ਚੰਡੀਗੜ/ਲੁਧਿਆਣਾ, 23 ਅਕਤੂਬਰ, 2016 : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਉਦੀਆਂ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ-ਕਾਂਗਰਸ ਵੱਲੋਂ ਮਿਲ ਕੇ ਲੜਨ ਦੀ ਗੱਲ ਦੁਹਰਾਉਦਿਆਂ ਕਿਹਾ ਹੈ ਕਿ ਇਨਾਂ ਚੋਣਾਂ ਵਿੱਚ ਇਹ ਦੋਵੇਂ ਪਾਰਟੀਆਂ ਨਸ਼ੇ ਵੇਚ ਕੇ ਇਕੱਠੇ ਕੀਤੇ ਧਨ ਦੀ ਹੀ ਵਰਤੋਂ ਕਰਨਗੀਆਂ।
ਕੇਜਰੀਵਾਲ ਨੇ ਕਿਹਾ ਕਿ ਇਹ ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹੀ ਉਸ ਧਨ ਦੇ ਟਰੱਕ ਭਰ ਕੇ ਤਿਆਰ ਰੱਖੇ ਹੋਏ ਹਨ, ਜਿਹੜਾ ਉਸ ਨੇ ਨਸ਼ੇ ਸਪਲਾਈ ਕਰ ਕੇ ਕਮਾਇਆ ਹੈ; ਵੋਟਰਾਂ ਨੂੰ ਖ਼ੁਸ਼ ਕਰਨ ਲਈ ਉਸੇ ਧਨ ਨੂੰ ਖ਼ਰਚਿਆ ਜਾਵੇਗਾ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਕਾਂਗਰਸ ਨੂੰ ਵੀ ਫ਼ੰਡ ਜਾਰੀ ਕਰਨ ਦਾ ਫ਼ੈਸਲਾ ਕਰ ਲਿਆ ਹੈ ਕਿਉਕਿ ਪਿਛਲੇ 10 ਸਾਲਾਂ ਤੋਂ ਸੱਤਾ ਤੋਂ ਬਾਹਰ ਹੋਣ ਕਾਰਨ ਇਸ ਵੇਲੇ ਉਸ ਕੋਲ ਧਨ ਦੀ ਕੁਝ ਕਮੀ ਚੱਲ ਰਹੀ ਹੈ। ਉਨਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਕੇਵਲ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਅਜਿਹੀਆਂ ਚਾਲਾਂ ਚੱਲ ਰਹੀਆਂ ਹਨ।
ਜਿਸ ਤਰੀਕੇ ਨਾਲ ਅਮਰਿੰਦਰ ਨੇ ਨਸ਼ਿਆਂ ਦੇ ਬਹੁ-ਕਰੋੜੀ ਘੁਟਾਲ਼ੇ ’ਚ ਫਸੇ ਪੰਜਾਬ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੀ.ਬੀ.ਆਈ. ਦੀ ਜਾਂਚ ਤੋਂ ਬਚਾਇਆ ਸੀ, ਇੰਝ ਜਾਪਦਾ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਉਸ ਦਾ ਉਹ ਅਹਿਸਾਨ ਲਾਹੁਣ ਲਈ ਚੋਣਾਂ ਦੌਰਾਨ ਉਹੀ ਨਸ਼ੇ ਵੇਚ ਕੇ ਇਕੱਠਾ ਹੋਇਆ ਧਨ ਅਮਰਿੰਦਰ ਨਾਲ ਸਾਂਝਾ ਕਰਨ ਦਾ ਮਨ ਬਣਾ ਲਿਆ ਹੈ।
