ਚੰਡੀਗੜ੍ਹ, 24 ਅਕਤੂਬਰ, 2016 : ਪੰਜਾਬ ਕਾਂਗਰਸ ਨੇ ਅਰਵਿੰਦ ਕੇਜਰੀਵਾਲ ਵੱਲੋਂ ਖੁਦ ਇਕ ਪੰਜਾਬੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਨੂੰ ਪੰਜਾਬੀਅਤ ਦੀ ਬੇਇਜੱਤੀ ਕਰਾਰ ਦਿੱਤਾ ਹੈ।
ਇਥੇ ਜ਼ਾਰੀ ਬਿਆਨ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਹੈ ਕਿ ਆਉਂਦੀਆਂ ਸੂਬਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਕ ਬਾਹਰੀ ਹੋਣ ਦੇ ਠੱਪੇ ਤੋਂ ਪਿੱਛਾ ਛੁਡਾਉਣ ਲਈ ਕੇਜਰੀਵਾਲ ਦੀ ਇਹ ਆਖਿਰੀ ਕੋਸ਼ਿਸ਼ ਹੁਣ ਹੋਰ ਨਿੰਦਣਯੋਗ ਰੂਪ ਲੈਂਦੀ ਜਾ ਰਹੀ ਹੈ।
ਪ੍ਰਦੇਸ਼ ਕਾਂਗਰਸੀ ਆਗੂਆਂ ਲਾਲ ਸਿੰਘ, ਸੁੱਖ ਸਰਕਾਰੀਆ ਤੇ ਜਗਮੋਹਨ ਸਿੰਘ ਕੰਗ ਨੇ ਆਪ ਆਗੂ ਦੇ ਇਕ ਸਹਿਯੋਗੀ ਜਗਮੀਤ ਬਰਾੜ ਵੱਲੋਂ ਦਿੱਤੇ ਬਿਆਨ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਕੇਜਰੀਵਾਲ ਨੂੰ ਹਾਲੇ ਤੱਕ ਵੀ ਪੰਜਾਬੀਅਤ ਬਾਰੇ ਕੁਝ ਵੀ ਪਤਾ ਨਹੀਂ ਹੈ। ਬਰਾੜ ਨੇ ਐਤਵਾਰ ਨੂੰ ਕਿਹਾ ਸੀ ਕਿ ਕੇਜਰੀਵਾਲ ਇਕ ਪੰਜਾਬੀ ਹਨ, ਜਿਨ੍ਹਾਂ ਦਾ ਜਨਮ ਹਰਿਆਣਾ ਦੇ ਪੰਜਾਬ ਤੋਂ ਵੱਖ ਹੋਣ ਤੋਂ ਪਹਿਲਾਂ ਹੋਇਆ ਸੀ। ਇਕ ਸਾਬਕਾ ਕਾਂਗਰਸੀ ਆਗੂ ਜਗਮੀਤ ਬਰਾੜ, ਜਿਨ੍ਹਾਂ ਨੇ ਹਾਲੇ 'ਚ ਲੋਕ ਹਿੱਤ ਅਭਿਆਨ ਸਥਾਪਤ ਕੀਤਾ ਸੀ ਅਤੇ ਉਹ ਆਮ ਆਦਮੀ ਪਾਰਟੀ ਦੇ ਗਠਜੋੜ ਸਾਂਝੇਦਾਰ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਪੰਜਾਬੀਅਤ ਸਮਾਵੇਸ਼, ਸੱਭਿਆਚਾਰ ਤੇ ਸਿਧਾਂਤਾਂ ਦਾ ਰੂਪ ਹੈ। ਇਸਦਾ ਸਬੰਧ ਧਰਤੀ ਦੇ ਇਕ ਵਿਸ਼ੇਸ਼ ਹਿੱਸੇ ਉਪਰ ਪੈਦਾ ਹੋਣ ਨਾਲ ਨਹੀਂ ਹੈ, ਬਲਕਿ ਵਿਅਕਤੀ ਦੇ ਦਿੱਲ 'ਤੇ ਇਸ ਮਿੱਟੀ ਦੀ ਆਤਮਾ ਵੱਸੀ ਹੋਣੀ ਚਾਹੀਦੀ ਹੈ।
ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਸਾਨੂੰ ਹਰ ਤੁਰਦੇ-ਫਿਰਦੇ ਵਿਅਕਤੀ ਨੂੰ ਪੰਜਾਬੀ ਕਹਿ ਕੇ ਪੰਜਾਬੀਅਤ ਨੂੰ ਖੋਖਲਾ ਨਹੀਂ ਕਰਨਾ ਚਾਹੀਦਾ ਹੈ। ਜਿਨ੍ਹਾਂ ਨੇ ਸਪੱਸ਼ਟ ਕੀਤਾ ਕਿ ਵੰਡ ਤੋਂ ਪਹਿਲਾਂ ਦਾ ਪੰਜਾਬ ਇਤਿਹਾਸ ਦਾ ਇਕ ਹਿੱਸਾ ਹੈ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਸੂਬੇ ਦਾ ਭਵਿੱਖ ਦਾਅ ਉਪਰ ਲੱਗਿਆ ਹੋਇਆ ਹੈ। ਵੰਡ ਤੋਂ ਪਹਿਲਾਂ ਵਾਲੇ ਪੰਜਾਬ 'ਚ ਲੱਖਾਂ ਲੋਕ ਪੈਦਾ ਹੋਏ ਹੋਣਗੇ, ਲੇਕਿਨ ਉਸ ਅਧਾਰ 'ਤੇ ਉਨ੍ਹਾਂ ਨੂੰ ਪੰਜਾਬੀ ਹੋਣ ਦਾ ਦਾਅਵਾ ਕਰਨ ਦਾ ਅਧਿਕਾਰ ਨਹੀਂ ਮਿੱਲ ਜਾਂਦਾ।
ਉਨ੍ਹਾਂ ਨੇ ਕਿਹਾ ਕਿ ਇਕ ਵਾਰ ਫਿਰ ਤੋਂ ਕੇਜਰੀਵਾਲ 'ਚ ਪੰਜਾਬ ਬਾਰੇ ਮੂਲ ਜਾਣਕਾਰੀ ਦੀ ਘਾਟ ਦਾ ਖੁਲਾਸਾ ਹੋ ਗਿਆ ਹੈ। ਕਿਵੇਂ ਅਜਿਹਾ ਵਿਅਕਤੀ ਇਕ ਪੰਜਾਬੀ ਹੋਣ ਦਾ ਦਾਅਵਾ ਕਰ ਸਕਦਾ ਹੈ?
ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਉਮੀਦ ਮੁਤਾਬਿਕ ਪੰਜਾਬ ਦੇ ਲੋਕਾਂ ਤੋਂ ਪ੍ਰਤੀਕ੍ਰਿਆ ਨਾ ਮਿੱਲਣ ਕਾਰਨ ਨਿਰਾਸ਼ ਨਜ਼ਰ ਆ ਰਹੇ ਹਨ, ਜਿਹੜੇ ਹੁਣ ਲੋਕਾਂ ਨਾਲ ਜੁੜਨ ਲਈ ਕੋਈ ਹੋਰ ਰਸਤਾ ਤਲਾਸ਼ ਰਹੇ ਹਨ।
ਸਿਰਫ ਕੁਝ ਹਫਤਿਆਂ ਪਹਿਲਾਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜੋ ਕੋਈ ਵੀ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ, ਉਸ ਦੀਆਂ ਸੂਬੇ ਦੇ ਸੱਭਿਆਚਾਰ ਤੇ ਸਮਾਵੇਸ਼ 'ਚ ਜੜ੍ਹਾਂ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਪੰਜਾਬੀਆਂ ਦਾ ਮਾਣ ਤੇ ਆਤਮ ਸਨਮਾਨ ਕਿਸੇ ਬਾਹਰੀ ਨੂੰ ਸ਼ਾਸਨ ਕਰਨ ਦੀ ਇਜ਼ਾਜਤ ਨਹੀਂ ਦੇ ਸਕਦਾ।
