ਬਠਿੰਡਾ, 6 ਨਵੰਬਰ, 2016 : ਪੰਜਾਬ ਹਰਿਤ ਉਰਜਾ ਦੇ ਖੇਤਰ ਵਿਚ ਨਵਾਂ ਮਾਅਰਕਾ ਮਾਰਨ ਜਾ ਰਿਹਾ ਹੈ ਜਿਸਦੀ ਸ਼ੁਰੂਆਤ 8 ਨਵੰਬਰ-ਮੰਗਲਵਾਰ ਨੂੰ ਬਠਿੰਡਾ ਦੇ ਸਰਦਾਰਗੜ ਅਤੇ ਚੁਘੇਕਲਾਂ ਪਿੰਡਾਂ ਵਿਚ ਸਥਾਪਤ ਕੀਤੇ ਗਏ ਭਾਰਤ ਦੇ ਸੱਭ ਤੋਂ ਵੱਡੇ ਐਸ ਐਸ ਏ ਟੀ (ਹਾਰੀਜਾਂਟਲ ਸਿੰਗਲ ਐਕਸੈਸ ਟ੍ਰੈਕਰ) ਸੋਲਰ ਪਲਾਂਟ ਦੇ ਉਦਘਾਟਨ ਨਾਲ ਹੋਵੇਗੀ। ਇਸ ਸੂਰਜੀ ਪਲਾਂਟ ਦੀ ਉਰਜਾ ਪੈਦਾ ਕਰਨ ਦੀ ਸਮੱਰਥਾ 100 ਮੈਗਾਵਾਟ ਹੈ ਜੋ ਇਕ ਹੀ ਥਾਂ 'ਤੇ ਸਥਾਪਤ ਕੀਤਾ ਗਿਆ ਹੈ। ਇਸ ਪਲਾਂਟ ਨੂੰ ਅਦਾਨੀ ਐਂਟਰਪ੍ਰਾਸੀਜ ਲਿਮ. ਜੋਕਿ ਅਦਾਨੀ ਗਰੁਪ ਦਾ ਹੀ ਹਿੱਸਾ ਹੈ, ਵਲੋਂ 640 ਕਰੋੜ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਹੈ।
ਪਲਾਂਟ ਦਾ ਉਦਘਾਟਨ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਨਵੇਂ ਤੇ ਨਵਿਆਉਣਯੋਗ ਊਰਜਾ ਸਰੋਤਾਂ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਸਮੇਤ ਕਰਨਗੇ।
ਇਸ ਸੂਰਜੀ ਉਰਜਾ ਪਲਾਂਟ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਸਮੇਂ ਤੋਂ 8 ਮਹੀਨੇ ਪਹਿਲਾਂ ਤਿਆਰ ਕੀਤੇ ਇਸ ਪ੍ਰੋਜੈਕਟ ਦੀ ਸਥਾਪਤੀ ਲਈ ਦੁਨੀਆਂ ਦੀ ਉੱਤਮ ਤਕਨਾਲੌਜੀ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਇਸ ਪ੍ਰੋਜੈਕਟ ਨਾਲ ਕਰੀਬ 300-400 ਵਿਅਕਤੀਆਂ ਨੂੰ ਸਿੱਧਾ-ਅਸਿੱਧਾ ਰੋਜਗਾਰ ਮਿਲਿਆ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਪ੍ਰੋਜੈਕਟ ਨੂੰ ਮਿੱਥੇ ਸਮੇਂ ਤੋਂ 6 ਮਹੀਨੇ ਪਹਿਲਾਂ ਮੁਕੰਮਲ ਕੀਤਾ।
ਬੁਲਾਰੇ ਨੇ ਦਸਿਆ ਕਿ ਸਥਾਪਤੀ ਮਗਰੋਂ ਇਹ ਸੂਰਜੀ ਉਰਜਾ ਪਲਾਂਟ ਨਾ ਸਿਰਫ ਪੰਜਾਬ ਦਾ ਸਗੋਂ ਭਾਰਤ ਦਾ ਸੱਭ ਤੋਂ ਵੱਡਾ ਟ੍ਰੈਕਰ ਬੇਸਡ ਸੂਰਜੀ ਪ੍ਰੋਜੈਕਟ ਹੋਵੇਗਾ। ਇਸ ਪ੍ਰੋਜੈਕਟ ਦੀ ਸਥਾਪਤੀ ਲਈ ਕ੍ਰਿਸਟੇਲਿਅਨ ਸਿਲੀਕਾਨ ਪੀਵੀ ਮੋਡਯੂਲਜ ਅਤੇ ਹਾਰੀਜਾਂਟਲ ਸਿੰਗਲ ਐਕਸੈਸ ਟ੍ਰੈਕਰ ਤਕਨਾਲੌਜੀ ਦੀ ਵਰਤੋਂ ਕੀਤੀ ਗਈ ਹੈ। ਇਸ ਪਲਾਂਟ ਦੀ ਸਥਾਪਤੀ 661 ਏਕੜ ਏਰੀਏ 'ਤੇ ਕੀਤੀ ਗਈ ਹੈ। ਇਸ ਪ੍ਰੋਜੈਕਟ ਤੋਂ ਸਲਾਨਾ 88, 000 ਮੈਗਾਵਾਟ ਉਰਜਾ ਦੀ ਪੈਦਾਵਾਰ ਦਾ ਅਨੁਮਾਨ ਹੈ। ਇਹ ਜਿਕਰਯੋਗ ਹੈ ਕਿ ਅਦਾਨੀ ਗਰੁਪ ਮੌਜੂਦਾ ਸਮੇਂ ਦੇਸ਼ ਦਾ ਵੱਡਾ ਸੂਰਜੀ ਉਰਜਾ ਪੈਦਾਵਾਰ ਕਰਨ ਵਾਲਾ ਗਰੁੱਪ ਹੈ।