ਚੰਡੀਗੜ੍ਹ, 31 ਅਕਤੂਬਰ, 2016 : ਪੰਜਾਬ ਕਾਂਗਰਸ ਨੇ ਸੂਬੇ 'ਚ ਲਗਾਤਾਰ ਬਿਗੜਦੀ ਜਾ ਰਹੀ ਕਾਨੂੰਨ ਤੇ ਵਿਵਸਥਾ ਦੀ ਹਾਲਤ ਉਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਸਦੇ ਤਹਿਤ ਲੁਧਿਆਣਾ 'ਚ ਇਕ ਸਮੂਹਿਕ ਬਲਾਤਕਾਰ ਦੀ ਭਿਆਨਕ ਘਟਨਾ ਤੇ ਮੁਕਤਸਰ 'ਚ ਇਕ ਨੌਜ਼ਵਾਨ ਨੂੰ ਕਥਿਤ ਤੌਰ 'ਤੇ ਯੂਥ ਅਕਾਲੀ ਦਲ ਦੇ ਵਰਕਰਾਂ ਵੱਲੋਂ ਕਤਲ ਕੀਤੇ ਜਾਣ ਵਰਗੇ ਗੰਭੀਰ ਮਾਮਲੇ ਸਾਹਮਣੇ ਆਏ ਹਨ।
ਇਕ ਪ੍ਰੈਸ ਰਿਲੀਜ਼ ਰਾਹੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਹੈ ਕਿ ਲੁਧਿਆਣਾ ਦੇ ਦਿੱਲ 'ਚ ਦੀਵਾਲੀ ਦੀ ਰਾਤ ਇਕ ਲੜਕੀ ਨੂੰ ਅਜਿਹੇ ਭਿਆਨਕ ਅਪਰਾਧ ਦਾ ਸਾਹਮਣਾ ਕਰਨਾ ਪਿਆ। ਜਦਕਿ ਪੁਲਿਸ ਨੇ 200 ਨਾਕੇ ਲਗਾਉਣ ਦਾ ਦਾਅਵਾ ਕੀਤਾ ਸੀ। ਇਸ ਤੋਂ ਸੂਬੇ 'ਚ ਪੂਰੀ ਤਰ੍ਹਾਂ ਬਦਹਾਲ ਕਾਨੂੰਨ ਤੇ ਵਿਵਸਥਾ ਦਾ ਪਤਾ ਚੱਲਦਾ ਹੈ।
ਲੜਕੀ ਨੂੰ ਸਵੇਰੇ ਕਾਰ 'ਚੋਂ ਬਾਹਰ ਸੁੱਟ ਦਿੱਤਾ ਗਿਆ, ਜਿਸਦੀ ਹਾਲਤ ਹਸਪਤਾਲ 'ਚ ਚਿੰਤਾਜਨਕ ਬਣੀ ਹੋਈ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਅਵਤਾਰ ਹੈਨਰੀ, ਅਮਰਜੀਤ ਸਮਰਾ, ਰਾਣਾ ਕੇਪੀ ਸਿੰਘ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਉਪਰ ਥੋਕ 'ਚ ਸੂਬੇ ਦਾ ਅਪਰਾਧੀਕਰਨ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਅਪਰਾਧੀ ਗਿਰੋਹ ਸੂਬੇ 'ਚ ਅਜ਼ਾਦ ਘੁੰਮ ਰਹੇ ਹਨ, ਜਿਨ੍ਹਾਂ ਨੂੰ ਕਾਨੂੰਨ ਦਾ ਕੋਈ ਵੀ ਡਰ ਨਹੀਂ ਹੈ। ਜੋ ਸਪੱਸ਼ਟ ਤੌਰ 'ਤੇ ਦਰਸਾ ਰਹੇ ਹਨ ਕਿ ਉਨ੍ਹਾਂ ਨੂੰ ਸੂਬੇ ਦੀ ਲੀਡਰਸ਼ਿਪ ਦੀ ਸ਼ੈਅ ਪ੍ਰਾਪਤ ਹੈ।
ਇਸੇ ਤਰ੍ਹਾਂ, ਯੂਥ ਅਕਾਲੀ ਦਲ ਵੱਲੋਂ ਇਕ ਨੌਜ਼ਵਾਨ 'ਤੇ ਹਮਲੇ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਜਿਸ ਬੇਰਹਮੀ ਨਾਲ ਅਕਾਲੀ ਵਰਕਰਾਂ ਨੇ ਨੌਜ਼ਵਾਨ ਦਾ ਕਤਲ ਕੀਤਾ ਹੈ, ਉਹ ਪੰਜਾਬ 'ਚ ਪੂਰੀ ਤਰ੍ਹਾਂ ਢਹਿ ਚੁੱਕੀ ਕਾਨੁੰਨ ਤੇ ਵਿਵਸਥਾ ਨੂੰ ਪੇਸ਼ ਕਰਦਾ ਹੈ। ਜਿਸ ਨੌਜ਼ਵਾਨ ਨੇ ਦੋਸ਼ੀਆਂ ਦਾ ਪਿੰਡ ਦੀਆਂ ਕੁਝ ਔਰਤਾਂ ਦੇ ਘਰ ਜਾਣ ਦਾ ਵਿਰੋਧ ਕੀਤਾ ਸੀ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਨੌਜ਼ਵਾਨ ਨੂੰ ਸਿਰਫ ਇਸ ਲਈ ਕਤਲ ਕਰ ਦਿੱਤਾ ਗਿਆ, ਕਿਉਂਕਿ ਉਸਨੇ ਆਲੇ ਦੁਆਲੇ ਵਾਪਰ ਰਹੀਆਂ ਗਲਤ ਘਟਨਾਵਾਂ ਦਾ ਵਿਰੋਧ ਕੀਤਾ ਸੀ। ਉਨ੍ਹਾ ਨੇ ਖੁਲਾਸਾ ਕੀਤਾ ਕਿ ਹਾਲੇ 'ਚ ਦੋ ਨੌਜ਼ਵਾਨ ਸ਼ਰਾਬ ਮਾਫੀਆ ਹੱਥੋਂ ਆਪਣੀਆਂ ਜਾਨਾਂ ਗੁਆਂ ਚੁੱਕੇ ਹਨ।
ਇਕ ਹੋਰ ਮਾਮਲੇ 'ਚ ਉਨ੍ਹਾਂ ਨੇ ਅਕਾਲੀ ਕੌਂਸਲਰ ਵੱਲੋਂ ਇਕ ਪੱਤਰਕਾਰ ਦੇ ਬੇਰਹਮੀ ਨਾਲ ਕਤਲ ਦਾ ਜ਼ਿਕਰ ਕੀਤਾ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਸੂਬੇ ਦੀ ਬਾਦਲ ਸਰਕਾਰ ਅਪਰਾਧੀਆਂ ਨਾਲ ਪੂਰੀ ਤਰ੍ਹਾਂ ਮਿੱਲ ਗਈ ਲੱਗਦੀ ਹੈ, ਜਿਸਨੇ ਅਪਰਧੀਆਂ ਨੂੰ ਪੂਰੀ ਤਰ੍ਹਾਂ ਨਾਲ ਅਜ਼ਾਦੀ ਦੇ ਦਿੱਤੀ ਹੈ।
ਹਾਲਾਤ ਇੰਨੇ ਮਾੜੇ ਹਨ ਕਿ ਚੋਣ ਕਮਿਸ਼ਨ ਨੂੰ ਵੀ ਨੋਟਿਸ ਲੈਣਾ ਪਿਆ ਹੈ ਅਤੇ ਉਸਨੇ ਚੋਣਾਂ ਦੌਰਾਨ ਹਿੰਸਾ ਦੀਆਂ ਸ਼ੰਕਾਵਾਂ ਦੇ ਮੱਦੇਨਜ਼ਰ ਸੁਤੰਤਰ ਤੇ ਨਿਰਪੱਖ ਚੋਣਾਂ ਵਾਸਤੇ ਨਿਰਦੇਸ਼ ਜ਼ਾਰੀ ਕੀਤੇ ਹਨ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਚੋਣਾਂ ਦਾ ਸਾਹਮਣਾ ਕਰ ਰਹੇ ਸੂਬੇ 'ਚ ਅਪਰਾਧ ਤੇ ਹਿੰਸਾ ਦੀਆਂ ਘਟਨਾਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ, ਜਿਹੜਾ ਮਾਫੀਆ ਤੇ ਅਪਰਾਧਿਕ ਗੈਂਗਾਂ ਦੇ ਸ਼ਿੰਕਜੇ 'ਚ ਹੈ।
ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੇ ਪੁਲਿਸ ਤੇ ਸਿਆਸਤਦਾਨਾਂ ਵਿਚਾਲੇ ਗਠਜੋੜ ਦਾ ਭਾਂਡਾਫੋੜ ਕਰ ਦਿੱਤਾ ਹੈ, ਜਿਨ੍ਹਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਅਰਾਜਕਤਾ ਦੀ ਸਥਿਤੀ 'ਚ ਧਕੇਲ ਦਿੱਤਾ ਹੈ।
ਉਨ੍ਹਾਂ ਨੇ ਸੋਮਵਾਰ ਨੂੰ ਸਾਹਮਣੇ ਆਏ ਦੋਨਾਂ ਕੇਸਾਂ 'ਚ ਤੁਰੰਤ ਦੋਸ਼ੀਆਂ ਨੂੰ ਕਾਬੂ ਕੀਤੇ ਜਾਣ ਦੀ ਮੰਗ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇ ਦੋਸ਼ੀਆਂ ਖਿਲਾਫ ਜ਼ਲਦੀ ਤੋਂ ਜ਼ਲਦੀ ਕਾਰਵਾਈ ਨਾ ਕੀਤੀ ਗਈ, ਤਾਂ ਸੂਬੇ ਦੇ ਲੋਕ ਸਰਕਾਰ ਦੇ ਵਿਰੋਧ 'ਚ ਉੱਠ ਖੜ੍ਹੇ ਹੋਣਗੇ।