ਚੰਡੀਗੜ੍ਹ, 6 ਨਵੰਬਰ, 2016 : ਚੋਣ ਕਮਿਸ਼ਨ ਵੱਲੋਂ ਸੂਬੇ 'ਚ ਨਿਰਪੱਖ ਤੇ ਸੁਤੰਤਰ ਚੋਣਾਂ ਕਰਵਾਉਣ ਹਿੱਤ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕਰਨ ਦੇ ਨਾਲ ਪੰਜਾਬ ਕਾਂਗਰਸ ਨੇ ਐਤਵਾਰ ਨੂੰ ਇਕ ਵਾਰ ਫਿਰ ਤੋਂ ਵੱਧ ਰਹੇ ਅਪਰਾਧੀਕਰਨ ਅਤੇ ਬਾਦਲ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਸਰਕਾਰੀ ਮਸ਼ੀਨਰੀ ਦੀ ਕੀਤੀ ਜਾ ਰਹੀ ਦੁਰਵਰਤੋਂ 'ਤੇ ਲਗਾਮ ਕੱਸਣ ਲਈ ਕਮਿਸ਼ਨ ਨੂੰ ਬਗੈਰ ਕਿਸੇ ਦੇਰੀ ਚੋਣ ਜਾਬਤਾ ਲਾਗੂ ਕਰਨ ਦੀ ਅਪੀਲ ਕੀਤੀ ਹੈ।
ਚੋਣ ਕਮਿਸ਼ਨ ਨੂੰ ਭੇਜੀ ਇਕ ਸ਼ਿਕਾਇਤ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕੀਤੇ ਜਾਣ ਦੇ ਮੱਦੇਨਜ਼ਰ ਸੂਬੇ 'ਚ ਨਿਰਪੱਖ ਤੇ ਸੁਤੰਤਰ ਚੋਣਾਂ ਕਰਵਾਉਣ ਦੀ ਸੰਭਾਵਨਾ ਦੂਰ ਹੁੰਦੀ ਜਾ ਰਹੀ ਹੈ।
ਸ਼ਿਕਾਇਤ 'ਚ ਉਨ੍ਹਾਂ ਨੇ ਕਿਹਾ ਹੈ ਕਿ ਤੁਹਾਡੇ ਵੱਲੋਂ ਪੁਲਿਸ-ਅਪਰਾਧਿਕ ਸਬੰਧਾਂ ਦੀ ਜਾਂਚ ਕਰਨ ਅਤੇ ਵਿਸ਼ੇਸ਼ ਸਿਆਸੀ ਹਿੱਤਾਂ ਨੂੰ ਪੂਰਾ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੁਰੰਤ ਰੋਕੇ ਜਾਣ ਸਬੰਧੀ ਨਿਰਦੇਸ਼ਾਂ ਦੇ ਬਾਵਜੂਦ ਪੰਜਾਬ ਦੀ ਬਾਦਲ ਸਰਕਾਰ ਲਗਾਤਾਰ ਲੋਕ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਹੀ ਹੈ, ਜੋ ਸੂਬੇ 'ਚ ਨਿਰਪੱਖ ਤੇ ਸੁਤੰਤਰ ਚੋਣਾਂ ਕਰਵਾਉਣ ਦੀ ਹਰੇਕ ਸੰਭਾਵਨਾ ਨੂੰ ਖਤਮ ਕਰਦੀ ਜਾ ਰਹੀ ਹੈ।
ਇਸ ਲੜੀ ਹੇਠ ਕੈਪਟਨ ਅਮਰਿੰਦਰ ਨੇ ਸ੍ਰੋਮਣੀ ਅਕਾਲੀ ਦਲ ਨਾਲ ਸਿੱਧੇ ਤੌਰ 'ਤੇ ਮਿਲੀਭੁਗਤ ਕਰਕੇ ਲਗਾਤਾਰ ਅੱਤ ਵਰ੍ਹਾ ਰਹੇ ਗੁੰਡਿਆਂ, ਅਪਰਾਧੀਆਂ ਤੇ ਮਾਫੀਆ ਦਾ ਜ਼ਿਕਰ ਕੀਤਾ ਹੈ। ਆਏ ਦਿਨ ਸਾਹਮਣੇ ਆ ਰਹੀਆਂ ਨਵੀਆਂ ਘਟਨਾਵਾਂ ਸੂਬੇ 'ਚ ਅਪਰਾਧਿਕ ਕੇਸਾਂ ਤੇ ਕਾਨੂੰਨ ਅਤੇ ਵਿਵਸਥਾ ਦੀ ਮਾੜੀ ਹਾਲਤ 'ਚ ਅਕਾਲੀ ਲੀਡਰਸ਼ਿਪ ਦੀ ਸ਼ਮੂਲਿਅਤ ਦਾ ਖੁਲਾਸਾ ਕਰਦੀਆਂ ਹਨ।
