ਚੰਡੀਗੜ, 16 ਅਕਤੂਬਰ, 2016 : ਕਾਂਗਰਸ ਵੱਲੋਂ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਸਰਕਾਰ ਵਿਰੁੱਧ ਕੀਤੇ ਜਾ ਰਹੇ ਗਿਣੇ-ਮਿੱਥੇ ਰੋਸ ਮੁਜ਼ਾਹਰਿਆਂ ਨੇ ਬਿਨਾ ਕਿਸੇ ਸ਼ੱਕ ਦੇ ਉਸ ਤੱਥ ਨੂੰ ਸਹੀ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਇਨਾਂ ਵਿਚਾਲੇ ਮੁਕੰਮਲ ਤੌਰ ’ਤੇ ਗੁਪਤ ਸਮਝੌਤਾ ਹੋ ਚੁੱਕਾ ਹੈ।
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਇਹ ਪ੍ਰਗਟਾਵਾ ਅੱਜ ਚੰਡੀਗੜ ’ਚ ਕੀਤਾ।
ਵੜੈਚ ਨੇ ਕਿਹਾ ਕਿ ਇਨਸਾਫ਼ ਮੰਗਣ ਵਾਲੀ ਕਿਸੇ ਵੀ ਹੋਰ ਸਿਆਸੀ ਪਾਰਟੀ, ਦਬਾਅ ਪਾਉਣ ਵਾਲੇ ਸਮੂਹ, ਗ਼ੈਰ-ਸਰਕਾਰੀ ਜੱਥੇਬੰਦੀ ਜਾਂ ਕਿਸੇ ਹੋਰ ਯੂਨੀਅਨ ਜਾਂ ਐਸੋਸੀਏਸ਼ਨ ਦੇ ਕਾਰਕੁੰਨਾਂ ਨੂੰ ਸੁਰੱਖਿਆ ਦਸਤੇ ਕਦੇ ਵੀ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ਗਾਹ ਦੇ ਨੇੜੇ ਨਹੀਂ ਜਾਣ ਦਿਦੇ।
ਪਰ ਕਾਂਗਰਸੀ ਵਿਧਾਇਕਾਂ ਨੂੰ ਨਾ ਕੇਵਲ ਬਾਦਲ ਦੇ ਘਰ ਦੇ ਬਾਹਰ ਧਰਨੇ ’ਤੇ ਬੈਠਣ ਦੀ ਇਜਾਜ਼ਤ ਦਿੱਤੀ ਗਈ, ਸਗੋਂ ਨਾਲ ਹੀ ਇਸ ਗਿਣੇ-ਮਿੱਥੇ ਰੋਸ ਮੁਜ਼ਾਹਰੇ ਦੌਰਾਨ ਉਨਾਂ ਦੇ ਖਾਣ-ਪੀਣ ਤੇ ਰਾਤੀਂ ਠਹਿਰਨ ਤੱਕ ਦਾ ਪ੍ਰਬੰਧ ਲਗਾਤਾਰ ਤਿੰਨ ਦਿਨਾਂ ਤੱਕ ਕੀਤਾ ਗਿਆ।
ਵੜੈਚ ਨੇ ਕਿਹਾ,‘‘ਬਾਦਲ ਦੇ ਘਰ ਦੇ ਸਾਹਮਣੇ ਧਰਨੇ ’ਤੇ ਬੈਠਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਪਾਰਰਟੀ ਦੇ ਹੋਰ ਸੀਨੀਅਰ ਆਗੁਆਂ ਦੀ ਕਿਤੇ ਕੋਈ ਰੋਕ-ਟੋਕ ਨਹੀਂ ਕੀਤੀ ਗਈ ਤੇ ਉਹ ਜਦੋਂ ਵੀ ਚਾਹੇ, ਉੱਥੇ ਆ ਜਾਂਦੇ ਸਨ ਤੇ ਉਥੋਂ ਚਲੇ ਜਾਂਦੇ ਸਨ।
