ਲੁਧਿਆਣਾ, 15 ਅਕਤੂਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਨੌਕਰੀਆਂ ਤੇ ਖਾਸ ਕਰਕੇ ਨਗਰ ਨਿਗਮਾਂ, ਕਮੇਟੀਆਂ ਅਤੇ ਹੋਰਨਾਂ ਲੋਕਲ ਬਾਡੀਜ਼ 'ਚ ਠੇਕੇਦਾਰੀ ਵਿਵਸਥਾ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੈ। ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਥੇ ਅਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਐਲਾਨ ਕੀਤਾ ਕਿ ਇਨ੍ਹਾਂ ਸੰਸਥਾਵਾਂ 'ਚ ਐਡਹਾਕ ਜਾਂ ਰੋਜ਼ਾਨਾ ਦਿਹਾੜੀ 'ਤੇ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਨੂੰ ਕਾਂਗਰਸ ਦੀ ਸਰਕਾਰ ਬਣਨ 'ਤੇ ਰੈਗੁਲਰ ਕੀਤਾ ਜਾਵੇਗਾ। ਇਸ ਮੌਕੇ ਕੈਪਟਨ ਅਮਰਿੰਦਰ ਨੇ ਭਗਵਾਨ ਵਾਲਮੀਕਿ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਉਨ੍ਹਾਂ ਦੇ ਪ੍ਰਕਾਸ਼ ਪੁਰਬ ਦੀਆਂ ਲੋਕਾਂ ਨੂੰ ਵਧਾਈਆਂ ਦਿੱਤੀਆਂ।
ਇਸ ਦੌਰਾਨ ਵਾਲਮੀਕਿ ਸਮਾਜ ਦੀਆਂ ਮੰਗਾਂ ਦੇ ਜਵਾਬ 'ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਸ਼ਗਨ ਸਕੀਮ ਦੀ ਰਾਸੀ ਨੂੰ ਵਧਾ ਕੇ 50000 ਰੁਪਏ ਕੀਤਾ ਜਾਵੇਗਾ, ਜਦਕਿ ਬੁਢਾਪਾ, ਅੰਗਹੀਣ ਤੇ ਵਿਧਵਾ ਪੈਨਸਨਾਂ ਨੂੰ ਵੀ 2000 ਰੁਪਏ ਪ੍ਰਤੀ ਮਹੀਨੇ ਤੱਕ ਵਧਾਇਆ ਜਾਵੇਗਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਉਹ ਗਰੀਬਾਂ ਨੂੰ 300 ਯੁਨਿਟ ਬਿਜਲੀ ਫ੍ਰੀ ਦੇਵੇਗੀ। ਇਸ ਤੋਂ ਇਲਾਵਾ, ਕਾਂਗਰਸ ਸਰਕਾਰ ਨਾ ਸਿਰਫ ਆਟਾ ਦਾਲ ਸਕੀਮ ਨੂੰ ਜ਼ਾਰੀ ਰੱਖੇਗੀ, ਬਲਕਿ ਇਸ 'ਚ ਚਾਹ ਪੱਤੀ ਤੇ ਖੰਡ ਵੀ ਮੁਹੱਈਆ ਕਰਵਾਏਗੀ।
ਕੈਪਟਨ ਅਮਰਿੰਦਰ ਨੇ ਵਾਲਮੀਕਿ ਭਾਈਚਾਰੇ ਨੂੰ ਕਾਂਗਰਸ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਵਾਲਮੀਕਿ ਸਮਾਜ ਨਾਲ ਪੁਰਾਣਾ ਇਤਿਹਾਸ ਤੇ ਡੂੰਘਾ ਰਿਸ਼ਤਾ ਰਿਹਾ ਹੈ। ਉਨ੍ਹਾਂ ਨੇ ਵਾਲਮੀਕਿ ਸਮਾਜ ਦੇ ਉਤਸਾਹਿਤ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਸਾਡੀ ਤਾਕਤ ਹੋ। ਇਸ ਦੌਰਾਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਏ.ਆਈ.ਸੀ.ਸੀ ਪੰਜਾਬ ਇੰਚਾਰਜ਼ ਆਸ਼ਾ ਕੁਮਾਰੀ ਨੇ ਲੋਕਾਂ ਨੂੰ ਤੈਅ ਕਰਨ ਦੀ ਅਪੀਲ ਕੀਤੀ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਗਲੀ ਕਾਂਗਰਸ ਦੀ ਸਰਕਾਰ ਬਣੇ। ਉਨ੍ਹਾਂ ਨੇ ਕਿਹਾ ਕਿ ਵਾਲਮੀਕਿ ਸਮਾਜ ਦੇ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਏ.ਆਈ.ਸੀ.ਸੀ ਜਨਰਲ ਸਕੱਤਰ ਨੇ ਕਿਹਾ ਕਿ ਕਾਂਗਰਸ ਪਾਰਟੀ ਪਿਛੜੇ ਵਰਗਾਂ ਦੀ ਭਲਾਈ ਤੇ ਵਿਕਾਸ ਵਾਸਤੇ ਵਚਨਬੱਧ ਹੇ। ਜੇਕਰ ਕੋਈ ਪਾਰਟੀ ਸਮਾਜ ਦੇ ਆਰਥਿਕ ਤੇ ਸਮਾਜਿਕ ਪੱਖੋਂ ਕਮਜੋਰ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ, ਤਾਂ ਉਹ ਕਾਂਗਰਸ ਪਾਰਟੀ ਹੀ ਹੈ। ਕੈਪਟਨ ਅਮਰਿੰਦਰ ਤੋਂ ਪਹਿਲਾਂ ਸੀਨੀਅਰ ਪਾਰਟੀ ਆਗੂ ਡਾ ਰਾਜ ਕੁਮਾਰ ਵੇਰਕਾ ਨੇ ਵੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਤੇ ਵਾਲਮੀਕਿ ਸਮਾਜ ਦੀਆਂ ਕਈ ਮੰਗਾਂ ਨੂੰ ਸੁਣਿਆ।