ਇਸ ਲੜੀ ਹੇਠ ਕੇਜਰੀਵਾਲ ਵੱਲੋਂ ਸੱਤਾ 'ਚ ਆਉਣ 'ਤੇ ਅਨੰਦਪੁਰ ਸਾਹਿਬ ਨੂੰ ਪਵਿੱਤਰ ਨਗਰੀ ਬਣਾਏ ਜਾਣ ਸਬੰਧੀ ਐਲਾਨ 'ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਸੀ ਕਿ ਇਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਸਵਾਲ ਹੈ, ਜਿਸਨੂੰ ਸਿਰਫ ਇਕ ਪੰਜਾਬੀ ਹੀ ਸਮਝ ਤੇ ਮਹਿਸੂਸ ਕਰ ਸਕਦਾ ਹੈ। ਜਿਨ੍ਹਾਂ ਨੇ ਕਿਹਾ ਸੀ ਕਿ ਸਪੱਸ਼ਟ ਤੌਰ 'ਤੇ ਕੇਜਰੀਵਾਲ ਨੂੰ ਦੋਨਾਂ ਅੰਮ੍ਰਿਤਸਰ ਤੇ ਅਨੰਦਪੁਰ ਸਾਹਿਬ ਬਾਰੇ ਮੁੱਢਲੀ ਜਾਣਕਾਰੀ ਨਹੀਂ ਹੈ, ਜਿਹੜੇ ਪਹਿਲਾਂ ਹੀ ਸਰਕਾਰੀ ਤੌਰ 'ਤੇ ਪਵਿੱਤਰ ਸ਼ਹਿਰ ਐਲਾਨੇ ਜਾ ਚੁੱਕੇ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਐਸ.ਵਾਈ.ਐਲ ਦੇ ਮੁੱਦੇ 'ਤੇ ਵੀ ਕੇਜਰੀਵਾਲ ਦੀ ਪੰਜਾਬ ਦੇ ਲੋਕਾਂ ਤੋਂ ਦੂਰੀ ਦਾ ਪਤਾ ਚੱਲਦਾ ਹੈ, ਜਿਹੜਾ ਮੁੱਦਾ ਸੂਬੇ ਦੇ ਲੋਕਾਂ ਦੇ ਦਿਲਾਂ ਨਾਲ ਜੁੜਿਆ ਹੈ। ਆਪ ਆਗੂ ਨੇ ਐਸ.ਵਾਈ.ਐਲ ਦੇ ਮੁੱਦੇ 'ਤੇ ਖੁੱਲ੍ਹੇ ਕੇ ਆਪਸੀ ਵਿਰੋਧੀ ਪੱਖ ਰੱਖਿਆ ਸੀ, ਜਿਨ੍ਹਾਂ ਨੇ ਪਹਿਲਾਂ ਮਈ 2016 'ਚ ਰੋਪੜ ਵਿਖੇ ਇਕ ਮੀਟਿੰਗ ਦੌਰਾਨ ਨਹਿਰ ਦੇ ਨਿਰਮਾਣ ਦਾ ਵਿਰੋਧ ਕੀਤਾ ਸੀ ਅਤੇ ਸਿਰਫ ਤਿੰਨ ਦਿਨਾਂ ਬਾਅਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਪਾਣੀ 'ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਹੈ ਅਤੇ ਭਾਵੇਂ ਪੰਜਾਬ ਹੋਵੇ, ਹਰਿਆਣਾ ਜਾਂ ਦਿੱਲੀ ਹਰੇਕ ਦਾ ਪਾਣੀ ਉਪਰ ਅਧਿਕਾਰ ਹੈ ਅਤੇ ਸੱਭ ਨੂੰ ਪਾਣੀ ਮਿੱਲਣਾ ਚਾਹੀਦਾ ਹੈ।