ਚੰਡੀਗੜ੍ਹ, 3 ਨਵੰਬਰ, 2016 : ਆਮ ਆਦਮੀ ਪਾਰਟੀ (ਆਪ) ਨੇ ਸਤਲੁਜ-ਯਮੁਨਾ ਲਿੰਕ ਨਹਿਰ (ਐਸਵਾਈਐਲ) ਦੇ ਮੁੱਦੇ ਉਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਵਿਜੇ ਸਾਂਪਲਾ ਉਤੇ ਦੋਗਲੀ ਨੀਤੀ ਅਪਣਾਉਣ ਦਾ ਦੋਸ਼ ਲਗਾਉਂਦਿਆਂ ਇਸ ਮੁੱਦੇ ਉਤੇ ਪਾਰਟੀ ਦੀ ਨੀਤੀ ਸਪਸ਼ਟ ਕਰਨ ਲਈ ਕਿਹਾ ਹੈ।
ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਸਵਾਲ ਕੀਤਾ ਕਿ ਜੇਕਰ ਸਾਂਪਲਾ ਸਚਮੁੱਚ ਪੰਜਾਬ ਦੇ ਹੱਕਾਂ ਬਾਰੇ ਚਿੰਤਿਤ ਹੈ, ਤਾਂ ਕੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਪਰੀਮ ਕੋਰਟ ਤੋਂ ਕੇਸ ਵਾਪਿਸ ਲੈਣ ਦੀ ਅਪੀਲ ਕਰਨਗੇ?
ਵੜੈਚ ਨੇ ਕਿਹਾ ਕਿ ਭਾਰਤ ਦੇ ਸੋਲਿਸਟਰ ਜਨਰਲ ਰਣਜੀਤ ਸਿਨਹਾ ਨੇ ਐਸਵਾਈਐਲ ਮੁੱਦੇ ਉਤੇ ਪੰਜਾਬ ਦੇ ਹਿੱਤਾਂ ਦੇ ਖਿਲਾਫ ਹਲਫਨਾਮਾ ਦਾਇਰ ਕੀਤਾ ਸੀ ਤੇ ਕੀ ਵਿਜੇ ਸਾਂਪਲਾ ਸਿਨਹਾ ਵੱਲੋਂ ਹਲਫਨਾਮਾ ਵਾਪਿਸ ਲੈਣ ਨੂੰ ਯਕੀਨੀ ਬਣਾਉਣਗੇ?
ਉਨਾਂ ਕਿਹਾ ਕਿ ਪੰਜਾਬ ਭਾਜਪਾ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕਿਹੜੇ ਕਦਮ ਚੁੱਕੇ ਗਏ ਅਤੇ ਨਾਲ ਹੀ ਇਹ ਵੀ ਦੱਸਣ ਕਿ ਕੀ ਇਨਾਂ ਮੁੱਦਿਆਂ ਨੂੰ ਲੈ ਕੇ ਸਬੰਧਿਤ ਮੰਤਰੀਆਂ ਨਾਲ ਗੱਲਬਾਤ ਕੀਤੀ ਗਈ ਹੈ ?
ਇੱਥੇ ਇਹ ਵਰਣਨਯੋਗ ਹੈ ਕਿ ਕੇਂਦਰੀ ਰਾਜ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਉਸ ਬਿਆਨ ਦੀ ਹਿਮਾਇਤ ਕੀਤੀ ਸੀ, ਜਿਸ ਵਿੱਚ ਉਨਾਂ ਕਿਹਾ ਸੀ ਕਿ ਪੰਜਾਬ ਨੂੰ ਦਰਿਆਈ ਪਾਣੀਆਂ ਵਿੱਚ ਉਸਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ।
ਵਰਣਨਯੋਗ ਹੈ ਕਿ ਸਾਂਪਲਾ ਨੇ ਕਿਹਾ ਸੀ ਕਿ ਪੰਜਾਬ ਦੇਸ਼ ਦਾ ਅੰਨ ਭੰਡਾਰ ਸੀ ਅਤੇ ਇਸਨੇ ਦੇਸ਼ ਦੀ ਅਰਥਿਕਤਾ ਵਿੱਚ ਵੀ ਚੰਗਾ ਯੋਗਦਾਨ ਪਾਇਆ, ਇਸ ਲਈ ਪੰਜਾਬ ਦੀ ਖੇਤਬਾੜੀ ਆਰਥਿਕਤਾ ਨੂੰ ਬਚਾਉਣ ਅਤੇ ਹੋਰ ਮਜਬੂਤ ਕਰਨ ਲਈ ਸੂਬੇ ਨੂੰ ਪਾਣੀਆਂ ਵਿੱਚ ਬਣਦਾ ਹੱਕ ਮਿਲਣਾ ਚਾਹੀਦਾ ਹੈ।
ਸਾਂਪਲਾ ਨੇ ਕਿਹਾ ਸੀ ਕਿ ਜਿਸ ਤਰਾਂ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਲਈ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ, ਉਸੇ ਤਰਾਂ ਖੇਤੀਬਾੜੀ ਨੂੰ ਪ੍ਰਫੁੱਲਿਤ ਕਰਨ ਲਈ ਲੋੜੀਂਦੇ ਪਾਣੀ ਦੀ ਵੀ ਜਰੂਰਤ ਹੈ।
ਸਾਂਪਲਾ ਨੇ ਕਿਹਾ ਕਿ ਪੰਜਾਬ ਦੀ ਪਾਣੀਆਂ ਲਈ ਮੰਗ ਖੁਦ ਲਈ ਨਹੀਂ, ਬਲਕਿ ਪੂਰੇ ਦੇਸ਼ ਲਈ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੀਤੇ ਦਿਨੀਂ ਕਿਹਾ ਸੀ ਕਿ ਪੰਜਾਬ ਅਤੇ ਇਸਦੇ ਲੋਕ ਦਰਿਆਈ ਪਾਣੀਆਂ ਬਾਰੇ ਆਏ ਵਿਰੋਧੀ ਫੈਸਲੇ ਨੂੰ ਕਿਸੇ ਵੀ ਹਾਲ ਚ ਸਵੀਕਾਰ ਨਹੀਂ ਕਰਨਗੇ।