ਚੰਡੀਗੜ੍ਹ, 17 ਅਕਤੂਬਰ, 2016 : ਸੀਨੀਅਰ ਪਾਰਟੀ ਆਗੂਆਂ ਦੀ ਅਗਵਾਈ ਹੇਠ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਸੋਮਵਾਰ ਨੂੰ ਪੰਜਾਬ ਦੀਆਂ ਗਲੀਆਂ 'ਚ ਉਤਰ ਕੇ ਪਾਰਟੀ ਦੀ ਸੂਬਾ ਪੱਧਰੀ ਨਸ਼ਾ ਵਿਰੋਧੀ ਲੜਾਈ ਦੇ ਹਿੱਸੇ ਵਜੋਂ ਅਕਾਲੀ ਆਗੂਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਬਿਕ੍ਰਮ ਸਿੰਘ ਮਜਠੀਆ ਦੇ ਚਿੱਟੇ ਰਾਵਣ ਦੇ ਪੁਤਲੇ ਸਾੜੇ।
ਇਸ ਦੌਰਾਨ ਪੁਲਿਸ ਵੱਲੋਂ ਉਨ੍ਹਾਂ ਦੀ ਯੋਜਨਾ 'ਚ ਰੁਕਾਵਟ ਪਾਉਣ ਦੀ ਸੰਭਾਵਨਾ ਸਬੰਧੀ ਖ਼ਬਰਾਂ ਦੇ ਬਾਵਜੂਦ ਕਾਂਗਰਸੀ ਵਰਕਰਾਂ ਨੇ ਬਹਾਦਰੀ ਨਾਲ ਬਾਹਰ ਨਿਕਲ ਕੇ ਪੁਤਲਿਆਂ ਨੂੰ ਅੱਗ ਦੇ ਹਵਾਲੇ ਕੀਤਾ। ਇਸ ਦੌਰਾਨ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਿਅਕਤੀਗਤ ਤੌਰ 'ਤੇ ਬਾਘਾਪੁਰਾਣਾ 'ਚ ਚਿੱਟੇ ਰਾਵਣ ਦੇ ਪੁਤਲਿਆਂ ਨੂੰ ਸਾੜੇ ਜਾਣ ਦੇ ਗਵਾਹ ਬਣੇ। ਪਾਰਟੀ ਆਗੂਆਂ ਰਾਣਾ ਗੁਰਜੀਤ, ਕੇਵਲ ਸਿੰਘ ਤੇ ਲਾਲ ਸਿੰਘ ਸਮੇਤ ਕਈ ਪਾਰਟੀ ਆਗੂਆਂ ਦੀ ਅਗਵਾਈ ਹੇਠ ਵਰਕਰਾਂ ਨੇ ਸਬੰਧਤ ਵਿਧਾਨ ਸਭਾ ਹਲਕਿਆਂ 'ਚ ਪੁਤਲੇ ਸਾੜੇ।
ਇਸ ਲੜੀ ਹੇਠ ਸੋਮਵਾਰ ਸਵੇਰੇ ਚੰਡੀਗੜ੍ਹ ਤੋਂ ਸ਼ੁਰੂ ਹੋਈ ਕਿਸਾਨ ਯਾਤਰਾ ਰੋਡ ਸ਼ੋਅ ਹੇਠ ਕੈਪਟਨ ਅਮਰਿੰਦਰ ਮੋਗਾ 'ਚ ਸਨ, ਜਿਹੜੇ ਬਾਘਾਪੁਰਾਣਾ 'ਚ ਬਾਦਲਾਂ ਤੇ ਮਜਠੀਆ ਦੇ ਰਾਵਣਾਂ ਨੂੰ ਸਾੜਨ ਮੌਕੇ ਮੌਜ਼ੂਦ ਸਨ। ਇਸ ਦੌਰਾਨ ਸੁਆਹ 'ਚ ਤਬਦੀਲ ਹੋਣ ਤੋਂ ਪਹਿਲਾਂ ਜਿਵੇਂ ਹੀ ਪੁਤਲਿਆਂ 'ਚੋਂ ਪਟਾਕੇ ਵੱਜੇ, ਤਾਂ ਇਲਾਕੇ 'ਚ ਹਜ਼ਾਰਾਂ ਦੀ ਗਿਣਤੀ 'ਚ ਮੌਜ਼ੂਦ ਲੋਕਾਂ ਵੱਲੋਂ ਉਤਸਾਹ ਨਾਲ ਇਸ ਮੌਕੇ ਨੂੰ ਮਨਾਇਆ ਗਿਆ।
ਪੰਜਾਬ ਕਾਂਗਰਸ ਦੇ ਇਕ ਬਿਆਨ ਮੁਤਾਬਿਕ ਸੂਬੇ ਦੇ ਹੋਰਨਾਂ ਹਿੱਸਿਆਂ ਤੋਂ ਵੀ ਬਾਦਲਾਂ ਤੇ ਹੋਰਨਾਂ ਅਕਾਲੀ ਆਗੂਆਂ ਤੇ ਪੁਤਲੇ ਸਾੜਨ ਦੀਆਂ ਖ਼ਬਰਾਂ ਦਿਨ ਪਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ ਪਹੁੰਚਦੀਆਂ ਰਹੀਆਂ।
