ਚੰਡੀਗੜ੍ਹ, 3 ਨਵੰਬਰ, 2016 : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਸ਼੍ਰੋਮਣੀ ਸਿੱਖ ਸਾਹਿਤਕਾਰ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਹੈ ਕਿ 1984 ਦੌਰਾਨ ਦਿੱਲੀ ਸਮੇਤ 9 ਰਾਜਾਂ ਵਿਚ ਹੋਏ ਸਿੱਖ ਕਤਲੇਆਮ ਇਕ ਸਾਜਿਸ਼ ਦਾ ਨਤੀਜਾ ਸਨ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਤਇਕ ਗਿਣੀ ਮਿਥੀ ਸਾਜਿਸ਼ ਤਹਿਤ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕਤਲੇਆਮ ਕੀਤਾ ਗਿਆ। ਸ. ਲਾਲਪੁਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਤਤਕਾਲੀ ਪ੍ਰਧਾਨ ਮੰਤਰੀ ਨੇ ਜਿਥੇ ਵੱਡੇ ਰੁੱਖ ਦੇ ਡਿੱਗਣ ਦੀ ਗੱਲ ਕੀਤੀ ਉਥੇ ਅਗਲੇ ਕਈ ਸਾਲਾਂ ਤੱਕ ਸਿਰਫ਼ ਦੋਸ਼ੀਆਂ ਨੂੰ ਬਚਾਉਣ ਲਈ ਸਬੂਤ ਮਿਟਾਉਣ ਦਾ ਹੀ ਕੰਮ ਕੀਤਾ ਗਿਆ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਸਰਕਾਰ ਹੀ ਸਬੂਤ ਮਿਟਾਉਣ ਤੇ ਦੋਸ਼ੀਆਂ ਨੂੰ ਬਚਾਉਣ ਉਤੇ ਲੱਗੀ ਹੋਵੇ ਤਾਂ ਇਨਸਾਫ਼ ਕੌਣ ਦਿਵਾਏਗਾ?
ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਜਦੋਂ ਮਦਨ ਲਾਲ ਖੁਰਾਣਾ ਦੀ ਅਗਵਾਈ ਹੇਠ ਦਿੱਲੀ ਵਿਚ ਸਰਕਾਰ ਬਣੀ, ਉਦੋਂ ਤੋਂ ਹੀ ਬਚਦੇ ਸਬੂਤਾਂ ਨੂੰ ਇਕੱਠਾ ਕਰਨ, ਦੋਸ਼ੀਆਂ ਨੂੰ ਸਜ਼ਾ ਕਰਾਉਣ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਯਤਨ ਆਰੰਭੇ ਗਏ। ਅੱਜ ਤੱਕ ਹਰ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ. ਲਾਲਪੁਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਸੱਜਣ ਕੁਮਾਰ, ਜਗਦੀਸ਼ ਟਾਇਟਲਰ, ਐਚ ਕੇ ਐਲ ਭਗਤ ਆਦਿ ਦੋਸ਼ੀਆਂ ਨੂੰ ਬਚਾਉਣ ਲਈ ਜੋ ਅਣਉਚਿਤ ਕਾਰਵਾਈ ਕੀਤੀ ਗਈ, ਉਸ ਨਾਲ ਸਮੁੱਚੀ ਕਾਂਗਰਸ ਲੀਡਰਸ਼ਿਪ ਸਜ਼ਾ ਦੀ ਭਾਗੀਦਾਰ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਦਿੱਲੀ ਦੰਗਿਆਂ ਤੋਂ ਪੀੜਤ ਲੋਕਾਂ ਨੂੰ ਇਨਸਾਫ਼ ਦੇਣ ਤੇ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਕਰਦੇ ਸਨ ਅਤੇ ਇਸ ਨਾਲ ਸਿੱਖ ਰਾਜਨੀਤੀ ਵਿਚ ਸੱਤਾ ਦਾ ਸੁਖ ਵੀ ਮਾਣਿਆ। ਸ. ਲਾਲਪੁਰਾ ਨੇ ਕਿਹਾ ਕਿ ਅੱਜ ਕੈਪਟਨ ਨੂੰ ਸਵੈ ਪੜਚੋਲ ਕਰਨੀ ਚਾਹੀਦੀ ਹੈ ਕਿ ਉਹ ਅੱਜ ਸੱਚ ਬੋਲਦੇ ਹਨ ਜਾਂ 1984 ਵਿਚ ਸੱਚ ਬੋਲਦੇ ਸਨ।
ਭਾਜਪਾ ਦੇ ਸੂਬਾ ਮੀਤ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਵੀ ਕੇਵਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਸਾਹਮਣੇ ਵੇਖ ਕੇ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ। ਪਿਛਲੇ ਡੇਢ ਸਾਲ ਵਿਚ ਦਿੱਲੀ 'ਚ ਸੱਤਾ ਵਿਚ ਹੋਣ ਦੇ ਬਾਵਜੂਦ ਕੋਈ ਠੋਸ ਕਦਮ ਨਹੀਂ ਚੁੱਕਿਆ, ਜਿਸ ਨਾਲ ਕੈਂਪਾਂ ਵਿਚ ਰਹਿੰਦੇ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਚੰਗੇ ਘਰ ਨਸੀਬ ਹੁੰਦੇ ਅਤੇ ਚੰਗੇ ਰੁਜ਼ਗਾਰ ਵੱਲ ਵਧ ਸਕਦੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਨੀਤੀ ਸ਼ੀਲਾ ਦੀਕਸ਼ਿਤ ਸਰਕਾਰ ਨਾਲੋਂ ਵੱਖ ਨਹੀਂ ਹੈ। ਸ. ਲਾਲਪੁਰਾ ਨੇ ਕਿਹਾ ਕਿ ਆਪ ਪਾਰਟੀ ਦੇ ਆਗੂਆਂ ਵਲੋਂ ਵਹਾਏ ਜਾ ਰਹੇ ਮਗਰਮੱਛ ਦੇ ਹੰਝੂ ਪੀੜਤ ਸਿੱਖ ਪਰਿਵਾਰਾਂ ਦੇ ਦਿਲ ਨਹੀਂ ਜਿੱਤ ਸਕਣਗੇ। ਸਿੱਖ ਸਾਹਿਤਕਾਰ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਇਹ ਸਮੇਂ ਦੀ ਮੰਗ ਹੈ ਕਿ ਪਿਛਲੇ 32 ਸਾਲਾਂ ਸੰਤਾਪ ਭੋਗ ਰਹੇ ਇੰਨ੍ਹਾਂ ਪੀੜਤਾਂ ਨੂੰ ਮੁੜ ਵਸਾਉਣ ਅਤੇ ਇਨਸਾਫ਼ ਦਿਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੇ ਜਾ ਰਹੇ ਯਤਨਾਂ ਵਿਚ ਸਹਿਯੋਗ ਕਰਨਾ ਚਾਹੀਦਾ ਹੈ।