਲੀਭੁਗਤ ਕਾਰਨ ਮੰਡੀਆਂ ਤੋਂ ਕਿਸਾਨਾਂ ਦਾ ਝੌਨਾ ਨਹੀ ਚੁੱਕਿਆ ਜਾ ਰਿਹਾ ਹੈ। ਇਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨ ਕਰਕੇ ਉਨ੍ਹਾਂ ਹਾਲਾਤਾਂ 'ਚ ਪਹੁੰਚਾਇਆ ਜਾ ਰਿਹਾ ਹੈ, ਜਿਥੇ ਉਨ੍ਹਾਂ ਨੂੰ ਆਪਣਾ ਝੌਨਾ ਸਸਤੇ ਰੇਟਾਂ 'ਤੇ ਵੇਚਣਾ ਪੈ ਰਿਹਾ ਹੈ ਅਤੇ ਅਕਾਲੀ ਵਿਚੋਲੀਏ ਇਸ ਅਪਰਾਧਿਕ ਮਿਲੀਭੁਗਤ ਤੋਂ ਆਪਣੀਆਂ ਜੇਬ੍ਹਾਂ ਭਰ ਰਹੇ ਹਨ।
ਇਸ ਲੜੀ ਹੇਠ ਫੋਨ 'ਤੇ ਗੱਲਬਾਤ ਦੌਰਾਨ ਖੁਰਾਕ ਮੰਤਰੀ ਨੇ ਕੈਪਟਨ ਅਮਰਿੰਦਰ ਨੂੰ ਭਰੋਸਾ ਦਿੱਤਾ ਕਿ ਉਹ ਮਾਮਲੇ ਨੂੰ ਪਹਿਲ ਨਾਲ ਲੈਂਦਿਆਂ ਉਚਿਤ ਕਾਰਵਾਈ ਕਰਨਗੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਪਾਸਵਾਨ ਨੂੰ ਦੱਸਿਆ ਕਿ ਉਹ ਵਿਅਕਤੀਗਤ ਤੌਰ 'ਤੇ ਕਈ ਮੰਡੀਆਂ 'ਚ ਜਾ ਚੁੱਕੇ ਹਨ, ਜਿਥੇ ਉਨ੍ਹਾਂ ਨੇ ਝੌਨੇ ਦੀ ਕੁਆਲਿਟੀ ਚੈੱਕ ਕੀਤੀ ਹੈ ਤੇ ਪਾਇਆ ਹੈ ਕਿ ਝੌਨੇ 'ਚ ਨਮੀ ਦੀ ਮਾਤਰਾ ਤੈਅ ਸੀਮਾ ਦੇ ਅੰਦਰ ਹੈ। ਲੇਕਿਨ ਫਿਰ ਵੀ ਇੰਸਪੈਕਟਰ ਉਸੇ ਝੌਨੇ ਨੂੰ ਨਮੀ ਦਾ ਬਹਾਨਾ ਬਣਾ ਕੇ ਖਾਰਿਜ਼ ਕਰ ਰਹੇ ਹਨ, ਜੋ ਸਪੱਸ਼ਟ ਤੌਰ 'ਤੇ ਅਕਾਲੀਆ ਨਾਲ ਉਨ੍ਹਾਂ ਦੀ ਮਿਲੀਭੁਗਤ ਨੂੰ ਦਰਸਾਉਂਦਾ ਹੈ।
ਕੈਪਟਨ ਅਮਰਿੰਦਰ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਆਪਣੀ ਕਿਸਾਨ ਯਾਤਰਾ ਦੇ ਤਿੰਨ ਰੋਜ਼ਾ ਰੋਡ ਸ਼ੋਅ ਦੌਰਾਨ ਬਾਘਾਪੁਰਾਣਾ, ਕੋਟਕਪੂਰਾ, ਫਰੀਦਕੋਟ, ਡੋਡਾ, ਮੁਕਤਸਰ, ਗੁਰੂ ਹਰ ਸਹਾਇ ਤੇ ਫਿਰੋਜ਼ਪੁਰ 'ਚ ਕਈ ਮੰਡੀਆਂ ਦਾ ਦੌਰਾ ਕੀਤਾ ਸੀ। ਸਾਰੀਆਂ ਮੰਡੀਆਂ 'ਚ ਕਿਸਾਨਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਸਾਹਮਣੇ ਆਪਣੀਆਂ ਬਹੁਤ ਸਾਰੀਆਂ ਸਮੱਸਿਆਵਾਂ ਰੱਖੀਆਂ ਸਨ।
ਉਨ੍ਹਾਂ 'ਚੋਂ ਕਈ ਕਿਸਾਨਾਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਨੂੰ ਮੰਡੀਆਂ 'ਚ ਬੈਠੇ ਇਕ ਹਫਤੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਉਨ੍ਹਾਂ ਦਾ ਝੌਨਾ ਚੁੱਕਿਆ ਨਹੀਂ ਗਿਆ। ਉਨਾਂ ਨੇ ਕੈਪਟਨ ਅਮਰਿੰਦਰ ਨੂੰ ਦੱਸਿਆ ਸੀ ਕਿ ਇੰਸਪੈਕਟਰ ਜਾਣਬੁਝ ਕੇ ਪੂਰੀ ਪ੍ਰੀਕ੍ਰਿਆ 'ਚ ਦੇਰੀ ਕਰ ਰਹੇ ਹਨ, ਜਿਨ੍ਹਾਂ ਨੇ ਕਿਸਾਨਾਂ ਨੂੰ ਪੂਰਾ ਸਮਰਥਨ ਦੇਣ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਸੀ।
ਜਦਕਿ ਕੈਪਟਨ ਅਮਰਿੰਦਰ ਪਹਿਲਾਂ ਹੀ ਸੂਬੇ ਦੇ ਕਿਸਾਨਾਂ ਨਾਲ ਸੱਤਾ 'ਚ ਆਉਣ 'ਤੇ ਉਨ੍ਹਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰ ਚੁੱਕੇ ਹਨ। ਕਰਜ਼ਾ-ਕੁਰਕੀ ਖਤਮ, ਫਸਲ ਦੀ ਪੂਰੀ ਰਕਮ, ਕਿਸਾਨ ਯਾਤਰਾ ਨੂੰ ਸ਼ੁਰੂ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਸਾਨਾਂ ਨੂੰ ਵਿਅਕੀਤਗਤ ਤੌਰ 'ਤੇ ਗਰੰਟੀ ਦਿੱਤੀ ਸੀ ਕਿ ਉਨ੍ਹਾਂ ਦੇ ਕਰਜੇ ਮੁਆਫ ਕਰ ਦਿੱਤੇ ਜਾਣਗੇ। ਸੂਬੇ ਭਰ 'ਚ ਕਾਂਗਰਸੀ ਆਗੂ ਤੇ ਵਰਕਰ ਲੋਨ ਮੁਆਫੀ ਮੁਹਿੰਮ 'ਚ ਲੱਗੇ ਹੋਏ ਹਨ ਅਤੇ ਸੂਬੇ 'ਚ ਅਗਾਮੀ ਵਿਧਾਨ ਸਭਾ ਚੋਣਾਂ 'ਤੇ ਅੱਖਾਂ ਰੱਖੀ ਬੈਠੀ ਆਮ ਆਦਮੀ ਪਾਰਟੀ ਸੂਬੇ 'ਚ ਹੁਣ ਇਸਦੀ ਕਾਪੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।