ਇੱਥੇ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ,‘‘ਪੰਜਾਬ ਵਿੱਚ ਆਉਦੀਆਂ ਚੋਣਾਂ ਦੌਰਾਨ ਅਸਲ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ-ਕਾਂਗਰਸ ਦੇ ਗੱਠਜੋੜ ਵਿਚਾਲੇ ਹੋਵੇਗਾ, ਜੋ ਕਿ ਅਕਾਲੀਆਂ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਵਿਰੁੱਧ ਭਿ੍ਰਸ਼ਟਾਚਾਰ ਦਾ ਕੇਸ ਵਾਪਸ ਲਏ ਜਾਣ ਤੋਂ ਸਪੱਸ਼ਟ ਹੈ।’’
ਕੇਜਰੀਵਾਲ ਨੇ ਸੁਆਲ ਕੀਤਾ ਕਿ ਅਕਾਲੀਆਂ ਨੇ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਹੀ ਕੇਸ ਵਾਪਸ ਕਿਉ ਲਿਆ। ਰੋਸ ਮੁਜ਼ਾਹਰੇ ਕਰਨ ਵਾਲੇ ਹਜ਼ਾਰਾਂ ਮੁਲਾਜ਼ਮਾਂ, ਅਧਿਆਪਕਾਂ ਤੇ ਨੌਜਵਾਨਾਂ ਖ਼ਿਲਾਫ਼ ਪਾਏ ਝੂਠੇ ਕੇਸ ਵੀ ਇੰਝ ਕਿਉ ਵਾਪਸ ਨਹੀਂ ਲੈ ਲਏ ਗਏ?
ਕੇਜਰੀਵਾਲ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਹੁਣ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਪੰਜਾਬ ਦੀ ਸੱਤਾ ਸੰਭਾਲਣ ਲਈ ਪੂਰੀ ਤਰਾਂ ਤਿਆਰ ਹੈ ਅਤੇ ਇੱਕ ਨਿਰਧਾਰਤ ਢੰਗ ਨਾਲ ਜਨਤਾ ਦੀ ਸੇਵਾ ਲਈ ਵੀ ਵਚਨਬੱਧ ਹੈ।
ਮੰਡੀ ਗੋਬਿੰਦਗੜ ਜਾਂਦੇ ਸਮੇਂ ਰਾਹ ਵਿੱਚ ਕੇਜਰੀਵਾਲ ਨੇ ਅਚਾਨਕ ਖੰਨਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ; ਇੱਥੇ ਵਰਣਨਯੋਗ ਹੈ ਕਿ ਮੰਡੀ ਵਿੱਚ ਇਸ ਵੇਲੇ ਝੋਨੇ ਦੀ ਖ਼ਰੀਦ ਦਾ ਕੰਮ ਚੱਲ ਰਿਹਾ ਹੈ।
ਕੁਝ ਵਪਾਰੀਆਂ ਨੇ ਟੈਕਸ-ਦਾਤਿਆਂ ਦੀ ਸਮਾਜਕ ਸੁਰੱਖਿਆ ਦੀ ਘਾਟ ਉੱਤੇ ਚਿੰਤਾ ਪ੍ਰਗਟਾਉਦਿਆਂ ਕੇਜਰੀਵਾਲ ਤੋਂ ਇਸ ਮੁੱਦੇ ’ਤੇ ਆਮ ਆਦਮੀ ਪਾਰਟੀ ਦਾ ਏਜੰਡਾ ਪੁੱਛਿਆ। ਕੇਜਰੀਵਾਲ ਨੇ ਦੱਸਿਆ,‘‘ਆਮ ਆਦਮੀ ਪਾਰਟੀ ਨੇ ਅਜਿਹੇ ਛੋਟੇ ਤੇ ਦਰਮਿਆਨੇ ਵਪਾਰੀਆਂ ਤੇ ਕਾਰੋਬਾਰੀ ਟੈਕਸ-ਦਾਤਿਆਂ ਨੂੰ ਸਮਾਜਕ ਸੁਰੱਖਿਆ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ, ਜਿਨਾਂ ਨੂੰ ਘਾਟਿਆਂ ਤੇ ਫ਼ੰਡਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’