ਮੁੱਖ ਮੰਤਰੀ ਦੀ ਰਿਹਾਇਸ਼ਗਾਹ ਦੇ ਬਾਹਰ ਲਗਾਤਾਰ ਧਾਰਾ 144 ਲਾਗੂ ਕਰ ਕੇ ਰੱਖੀ ਜਾਂਦੀ ਹੈ, ਤਾਂ ਜੋ ਉੱਥੇ ਚਾਰ ਤੋਂ ਵੱਧ ਵਿਅਕਤੀ ਕਦੇ ਵੀ ਗ਼ੈਰ-ਕਾਨੂੰਨੀ ਢੰਗ ਨਾਲ ਇਕੱਠੇ ਨਾ ਹੋ ਸਕਣ ਪਰ ਕਾਂਗਰਸੀ ਆਗੂਆਂ ਨੂੰ ਧਰਨੇ ਵਾਲੀ ਥਾਂ ’ਤੇ ਜਾਣ ਦੀ ਮੁਕੰਮਲ ਆਜ਼ਾਦੀ ਦਿੱਤੀ ਗਈ ਸੀ।’’
ਵੜੈਚ ਨੇ ਕਿਹਾ ਕਿ ਪਹਿਲਾਂ ਤਾਂ ਪੰਜਾਬ ਦੇ ਲੋਕ ਇਹੋ ਨਾ ਸਮਝ ਸਕੇ ਕਿ ਕਾਂਗਰਸ ਆਖ਼ਰ ਕਿਸ ਮੁੱਦੇ ਨੂੰ ਲੈ ਕੇ ਇਹ ਰੋਸ ਮੁਜ਼ਾਹਰਾ ਕਰ ਰਹੀ ਹੈ।
ਵੜੈਚ ਨੇ ਕਿਹਾ,‘‘ਦੂਜੇ ਕੈਪਟਨ ਅਮਰਿੰਦਰ ਭਾਵੇਂ ਇਹ ਆਖ ਰਹੇ ਸਨ ਕਿ ਉਹ ‘ਚਿੱਟੇ ਰਾਵਣ’ ਦੇ ਖ਼ਿਲਾਫ਼ ਹਨ ਪਰ ਉਨਾਂ ਨੇ ਇਹ ਖੁੱਲ ਕੇ ਨਹੀਂ ਦੱਸਿਆ ਕਿ ਆਖ਼ਰ ਇਹ ‘ਚਿੱਟਾ ਰਾਵਣ’ ਹੈ ਕੌਣ। ਉਨਾਂ ਇੱਕ ਵਾਰ ਵੀ ਪੰਜਾਬ ਦੇ ‘ਚਿੱਟੇ ਰਾਵਣ’ ਵਜੋਂ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਂਅ ਨਹੀਂ ਲਿਆ।’’
ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਨੇ ਅੱਗੇ ਕਿਹਾ ਕਿ ਇਹ ਉਹੀ ਕੈਪਟਨ ਅਮਰਿੰਦਰ ਹੈ, ਜੋ ਉਸ ਵੇਲੇ ਮਜੀਠੀਆ ਨੂੰ ਬਚਾ ਰਿਹਾ ਸੀ, ਜਦੋਂ ਕਾਂਗਰਸ ਦੇ ਐਮ.ਪੀ. ਪ੍ਰਤਾਪ ਸਿੰਘ ਬਾਜਵਾ ਸਮੇਤ ਸਮੁੱਚੀ ਕਾਂਗਰਸ ਪਾਰਟੀ ਉਸ ਵਿਰੁੱਧ ਸੀ.ਬੀ.ਆਈ. ਦੀ ਜਾਂਚ ਦੀ ਮੰਗ ਕਰ ਰਹੀ ਸੀ। ‘‘ਇੰਝ ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੀ ਪਾਰਟੀ ਨੇ ਨਸ਼ਿਆਂ ਦੀ ਸਮੱਸਿਆ ਵਿਰੁੱਧ ਰੋਸ ਮੁਜ਼ਾਹਰੇ ਕਰਨ ਦਾ ਆਪਧਾ ਆਧਾਰ ਗੁਆ ਲਿਆ ਹੈ।’’
ਉਨਾਂ ਕਿਹਾ ਕਿ ਇਹ ਵੀ ਹਾਸੋਹੀਣੀ ਗੱਲ ਹੈ ਕਿ ਏ.ਡੀ.ਸੀ.ਪੀ. ਲੁਧਿਆਣਾ ਦੇ ਤਬਾਦਲੇ ਦੇ ਤੁਰੰਤ ਬਾਅਦ ਕਾਂਗਰਸ ਪਾਰਟੀ ਨੇ ਆਪਣਾ ਰੋਸ ਮੁਜ਼ਾਹਰਾ ਬੰਦ ਕਰ ਦਿੱਤਾ। ‘‘ਕੀ ਕੈਪਟਨ ਅਮਰਿੰਦਰ ਦਾ ਅਸਲ ਮੰਤਵ ਕੇਵਲ ਏ.ਡੀ.ਸੀ.ਪੀ. ਨੂੰ ਹਟਵਾਉਣਾ ਹੀ ਸੀ ਕਿ ਜਾਂ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਵਿਰੁੱਧ ਜੂਝਣਾ ਸੀ।’’
