ਚੰਡੀਗੜ੍ਹ, 4 ਨਵੰਬਰ, 2016 : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਇਤਿਹਾਸ ਤੋਂ ਸਬਕ ਸਿੱਖਣ ਕੀ ਕਿ ਕੌਮ ਦੇ ਗੱਦਾਰੀ ਨੂੰ ਕੌਮ ਮਾਫ ਨਹੀ ਕਰਦੀ ਅਤੇ ਇਤਿਹਾਸ ਉਨ੍ਹਾਂ ਨੂੰ ਭੁਲਾ ਦਿੰਦਾ ਹੈ। ਸ. ਬਾਦਲ ਨੇ ਇਹ ਵੀ ਕਿਹਾ ਕਿ ਜਗਦੀਸ਼ ਟਾਈਟਲਰ ਨੂੰ ਦਿੱਤੀ ਗਈ ਚਿੱਟ ਕਲੀਨ( ਸਾਫ) ਨਹੀ ਹੈ ਬਲਕਿ ਇਹ ਤਾਂ ਹਜਾਰਾਂ ਬੇਗੁਨਾਹ ਸਿੱਖਾਂ ਦੇ ਖੂਨ ਵਿਚ ਲੱਥਪੱਥ ਹੈ।
ਅੱਜ ਇਥੇ ਜਾਰੀ ਇਕ ਬਿਆਨ ਵਿਚ ਸ. ਸੁਖਬੀਰ ਸਿੰਘ ਬਾਦਲ ਨੇ ਕੈਪਟਨ ਨੂੰ ਕਿਹਾ ਕਿ ਉਹ ਆਪਣੇ ਸਿਆਸੀ ਆਕਾਵਾਂ ਦੀ ਖੁਸ਼ਾਮਦ ਕਰਨ ਵਾਸਤੇ ਸਿੱਖ ਕੌਮ ਦੀ ਪਿੱਠ ਵਿਚ ਛੁਰਾ ਮਾਰਣਾ ਬੰਦ ਕਰਨ। ਅਜਿਹਾ ਤੁਸੀਂ ਇਸ ਲਈ ਕਰ ਰਹੇ ਹੋ ਤਾ ਕਿ ਤੁਹਾਨੂੰ ਕਾਂਗਰਸ ਪਾਰਟੀ ਵਲੋਂ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਜਾਏ। ਇਹ ਸ਼ਰਮਨਾਕ ਗੱਲ ਹੈ। ਜਿਨ੍ਹਾਂ ਲੋਕਾਂ ਨੇ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਬੇਰਹਮੀ ਨਾਲ ਦਿਨ-ਦਿਹਾੜੇ ਜਿੰਦਾ ਜਲਾਕੇ ਸ਼ਹੀਦ ਕਰ ਦਿੱਤਾ ਤੁਸੀਂ ਉਨ੍ਹਾਂ ਦੀ ਹੀ ਖੁਸ਼ਾਮਦ ਕਰਨ ਵਿਚ ਫਖ਼ਰ ਮਹਿਸੂਸ ਕਰਦੇ ਹੋਂ? ਕੀ ਚੀਫ ਮਿਨਸਟਰੀ ਦੀ ਹਵਸ ਨੇ ਤੁਹਾਡਾ ਦਿਮਾਗੀ ਤਿਵਾਜ਼ਨ ਇਸ ਹੱਦ ਤੱਕ ਖਰਾਬ ਕਰ ਦਿੱਤਾ ਹੈ ਕਿ ਤੁਹਾਨੂੰ ਆਪਣੀ ਹੀ ਕੌਮ ਦੇ ਕਾਤਲਾਂ ਨਾਲ ਮੋਹ ਵਧਾਉਣ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ?ਸ. ਸੁਖਬੀਰ ਸਿੰਘ ਬਾਦਲ ਨੇ ਇਸ ਗੱਲ 'ਤੇ ਬੇਹੱਦ ਅਚੰਭਾ ਪ੍ਰਗਟ ਕੀਤਾ ਕਿ ਅਮਰਿੰਦਰ ਸਿੰਘ ਨੂੰ ਅਜਿਹਾ ਲਗਦਾ ਹੈ ਕਿ ਕੌਮ ਭਾਵੇਂ ਜਗਦੀਸ਼ ਟਾਈਟਲਰ ਦੇ ਮਸਲੇ 'ਤੇ ਉਨ੍ਹਾਂ ਵਲੋਂ ਦਿੱਤੀ ਜਾ ਰਹੀ ਹਿਮਾਇਤ ਬਾਰੇ ਕੁੱਝ ਵੀ ਸੋਚੇ, ਜੇ ਰੱਬ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਨਾਣਾ ਹੋਇਆ ਤਾਂ ਉਹ ਬਣਾ ਹੀ ਦੇਗਾ। '' ਕੀ ਤੁਸੀ ਸੱਚਮੁੱਚ ਅਜਿਹਾ ਸੋਚਨ ਲੱਗੇ ਹੋ ਕਿ ਸਮੂਚੇ ਪੰਥ ਦੀਆਂ ਭਾਵਨਾਵਾਂ, ਪਵਿੱਤਰ ਹਰਿਮੰਦਰ ਸਾਹਿਬ ਜਾਂ ਗੁਰੂ ਘਰ ਦੇ ਇਨਸਾਫ ਦੇ ਉਲਟ ਜਾਕੇ ਰੱਬ ਤੁਹਾਨੂੰ ਚੀਫ ਮਨਿਸਟਰੀ ਵਰਗੇ ਰੁਤਬੇ ਬੱਖਸ਼ੇਗਾ?
ਕੈਪਟਨ ਅਮਰਿੰਦਰ ਸਿੰਘ ਵਲੋਂ ਜਗਦੀਸ਼ ਟਾਈਟਲਰ ਨੂੰ ਹਜ਼ਾਰਾ ਮਾਸੂਮ ਸਿੱਖਾਂ ਦੇ ਕਤਲੇਆਮ ਦੇ ਗੁਨਾਹਾਂ ਤੋਂ ਬਰੀ ਕਰਨ ਲਈ ਦਿੱਤੀ ਗਈ 'ਕਲੀਨ ਚਿੱਟ' ਉੱਤੇ ਟਿਪਣੀ ਕਰਦਿਆਂ ਸ. ਸੁਖਬੀਰ ਸਿੰਘ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਕਾਰਨ ਕੈਪਟਨ ਅਮਰਿੰਦਰ ਸਿੰਘ ਪਹਿਲਾ ਹੀਂ ਸੱਮੁਚੇ ਸਮਾਜ ਵਿਚ ਸਮਾਜ ਦਾ ਪਾਤਰ ਬਣਕੇ ਰਹਿ ਚੁੱਕਾ ਹੈ। ਤੁਸੀਂ ਜਣੇ-ਖਣੇ ਗੁਨਾਹਗਾਰ ਨੂੰ ਬਰੀ ਕਰਨ ਲਈ ਕਲੀਨ ਚਿੱਟਾਂ ਜਾਰੀ ਕਰਨ ਦਾ ਸ਼ਾਹੀ ਸ਼ੋਂਕ ਰੱਖਦੇ ਹੋ ਅਤੇ ਕਈ ਲੋਕ ਤੁਹਾਡੇ ਸ਼ੌਂਕ ਉੱਤੇ ਹੱਸਦੇ ਹਨ। ਪਰ ਤੁਸੀਂ ਆਪਣੇ ਅਜਿਹੇ ਸ਼ੋਕਾਂ ਨੂੰ ਉਸ ਦੁਖਦਾਈ ਸ਼ਿਖਰ ਤੱਕ ਨਾ ਲੈਕੇ ਜਾਓ ਜਿਸ ਵਿਚ ਤੁਹਾਨੂੰ ਹਜ਼ਾਰਾਂ ਮਾਸੂਮਾਂ ਦੇ ਕਾਤਲ ਗਿਰੋਹਾਂ ਅਤੇ ਵਿਅਕਤੀਆਂ ਨੂੰ ਬਰੀ ਕਰਨ ਵਿਚ ਵੀ ਕੁੱਝ ਗਲਤ ਨਾ ਲਗਦਾ ਹੋਏ। ਇਹ ਇਕ ਅਤਿਅੰਤ ਗੰਭੀਰ ਅਤੇ ਤਕਲੀਫ ਦੇਯ ਮਸਲਾ ਹੈ। ਘੱਟੋ-ਘੱਟ ਇਸ ਮਸਲੇ ਤੇ ਤੁਹਾਨੂੰ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀ ਕਰਨਾ ਚਾਹੀਦਾ।
ਸ. ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਹੱਦ ਸੰਜੀਦਾ ਮਸ਼ਵਰਾ ਦਿੱਤਾ ਕਿ ਉਹ ਸਿੱਖ ਕੌਮ ਦੇ ਮਹਾਂ ਬਦਨਾਮ ਅਤੇ ਇਤਿਹਾਸ ਦੇ ਕਟਹਿਰੇ ਵਿਚ ਖੜੇ ਗੱਦਾਰਾਂ ਦੀ ਕਤਾਰ ਵਿਚ ਲੱਗਣ ਲਈ ਐਨੀ ਉਤਸੁਕਤਾ ਨਾ ਦਿਖਾਉਣ। ਭਾਵੇਂ ਬਹੁਤ ਦੇਰ ਹੋ ਚੁੱਕੀ ਹੈ ਪਰ ਅਜਿਹੇ ਵੀ ਤੁਹਾਡੇ ਲਈ ਮੁਨਾਸਿਬ ਇਹੀ ਹੋਵੇਗਾ ਕਿ ਤੁਸੀ ਗੱਦਾਰੀ ਵਰਗੇ ਵਜਰ ਪਾਪ ਉੱਤੇ ਸੱਚੇ ਮਨੋਂ ਪਸ਼ਚਾਤਾਪ ਕਰੋ ਅਤੇ ਇਸ ਲਈ ਕੌਮ ਤੋਂ ਮਾਫੀ ਮੰਗ ਕੇ ਇਕ ਸਿੱਖ ਵਜੋਂ ਨਵੇਂ ਸਿਰਿਓ ਜੀਵਨ ਸ਼ੁਰੂ ਕਰੋ। ਤੁਹਾਨੂੰ ਅਜੇ ਵੀ ਇਹ ਸਮੱਝ ਲੈਣਾ ਚਾਹੀਦਾ ਹੈ ਕਿ ਕੌਮ ਨਾਲ ਗੱਦਾਰੀ ਲਈ ਤੁਹਾਨੂੰ ਉਹ ਰੱਬ ਵੀ ਮਾਫ ਨਹੀ ਕਰਨ ਲੱਗਾ ਜਿਸ ਤੋਂ ਤੁਸੀਂ ਮੁੱਖ ਮੰਤਰੀ ਦੇ ਅਹੁਦੇ 'ਤੇ ਆਸ ਲਗਾਈ ਬੈਠੇ ਹੋ। ਸ. ਸੁਖਬੀਰ ਸਿੰਘ ਨੇ ਕਿਹਾ ਕਿ ਇਹ ਗੱਲ ਤਾਂ ਜੱਗ ਜਾਣਦਾ ਹੈ ਕਿ ਤੁਹਾਨੂੰ ਖਾਲਸਾ ਪੰਥ ਅਤੇ ਪੰਜਾਬ ਦੇ ਲੋਕ ਕਤਈ ਮੁੱਖ ਮੰਤਰੀ ਨਹੀ ਬਣਨ ਦੇਣ ਲਗੇ ਅਤੇ ਇਸ ਲਈ ਹੁਣ ਤੁਸੀਂ ਇਹ ਆਸ ਲਗਾਈ ਬੈਠੇ ਹੋ ਕਿ ਮੈਨੂੰ ਰੱਬ ਹੀ ਮੁੱਖ ਮੰਤਰੀ ਬਣਾ ਦੇਵੇ। ਪਰ ਰੱਬ ਇੰਜ ਕਰਿਆ ਨਹੀਂ ਕਰਦਾ।
ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਹੈਰਾਨੀ ਹੈ ਕਿ ਦੋ ਲਗਾਤਾਰ ਲੱਕ ਤੋੜਦੀਆਂ ਹਾਰਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕੁੱਝ ਸਿਖਾਇਆ ਹੀ ਨਹੀ। ਘੱਟੋ -ਘੱਟ ਇਨ੍ਹਾਂ ਹਾਰਾਂ ਤੋਂ ਇਹ ਸਮੱਝ ਤਾਂ ਆ ਹੀ ਜਾਣੀ ਚਾਹੀਦੀ ਸੀ ਕਿ ਖਾਲਸਾ ਪੰਥ ਅਤੇ ਪੰਜਾਬੀਆਂ ਨਾਲ ਗੱਦਾਰੀ ਦੇ ਇਵਜ਼ ਵਿਚ ਤੁਹਾਡੇ ਗੱਲੇ ਵਿਚ ਕੌਮ ਹਾਰ ਨਹੀ ਪਾਉਣ ਲਗੀ ਬਲਕਿ ਤੁਹਾਨੂੰ ਫੇਰ ਹਾਰ ਦਾ ਹੀ ਮੁੰਹ ਦੇਖਣਾ ਪਵੇਗਾ।
ਸ. ਸੁਖਬੀਰ ਸਿੰਘ ਬਾਦਲ ਨੇ ਅੰਤ ਵਿਚ ਅਮਰਿੰਦਰ ਸਿੰਘ ਨੂੰ ਕਿਹਾ ਕਿ, '' ਇਸ ਧਰਤੀ ਉੱਤੇ ਤੁਸੀ ਇਕਲੇ ਅਜਿਹੇ ਇੰਨਸਾਨ ਹੋਵੋਗੇ ਜੋ ਇਹ ਸੋਚਦੇ ਹਨ ਕਿ ਗੁਰੂ ਘਰ ਦੀ ਬਜਾਏ 10 ਜਨਪਥ ਵਾਲਾ ਘਰ ਬੇਹਤਰ ਹੈ। ਜਦੋਂ ਮੈ ਇਸ ਸਬੰਧ ਵਿਚ ਤੁਹਾਡਾ ਬਿਆਨ ਪੜ੍ਹਿਆ ਤਾਂ ਮੈਨੂੰ ਆਪਣੀਆਂ ਅੱਖਾਂ 'ਤੇ ਵੀ ਵਿਸ਼ਵਾਸ਼ ਨਾ ਹੋਇਆ। ਇਹ ਕਿੱਝ ਹੋ ਸਕਦਾ ਹੈ ਤੁਹਾਡੀ ਉਮਰ ਅਤੇ ਤਜ਼ਰਬੇ ਵਾਲੇ ਵਿਅਕਤੀ ਨੂੰ ਅਹੁਦਿਆਂ ਦੀ ਲਾਲਸਾ ਐਨਾ ਅੰਨ੍ਹਾਂ ਕਰ ਦਿੰਦੀ ਹੋਏ ਕਿ ਉਸ ਨੂੰ ਆਪਣੇ ਸਿਆਸੀ ਆਕਾ ਅਕਾਲ ਪੁਰਖ ਅਤੇ ਸਿੱਖ ਕੌਮ ਤੋਂ ਵੀ ਵੱਡੇ ਲੱਗਦੇ ਹਨ।''