← ਪਿਛੇ ਪਰਤੋ
ਚੰਡੀਗੜ੍ਹ, 27 ਅਕਤੂਬਰ, 2016 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਰਾਹੁਲ ਗਾਂਧੀ ਵੱਲੋਂ ਅਗਲੇ ਮਹੀਨੇ ਕੀਤੇ ਜਾਣ ਵਾਲੇ ਪੰਜਾਬ ਦੌਰੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਅਕਾਲੀ-ਭਾਜਪਾ ਗੱਠਜੋੜ ਨੂੰ ਠੀਕ ਉਸੇ ਤਰ੍ਹਾਂ ਹੁਲਾਰਾ ਮਿਲੇਗਾ ਜਿਵੇਂ ਕਿ ਉੱਤਰ ਪ੍ਰਦੇਸ਼ ਵਿਚ ਰਾਹੁਲ ਵੱਲੋਂ ਕੀਤੇ ਫਲਾਪ ਸ਼ੋਅ ਨਾਲ ਉਸ ਦੇ ਸਿਆਸੀ ਵਿਰੋਧੀਆਂ ਨੂੰ ਫਾਇਦਾ ਪੁੱਜਾ ਹੈ। ਇੱਥੋਂ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਰਾਹੁਲ ਦਾ ਇਹ ਦੌਰਾ ਸਿਰਫ ਤਸਵੀਰਾਂ ਖਿਚਵਾਉਣ ਲਈ ਕੀਤਾ ਜਾ ਰਿਹਾ ਹੈ ਜਦਕਿ ਉਸ ਨੂੰ ਪਹਿਲਾਂ ਪੰਜਾਬ ਵਾਸੀਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਸ ਦੇ ਪਰਿਵਾਰ ਵੱਲੋਂ ਪੰਜਾਬ ਖਿਲਾਫ ਕਿਉਂ ਇੰਤਹਾਂ ਜ਼ੁਰਮ ਕੀਤੇ ਗਏ।ਉਨ੍ਹਾਂ ਕਿਹਾ ਕਿ ਰਾਹੁਲ ਦੀ ਦਾਦੀ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ 'ਤੇ ਟੈਂਕ ਚੜ੍ਹਾਏ ਅਤੇ ਉਸ ਦੇ ਪਿਤਾ ਰਾਜੀਵ ਗਾਂਧੀ ਨੇ 1984 ਵਿਚ ਸਿੱਖ ਕਤਲੇਆਮ ਲਈ ਕਾਂਗਰਸੀ ਗੁੰਡਿਆਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਏਨਾ ਹੀ ਨਹੀਂ ਖੁਦ ਰਾਹੁਲ ਗਾਂਧੀ ਪੰਜਾਬ ਦੇ ਨੌਜਵਾਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਜਿਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੱਈ ਕਹਿ ਕੇ ਬਦਨਾਮ ਕੀਤਾ ਅਤੇ ਉਨ੍ਹਾਂ ਦਾ ਭਵਿੱਖ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ। ਢੀਂਡਸਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਰਾਹੁਲ ਨੇ ਕਦੇ ਵੀ ਆਪਣੇ ਪਰਿਵਾਰ ਵੱਲੋਂ ਕੀਤੇ ਅਜਿਹੇ ਬੱਜਰ ਗੁਨਾਹਾਂ ਲਈ ਪੰਜਾਬ ਵਾਸੀਆਂ ਤੋਂ ਮੁਆਫੀ ਨਹੀਂ ਮੰਗੀ ਜਿਨ੍ਹਾਂ ਕਾਰਿਆਂ ਨੇ ਦੁਨੀਆਂ ਭਰ ਦੇ ਸਿੱਖਾਂ ਦੇ ਹਿਰਦਿਆਂ 'ਤੇ ਸੱਟਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਨੇ ਨਾ ਸਿਰਫ 1984 ਸਿੱਖ ਕਤਲੇਆਮ ਲਈ ਕਾਂਗਰਸੀਆਂ ਨੂੰ ਹੱਲਾਸ਼ੇਰੀ ਦਿੱਤੀ ਬਲਕਿ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਦੇਣ ਵੱਜੋਂ ਵੀ ਨਾਂਹ ਕੀਤੀ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਰਾਹੁਲ ਗਾਂਧੀ ਦਾ ਸਬੰਧ ਹੈ ਉਸ ਨੇ ਹਾਲੇ ਤੱਕ 70 ਫੀਸਦੀ ਪੰਜਾਬੀਆਂ ਨੂੰ ਨਸ਼ੱਈ ਕਹਿਣ ਵਾਲੇ ਆਪਣੇ ਤੱਥਾਂ ਰਹਿਤ ਅਤੇ ਝੂਠੇ ਬਿਆਨ ਲਈ ਅਫਸੋਸ ਤੱਕ ਨਹੀਂ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਰਾਹੁਲ ਨੂੰ ਸ਼ਾਇਦ ਹਾਲੇ ਤੱਕ ਪਤਾ ਨਹੀਂ ਲੱਗਾ ਕਿ ਜਿਸ ਆਧਾਰ 'ਤੇ ਉਸ ਨੇ ਉਕਤ ਬਿਆਨ ਦਿੱਤਾ ਸੀ ਉਹ ਸਟੱਡੀ ਸਿਰਫ ਨਸ਼ੱਈਆਂ ਦੇ ਇਕ ਛੋਟੇ ਜਿਹੇ ਸਮੂਹ 'ਤੇ ਕੀਤੀ ਗਈ ਸੀ ਜਿਸ ਵਿਚ 70 ਫੀਸਦੀ ਨੌਜਵਾਨ ਨਸ਼ੇ ਕਰਨ ਵਾਲੇ ਨਿਕਲੇ ਸਨ। ਉਨ੍ਹਾਂ ਕਿਹਾ ਕਿ ਹਾਲੇ ਵੀ ਦੇਰ ਨਹੀਂ ਹੋਈ ਹੈ ਅਤੇ ਰਾਹੁਲ ਆਪਣੀ ਗਲਤੀ ਨੂੰ ਸੁਧਾਰ ਕੇ ਪੰਜਾਬ ਦੇ ਨੌਜਵਾਨਾਂ ਤੋਂ ਤੁਰੰਤ ਮੁਆਫੀ ਮੰਗੇ। ਰਾਹੁਲ 'ਤੇ ਤਨਜ਼ ਕੱਸਦਿਆਂ ਢੀਂਡਸਾ ਨੇ ਕਿਹਾ ਕਿ ਰਾਹੁਲ ਤੋਂ ਉਂਝ ਅਜਿਹੀ ਕੋਈ ਆਸ ਰੱਖੀ ਨਹੀਂ ਜਾ ਸਕਦੀ ਕਿਉਂ ਕਿ ਗਾਂਧੀ ਪਰਿਵਾਰ ਦਾ 'ਯੁਵਰਾਜ' ਪਹਿਲਾਂ ਤੋਂ ਹੀ ਉਸ ਦੇ ਚਮਚੇ-ਚੇਲਿਆਂ ਵੱਲੋਂ ਤਿਆਰ ਕੀਤੀਆਂ ਪਰਚੀਆਂ ਤੋਂ ਆਪਣੇ ਬਿਆਨ ਪੜ੍ਹਦਾ ਹੈ। ਢੀਂਡਸਾ ਨੇ ਅੱਗੇ ਕਿਹਾ ਕਿ ਗਾਂਧੀ ਪਰਿਵਾਰ ਦਾ ਹਿੱਸਾ ਅਤੇ ਕਾਂਗਰਸ ਪਾਰਟੀ ਦਾ ਉਪ ਪ੍ਰਧਾਨ ਹੋਣ ਦੇ ਨਾਤੇ ਰਾਹੁਲ ਪੰਜਾਬ ਦੇ ਵਿਕਾਸ ਲਈ ਪਾਏ ਯੋਗਦਾਨ ਦੀ ਕੋਈ ਇਕ ਪ੍ਰਾਪਤੀ ਗਿਣਾ ਕੇ ਵਿਖਾ ਦੇਵੇ। ਉਨ੍ਹਾਂ ਕਿਹਾ ਕਿ ਰਾਹੁਲ ਦੀ ਮਾਤਾ ਸੋਨੀਆ ਗਾਂਧੀ ਅਤੇ ਖੁਦ ਰਾਹੁਲ ਨੇ 10 ਸਾਲਾਂ ਤੱਕ ਕੇਂਦਰ ਦੀ ਕਾਂਗਰਸ ਸਰਕਾਰ 'ਤੇ ਨਿਯੰਤ੍ਰਣ ਰੱਖਿਆ ਹੈ ਪਰ ਇਨ੍ਹਾਂ 10 ਸਾਲਾਂ ਵਿਚ ਅਜਿਹੀ ਕੋਈ ਇੱਕ ਵੀ ਪ੍ਰਾਪਤੀ ਨਹੀਂ ਹੈ ਜੋ ਪੰਜਾਬ ਦੇ ਭਲੇ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿਚ ਰਹਿੰਦਿਆਂ ਵੀ ਜਦੋਂ ਰਾਹੁਲ ਪੰਜਾਬ ਲਈ ਕੁਝ ਨਹੀਂ ਕਰ ਸਕਿਆ ਤਾਂ ਹੁਣ ਉਹ ਪੰਜਾਬ ਕੀ ਕਰਨ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੀ ਸਿਆਸਤ ਹੁਣ ਖਤਮ ਹੋ ਗਈ ਹੈ ਅਤੇ ਰਾਹੁਲ ਖੁਦ 2017 ਦੀਆਂ ਪੰਜਾਬ ਚੋਣਾਂ ਲਈ ਸੂਬੇ ਵਿਚੋਂ ਕਾਂਗਰਸ ਦੀਆਂ ਜੜ੍ਹਾਂ ਪੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਕੌਮੀ ਪੱਧਰ 'ਤੇ ਕਾਂਗਰਸ ਦਾ ਅੰਤ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਉੱਤਰ ਪ੍ਰਦੇਸ਼ ਵਿਚ ਰਾਹੁਲ ਦੀ ਸੁਪਰ ਫਲਾਪ ਪਦ-ਯਾਤਰਾ ਵੇਖ ਚੁੱਕਾ ਹੈ ਅਤੇ ਇਹੀ ਕੁਝ ਹੁਣ ਪੰਜਾਬ ਵਿਚ ਵੀ ਹੋਣਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਹੁਲ ਦੇ ਪੰਜਾਬ ਦੌਰੇ ਦਾ ਸਵਾਗਤ ਕੀਤਾ ਜਾਂਦਾ ਹੈ ਕਿਉਂ ਕਿ ਇਸ ਨਾਲ ਹੁਣ ਸੂਬੇ 'ਚ ਕਾਂਗਰਸ ਦਾ ਖਾਤਮਾ ਤੇਜ਼ੀ ਨਾਲ ਹੋਵੇਗਾ।
Total Responses : 265