ਚੰਡੀਗੜ੍ਹ, 2 ਨਵੰਬਰ, 2016 : ਪਟਿਆਲਾ, ਬਠਿੰਡਾ, ਮਾਨਸਾ ਅਤੇ ਫਿਰੋਜਪੁਰ ਜਿਲਿਆਂ ਵਿੱਚ ਚਾਰ ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਉਤੇ ਆਮ ਆਦਮੀ ਪਾਰਟੀ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਇਨਾਂ ਖੁਦਕੁਸ਼ੀਆਂ ਉਤੇ ਅਫਸੋਸ ਜਤਾਉਂਦਿਆਂ ਕਿਹਾ ਕਿ ਖੁਦ ਨੂੰ ਕਿਸਾਨ ਹਿਤੈਸ਼ੀ ਦੱਸਣ ਵਾਲੇ ਬਾਦਲ ਪਰਿਵਾਰ ਨੂੰ ਅਸਲ ਵਿੱਚ ਕਿਸਾਨਾਂ ਨਾਲ ਕੋਈ ਸਾਰੋਕਾਰ ਨਹੀਂ। ਕਿਸਾਨਾਂ ਦੀ ਬਾਂਹ ਫੜਨ ਅਤੇ ਉਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿੱਚ ਸੂਬੇ ਦੀ ਗਠਜੋੜ ਸਰਕਾਰ ਪੂਰੀ ਤਰਾਂ ਨਾਲ ਅਸਫਲ ਸਾਬਿਤ ਹੋਈ ਹੈ, ਜਿਸ ਕਾਰਨ ਪੰਜਾਬ ਅੰਦਰ ਕਿਸਾਨਾਂ ਅਤੇ ਖੇਤ ਮਜਦੂਰਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਮੰਦਭਾਗਾ ਸਿਲਸਿਲਾ ਥਮ ਨਹੀਂ ਰਿਹਾ।
ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਦਾ ਪੂਰਾ ਜੋਰ ਇਸ ਵੇਲੇ ਕੇਂਦਰ ਦੀ ਜੀ-ਹਜੂਰੀ ਕਰਨ ਵਿੱਚ ਲੱਗਾ ਹੋਇਆ ਹੈ, ਜਦਕਿ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਸੂਬਾ ਸਰਕਾਰ ਕਿਸਾਨਾਂ ਦੀ ਸਾਰ ਲੈ ਰਹੇ ਹਨ। ਉਨਾਂ ਕਿਹਾ ਕਿ ਇੱਕ ਦਹਾਕਾ ਸੂਬੇ ਉਤੇ ਲਗਾਤਾਰ ਹਕੂਮਤ ਕਰਨ ਦੇ ਬਾਵਜੂਦ ਅਕਾਲੀ-ਭਾਜਪਾ ਗਠਜੋੜ ਕਿਸਾਨਾਂ ਨੂੰ ਕਰਜੇ ਦੇ ਜਾਲ ਵਿੱਚੋਂ ਨਹੀਂ ਕੱਢ ਸਕਿਆ, ਉਲਟਾ ਜਦੋਂ ਉਨਾਂ ਨੂੰ ਪੂਰੀ ਤਰਾਂ ਨਾਲ ਯਕੀਨ ਹੋ ਗਿਆ ਹੈ ਕਿ ਹੁਣ ਲੋਕਾਂ ਨੇ ਉਨਾਂ ਨੂੰ ਮੱਥੇ ਨਹੀਂ ਲਾਉਣਾ ਤਾਂ ਸਿਕੰਦਰ ਸਿੰਘ ਮਲੂਕਾ ਵਰਗੇ ਮੰਤਰੀ ਬਿਆਨ ਦੇ ਰਹੇ ਹਨ ਕਿ ਕਿਸਾਨਾਂ ਦਾ ਕਰਜਾ ਕਿਸੇ ਵੀ ਹਾਲ ਵਿੱਚ ਮੁਆਫ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ ਅਕਾਲੀ ਮੰਤਰੀਆਂ ਦੀ ਅਜਿਹੀ ਘਟੀਆ ਬਿਆਨਬਾਜੀ ਕਾਰਨ ਕਿਸਾਨਾਂ ਦਾ ਮਨੋਬਲ ਡਿੱਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਸੂਬੇ ਦੀ ਵਰ੍ਹੇਗੰਢ ਦੇ ਜਸ਼ਨ ਮਨਾਉਣ ਵਿੱਚ ਰੁੱਝੀ ਰਹੀ, ਜਦਕਿ ਦੂਸਰੇ ਪਾਸੇ ਜਿਸ ਸੂਬੇ ਲਈ ਉਹ ਜਸ਼ਨ ਮਨਾ ਰਹੇ ਸਨ, ਉਸ ਸੂਬੇ ਦੇ ਚਾਰ ਕਿਸਾਨ ਖੁਦਕੁਸ਼ੀਆਂ ਕਰ ਗਏ।
ਭਗਵੰਤ ਮਾਨ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਰਵਾਇਤੀ ਪਾਰਟੀਆਂ ਪੰਜਾਬ ਦੇ ਕਿਸਾਨਾਂ ਸਿਰ ਚੜੇ ਕਰਜੇ ਦੇ ਮੁੱਦੇ ਨੂੰ ਸਿਰਫ ਰਾਜਸੀ ਰੋਟੀਆਂ ਸੇਕਣ ਲਈ ਵਰਤਦੀ ਆ ਰਹੀ ਹੈ। ਉਨਾਂ ਕਿਹਾ ਕਿ 2017 ਵਿੱਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਕਰਜਾ ਮੁਕਤੀ ਤਿਆਰ ਕੀਤੇ ਐਕਸ਼ਨ ਪਲਾਨ ਉਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ 2018 ਤੱਕ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਕਰਜ ਮੁਕਤ ਕਰ ਦਿੱਤਾ ਜਾਵੇਗਾ।