ਵੜੈਚ ਨੇ ਕਿਹਾ ਕਿ ਪਹਿਲਾਂ ਬਾਦਲ ਨੇ ਕਾਂਗਰਸੀ ਵਿਧਾਇਕਾਂ ਨੂੰ ਦੋ ਰਾਤਾਂ ਤੱਕ ਪੰਜਾਬ ਵਿਧਾਨ ਸਭਾ ’ਚ ਵੀ ਰਹਿਣ ਦੀ ਪ੍ਰਵਾਨਗੀ ਦਿੱਤੀ ਸੀ ਕਿ ਤਾਂ ਜੋ ਆਪਣੀ ਹੋਂਦ ਕਾਇਮ ਰੱਖਣ ਲਈ ਸੰਘਰਸ਼ ਕਰ ਰਹੀ ਕਾਂਗਰਸ ਪਾਰਟੀ ਮੁੜ ਮੀਡੀਆ ਦੀਆਂ ਸੁਰਖ਼ੀਆਂ ਬਣਾ ਸਕੇ।
ਸਾਰੇ ਜਾਣਦੇ ਹਨ ਕਿ ਵਿਧਾਨ ਸਭਾ ਦਾ ਸੈਸ਼ਨ ਮੁਲਤਵੀ ਕਰ ਦਿੱਤੇ ਜਾਣ ਤੋਂ ਬਾਅਦ ਕੋਈ ਵੀ ਬਾਦਲ ਜਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਸਹਿਮਤੀ ਤੋਂ ਬਗ਼ੈਰ ਇੱਕ ਮਿੰਟ ਲਈ ਵੀ ਅਸੈਂਬਲੀ ਹਾੱਲ ਵਿੱਚ ਨਹੀਂ ਰਹਿ ਸਕਦਾ। ਸਦਨ ਦੇ ਅੰਦਰ ਬੈਠੇ ਕਾਂਗਰਸੀ ਵਿਧਾਇਕਾਂ ਲਈ ਸਾਰੇ ਵਾਜਬ ਇੰਤਜ਼ਾਮ ਕੀਤੇ ਗਏ ਸਨ ਤੇ ਇੱਥੋਂ ਤੱਕ ਕਿ ਉਨਾਂ ਨੂੰ ਮੀਡੀਆ ਕਵਰੇਜ ਵੀ ਦਿੱਤੀ ਗਈ। ਵੜੈਚ ਨੇ ਕਿਹਾ,‘‘ਇਸ ਵੇਲੇ ਅਕਾਲੀ ਤੇ ਕਾਂਗਰਸ ਦੋਵੇਂ ਇੱਕ ਦੋਸਤਾਨਾ ਮੈਚ ਖੇਡ ਰਹੇ ਹਨ ਅਤੇ ਇੱਕ-ਦੂਜੇ ਦੀ ਮਦਦ ਕਰਨ ਲਈ ਪੰਜਾਬ ਦੀ ਜਨਤਾ ਦੀਆਂ ਅੱਖਾਂ ਵਿੱਚ ਧੂੜ ਝੋਕਣ ਦੇ ਕੋਝੇ ਜਤਨ ਕਰ ਰਹੇ ਹਨ। ਨਿਰਾਸ਼ਾ ਵਿੱਚ ਉਨਾਂ ਵੱਲੋਂ ਕੀਤੇ ਜਾ ਰਹੇ ਕਾਰਜ ਉਨਾਂ ਨੂੰ ਹੋਰ ਵੀ ਸਿਆਸੀ ਗੁੰਮਨਾਮੀ ਵੱਲ ਧੱਕਦੇ ਜਾ ਰਹੇ ਹਨ।’’
ਵੜੈਚ ਨੇ ਇਹ ਵੀ ਕਿਹਾ ਕਿ ਬਾਦਲ ਨੇ ਪਿੱਛੇ ਜਿਹੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਭ ਪਹੁੰਚਾਉਣ ਲਈ ਅੰਮਿ੍ਰਤਸਰ ਇੰਪਰੂਵਮੈਂਟ ਟਰੱਸਟ ਦੇ ਭਿ੍ਰਸ਼ਟਾਚਾਰ ਦਾ ਮਾਮਲਾ ਵਾਪਸ ਲਿਆ। ਦਸ ਵਰਿਆਂ ਬਾਅਦ ਇਹ ਸਭ ਚੁੱਪ-ਚੁਪੀਤੇ ਹੀ ਕਰ ਦਿੱਤਾ ਗਿਆ, ਜਦ ਕਿ ਇਸ ਘੁਟਾਲੇ ਕਾਰਨ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਨੂੰ ਲਗਭਗ 360 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।