ਇਸ ਸ਼ਿਕਾਇਤ 'ਚ ਕਈ ਮੌਕਿਆਂ ਦਾ ਜ਼ਿਕਰ ਕੀਤਾ ਗਿਆ ਹੈ, ਜੋ ਸਪੱਸ਼ਟ ਤੌਰ 'ਤੇ ਖੁਲਾਸਾ ਕਰਦੇ ਹਨ ਕਿ ਬਾਦਲ ਸਰਕਾਰ ਅਪਰਾਧ-ਸਿਆਸਤਦਾਨ ਦੀ ਮਿਲੀਭੁਗਤ ਨੂੰ ਸ਼ੈਅ ਦੇ ਰਹੀ ਹੈ ਅਤੇ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਚੋਣ ਕਮਿਸ਼ਨ ਵੱਲੋਂ ਸਖ਼ਤ ਕਦਮ ਚੁੱਕੇ ਜਾਣ ਦੀ ਲੋੜ ਹੈ। ਇਸ ਦੌਰਾਨ ਮਾਨਸਾ 'ਚ ਨਜ਼ਾਇਜ਼ ਸ਼ਰਾਬ ਨਾਲ ਇਕ ਭਾਜਪਾ ਆਗੂ ਦੀ ਗ੍ਰਿਫਤਾਰੀ ਸਮੇਤ ਨਜ਼ਾਇਜ਼ ਸ਼ਰਾਬ ਦੀ ਵਿਕ੍ਰੀ ਨੂੰ ਲੈ ਕੇ ਮੋਗਾ 'ਚ ਇਕ ਸਾਬਕਾ ਫੌਜ਼ੀ ਦੀ ਹੱਤਿਆ ਸਬੰਧੀ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਦਲਿਤਾਂ ਖਿਲਾਫ ਵੱਧ ਰਹੇ ਅੱਤਿਆਚਾਰਾਂ ਦਾ ਜ਼ਿਕਰ ਕਰਦਿਆਂ ਸੂਬੇ 'ਚ ਬਿਗੜ ਰਹੀ ਕਾਨੂੰਨ ਤੇ ਵਿਵਸਥਾ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ। ਇਸਦੇ ਤਹਿਤ ਅਕਾਲੀ ਸ਼ਾਸਨ ਦੌਰਾਨ ਦਲਿਤਾਂ ਦੀ ਮਾੜੀ ਹਾਲਤ ਦੱਸਣ ਲਈ ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਤਰਨਤਾਰਨ 'ਚ ਇਕ ਦਲਿਤ ਨੌਜ਼ਵਾਨ ਉਪਰ ਬੁਰੀ ਤਰ੍ਹਾਂ ਅੱਤਿਆਚਾਰ ਕੀਤਾ ਗਿਆ ਅਤੇ ਮੋਗਾ 'ਚ ਇਕ ਦਲਿਤ ਪਰਿਵਾਰ ਦੇ 5 ਮੈਂਬਰਾਂ ਨਾਲ ਇਕ ਹੈੱਡ ਕਾਂਸਟੇਬਲ ਵੱਲੋਂ ਮਾਰਕੁੱਟ ਕੀਤੀ ਗਈ।
ਸ਼ਿਕਾਇਤ ਦੌਰਾਨ ਬਾਦਲ ਸਰਕਾਰ ਵੱਲੋਂ ਆਪਣੇ ਵਿਸ਼ੇਸ਼ ਸਿਆਸੀ ਹਿੱਤਾਂ ਨੂੰ ਪੂਰਾ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਕੀਤੀ ਜਾ ਰਹੀ ਦੁਰਵਰਤੋਂ 'ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਸੂਬਾ ਸਰਕਾਰ ਦੀ ਸਿਹਤ ਜਾਗਰੂਕਤਾ ਮੁਹਿੰਮ ਹੇਠ 100 ਮੋਬਾਇਲ ਵੈਨਾਂ ਲਾਂਚ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਬਿਗੜ ਰਹੇ ਹਾਲਾਤਾਂ ਦੇ ਮੱਦੇਨਜ਼ਰ ਸੂਬੇ 'ਚ ਚੋਣਾਂ ਸੁਰੱਖਿਅਤ ਤਰੀਕੇ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਵੱਲੋਂ ਸਖ਼ਤ ਤੇ ਤੁਰੰਤ ਕਾਰਵਾਈ ਕੁਝ ਸੁਧਾਰ ਲਿਆ ਸਕਦੀ ਹੈ।
---