ਨਵੀਂ ਦਿੱਲੀ, 18 ਅਗਸਤ, 2016 : ਵਿਦੇਸ਼ੀ ਸਿੱਖਾਂ ਦੀ 32 ਸਾਲ ਪੁਰਾਣੀ ਕਾਲੀ ਸੂਚੀ ਪ੍ਰਧਾਨ ਮੰਤਰੀ ਦਫਤਰ ਨੇ ਵੀਰਵਾਰ ਨੂੰ ਰੱਦ ਕਰਵਾ ਦਿੱਤੀ ਹੈ। ਇਸ ਖਬਰ ਨਾਲ ਪੰਜਾਬ ਦੇ ਹਜ਼ਾਰਾਂ ਸਿੱਖਾਂ ਦਾ ਚਿਹਰਾ ਖੁਸ਼ੀ ਨਾਲ ਖਿੜ ਜਾਵੇਗਾ ਕਿਉਂਕਿ ਉਹ ਵਿਦੇਸ਼ਾਂ 'ਚ ਬੈਠੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕਣਗੇ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ 212 ਪਰਿਵਾਰਾਂ ਦੇ ਪ੍ਰਵਾਸੀ ਭਾਰਤੀ ਸਿੱਖਾਂ ਦੇ ਭਾਰਤ ਆਉਣ ਉੱਤੇ 32 ਸਾਲਾਂ ਤੋਂ ਚਲੀ ਆ ਰਹੀ ਪਾਬੰਦੀ ਖਤਮ ਕਰ ਦਿੱਤੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਕਦਮ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਸਾਲ 1984 ਦੇ ਆਪਰੇਸ਼ਨ ਬਲੂ ਸਟਾਰ ਅਤੇ ਸਾਲ 1985 ਵਿਚ ਕਨਿਸ਼ਕ ਹਵਾਈ ਜਹਾਜ਼ ਬੰਬ ਕਾਂਡ ਦੀ ਘਟਨਾ ਤੋਂ ਬਾਅਦ ਕਾਂਗਰਸ ਸਰਕਾਰ ਨੇ ਇਹ ਰੋਕ ਲਾਈ ਸੀ। ਇਸ ਪਾਬੰਦੀ ਦੀ ਸੂਚੀ ਵਿਚ ਆਉਣ ਵਾਲੇ ਜ਼ਿਆਦਾਤਰ ਪ੍ਰਵਾਸੀ ਸਿੱਖ ਅਮਰੀਕਾ, ਕੈਨੇਡਾ ਅਤੇ ਬਰਤਾਨੀਆ ਵਿਚ ਰਹਿ ਰਹੇ ਹਨ। ਕਾਲੀ ਸੂਚੀ ਖਤਮ ਕਰਨ ਦੇ ਸਰਕਾਰ ਦੇ ਫੈਸਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਦੀ ਅਗਵਾਈ ਵਾਲੀ ਇਕ ਕਮੇਟੀ ਨੇ ਕਾਲੀ ਸੂਚੀ ਦੀ ਸਮੀਖਿਆ ਕੀਤੀ ਅਤੇ 324 ਵਿਚੋਂ 212 ਮਾਮਲਿਆਂ ਵਿਚ ਰੋਕ ਹਟਾ ਦਿੱਤੀ ਹੈ, ਜਦੋਂਕਿ ਬਾਕੀ ਮਾਮਲਿਆਂ ਦੀ ਮੁੜ ਤੋਂ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਵੀ ਕਾਲੀ ਸੂਚੀ ਵਿਚੋਂ ਹਟਾਇਆ ਜਾ ਸਕਦਾ ਹੈ।