ਚੰਡੀਗੜ, 25 ਅਕਤੂਬਰ, 2016 : ਭਾਰਤ ਦੇ ਮੁੱਖ ਚੋਣ ਕਮਿਸ਼ਨ ਡਾ. ਨਸੀਮ ਜੈਦੀ ਨੇ ਅੱਜ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੇ ਪੰਜਾਬ 'ਚ 2017 ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਵੋਟ ਪਾਉਣ ਲਈ ਖੁਦ ਨੂੰ ਰਜਿਸਟਰਡ ਕਰਨ 'ਚ ਦਿਲਚਸਪੀ ਨਹੀਂ ਦਿਖਾਈ ਹੈ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਅੱਜ ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਪ੍ਰਵਾਸੀ ਭਾਰਤੀ ਵੋਟਰਾਂ 'ਤੇ ਇਕ ਸਰਵੇ ਕਰਵਾਉਣ ਜਾ ਰਿਹਾ ਹੈ, ਜਿਸ ਤੋਂ ਬਾਅਦ ਪ੍ਰਵਾਸੀ ਭਾਰਤੀਆਂ ਲਈ ਆਨਲਾਈਨ ਵੋਟਿੰਗ ਦੀ ਸਹੂਲਤ ਸ਼ੁਰੂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਦੋ ਮਹੀਨੇ ਪਹਿਲਾਂ ਉਨ੍ਹਾਂ ਪ੍ਰਵਾਸੀ ਪੰਜਾਬੀਆਂ ਨੂੰ ਵੋਟਰ ਵਜੋਂ ਰਜਿਸਟਰਡ ਕਰਵਾਉਣ ਲਈ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਸੀ, ਜਿਨ•ਾਂ ਨੇ ਭਾਰਤੀ ਨਾਗਰਿਕਤਾ ਨਹੀਂ ਛੱਡੀ ਹੈ ਪਰ ਕੇਵਲ 95 ਪ੍ਰਵਾਸੀ ਪੰਜਾਬੀਆਂ ਨੇ ਹੀ ਖੁਦ ਨੂੰ ਰਜਿਸਟਰਡ ਕੀਤਾ ਹੈ, ਜਦੋਂਕਿ ਇਸ ਮੁਹਿੰਮ ਤੋਂ ਪਹਿਲਾਂ 179 ਪ੍ਰਵਾਸੀਆਂ ਨੇ ਖੁਦ ਨੂੰ ਆਨਲਾਈਨ ਰਜਿਸਟਰਡ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਵਿਦੇਸ਼ਾਂ 'ਚ ਲੱਖਾਂ ਪੰਜਾਬੀ ਰਹਿੰਦੇ ਹਨ ਤਾਂ ਪ੍ਰਵਾਸੀ ਪੰਜਾਬੀ ਵੋਟਰਾਂ ਦਾ 274 ਦਾ ਅੰਕੜਾ ਕੋਈ ਜ਼ਿਆਦਾ ਬਿਹਤਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਭਾਰਤ ਦੇ ਮੁੱਖ ਚੋਣ ਕਮਿਸ਼ਨ ਡਾ. ਨਸੀਮ ਜੈਦੀ ਨੇ ਕਿਹਾ ਕਿ ਪੰਜਾਬ 'ਚ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਈਆਂ ਜਾਣਗੀਆਂ, ਜਿਸ ਵਿਚ ਵੋਟਰ ਬਿਨਾਂ ਕਿਸੇ ਡਰ ਦੇ ਵੋਟ ਪਾ ਸਕਣਗੇ। ਪਿਛਲੇ ਦੋ ਦਿਨਾਂ ਵਿਚ ਵੱਖ-ਵੱਖ ਸਿਆਸੀ ਦਲਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਇੱਥੇ ਪ੍ਰੈਸ ਕਾਨਫਰੰਸ ਵਿਚ ਜੈਦੀ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ 'ਚ ਇਹ ਗੱਲ ਆਈ ਹੈ ਕਿ ਹੇਠਲੇ ਪੱਧਰ 'ਤੇ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਹਲਕਾ ਇੰਚਾਰਜਾਂ ਦੇ ਪ੍ਰਭਾਵ 'ਚ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਰਾਡਾਰ 'ਤੇ ਪੰਜਾਬ ਦੇ ਸਾਰੇ ਅਜਿਹੇ ਪੁਲਿਸ ਥਾਣੇ ਅਤੇ ਐਸਅੇਚਓਜ਼ ਹਨ ਜੋ ਕਿਸੇ ਦੇ ਪ੍ਰਭਾਵ 'ਚ ਹਨ। ਜੈਦੀ ਨੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਚੋਣ ਪ੍ਰਕਿਰਿਆ ਨਾਲ ਜੁੜਿਆ ਕੋਈ ਵੀ ਅਧਿਕਾਰੀ ਕਿਸੇ ਸਿਆਸੀ ਦਲ ਜਾਂ ਨੇਤਾ ਦੇ ਪ੍ਰਭਾਵ 'ਚ ਨਾ ਹੋਵੇ।