ਐਤਵਾਰ ਨੂੰ ਕੈਪਟਨ ਅਮਰਿੰਦਰ ਵੱਲੋਂ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ ਚਿੱਟੇ ਰਾਵਣ ਦੇ ਪੁਤਲੇ ਸਾੜਨ ਦੇ ਨਿਰਦੇਸ਼ਾਂ ਨੇ ਪਾਰਟੀ ਵਰਕਰਾਂ 'ਚ ਉਤਸਾਹ ਭਰ ਦਿੱਤਾ ਸੀ। ਹਾਲਾਂਕਿ ਕਈ ਇਲਾਕਿਆਂ 'ਚ ਐਤਵਾਰ ਨੂੰ ਹੀ ਪੁਤਲਿਆਂ ਨੂੰ ਸਾੜਨ ਦੀਆਂ ਖ਼ਬਰਾਂ ਆਉਣ ਲੱਗੀਆਂ ਸਲ। ਜਦਕਿ ਕੈਪਟਨ ਅਮਰਿੰਦਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਗਲਵਾਰ ਨੂੰ ਲੁਧਿਆਣਾ ਦੌਰੇ ਦੇ ਬਰਾਬਰ ਸ਼ਹਿਰ 'ਚ ਚਿੱਟਾ ਰਾਵਣ ਸਾੜਨ ਦੇ ਐਲਾਨ ਦੇ ਮੱਦੇਨਜ਼ਰ ਸੋਮਵਾਰ ਨੂੰ ਇਹ ਮੁਹਿੰਮ ਆਪਣੇ ਸ਼ਿਖਰ 'ਤੇ ਪਹੁੰਚ ਗਈ।
ਪੰਜਾਬ ਕਾਂਗਰਸ ਪ੍ਰਧਾਨ ਨੇ ਮੰਗਲਵਾਰ ਨੂੰ ਉਸੇ ਜਗ੍ਹਾ ਚਿੱਟਾ ਰਾਵਣ ਸਾੜਨ ਦਾ ਫੈਸਲਾ ਕੀਤਾ ਸੀ, ਜਿਥੇ ਦੁਸਹਿਰੇ ਮੌਕੇ ਚਿੱਟਾ ਰਾਵਣ ਸਾੜਨ ਦੀ ਯੋਜਨਾ ਬਣਾ ਰਹੇ ਕਾਂਗਰਸੀ ਵਰਕਰਾਂ ਉਪਰ ਅਕਾਲੀ ਗੁੰਡਿਆਂ ਵੱਲੋਂ ਪੁਲਿਸ ਦੀ ਮੌਜ਼ੂਦਗੀ 'ਚ ਹਮਲਾ ਕੀਤਾ ਗਿਆ ਸੀ।
ਇਸ ਲੜੀ ਹੇਠ ਪਾਰਟੀ ਦੀ ਨਸ਼ਾ ਵਿਰੋਧੀ ਲੜਾਈ ਲਈ ਜ਼ਮੀਨ ਤਿਆਰ ਕਰਦਿਆਂ, ਸੂਬਾ ਸਰਕਾਰ ਵੱਲੋਂ ਚੇਹਰਿਆਂ ਦੇ ਪੁਤਲੇ ਨਹੀਂ ਸਾੜਨ ਦੇਣ ਦੇ ਆਦੇਸ਼ਾਂ ਸਬੰਧੀ ਖ਼ਬਰਾਂ ਦੇ ਮੱਦੇਨਜ਼ਰ ਅਕਾਲੀ ਸਰਕਾਰ ਨੂੰ ਲਲਕਾਰਦਿਆਂ ਕੈਪਟਨ ਅਮਰਿੰਦਰ ਨੇ ਐਤਵਾਰ ਨੂੰ ਕਾਂਗਰਸੀ ਵਰਕਰਾਂ ਨੂੰ ਚਿੱਟੇ ਰਾਵਣਾਂ 'ਤੇ ਬਾਦਲਾਂ ਤੇ ਉਨ੍ਹਾਂ ਦੀ ਟੀਮ ਦੇ ਹੋਰਨਾਂ ਭ੍ਰਿਸ਼ਟ ਮੈਂਬਰਾਂ ਦੀਆਂ ਤਸਵੀਰਾਂ ਚਿਪਕਾਉਣ ਦੇ ਨਿਰਦੇਸ਼ ਦਿੱਤੇ ਸਨ।
ਜਿਨ੍ਹਾਂ ਨੇ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਇਹ ਸਾਨੂੰ ਰੋਕਣ ਦੀ ਕੋਸ਼ਿਸ਼ ਕਰ ਲੈਣ, ਲੇਕਿਨ ਅਸੀਂ ਇਨ੍ਹਾਂ ਨਾਲ ਰਾਹ ਦੇ ਹਰੇਕ ਇੰਚ 'ਤੇ ਲੜਾਂਗੇ। ਬਾਦਲ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੇ ਦੁੱਖਾਂ ਦੇ ਗੁੱਸੇ ਨੂੰ ਜਾਹਿਰ ਕਰਨ ਤੋਂ ਇਹ ਸਾਨੂੰ ਨਹੀਂ ਰੋਕ ਸਕਦੇ। ਜਿਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਹਰ ਕਦਮ 'ਤੇ ਉਨ੍ਹਾਂ ਦੇ ਨਾਲ ਹਨ।