ਸਾਦਿਕ ਨੇੜੇ ਪਿੰਡ ਚੰਨੀਆਂ ਵਿਚ ਗੁਰਦਵਾਰਾ ਸਾਹਿਬ ਅੰਦਰ ਸ਼ਰਾਬ ਦੇ ਠੇਕੇਦਾਰਾਂ ਦੀ ਗੱਡੀ ਕੋਲ ਨਾਅਰੇਬਾਜ਼ੀ ਕਰਦੇ ਲੋਕ, ਗਲਬਾਤ ਕਰਦੇ ਬਾਬਾ ਅਵਤਾਰ ਸਿੰਘ ਸਾਧਾਂਵਾਲਾ, ਪੁਲਿਸ ਦੀਆਂ ਗੱਡੀਆਂ ਰੋਕੀ ਖੜ•ਾ ਹਜੂਮ ਤੇ ਖਿਲਰੀ ਸ਼ਰਾਬ। ਫੋਟੋ ਸਾਦਿਕ
ਸਾਦਿਕ, 24 ਅਗਸਤ, 2016 : ਜ਼ਿਲਾ ਫਰੀਦਕੋਟ ਦੇ ਨੇੜਲੇ ਪਿੰਡ ਚੰਨੀਆਂ ਵਿਖੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਸ਼ਰਾਬ ਵਾਲੀ ਗੱਡੀ ਗੁਰਦਵਾਰਾ ਸਾਹਿਬ ਦੀ ਹਦੂਦ ਅੰਦਰ ਲਿਜਾਣ 'ਤੇ ਵਿਵਾਦ ਖੜ•ਾ ਹੋ ਗਿਆ ਤੇ ਰੋਹ ਵਿਚ ਆਈ ਸਿੱਖ ਸੰਗਤਾਂ ਤੇ ਪਿੰਡ ਵਾਸੀਆਂ ਨੇ ਠੇਕੇਦਾਰਾਂ ਦੀ ਉਕਤ ਗੱਡੀ ਦੀ ਭੰਨਤੋੜ ਕਰਦਿਆਂ ਗੱਡੀ ਪਲਟਾ ਦਿੱਤੀ ਜਿਸ ਵਿਚ ਸ਼ਰਾਬ ਦੀ ਪੇਟੀ ਖਿਲਰੀ ਹੋਈ ਮਿਲੀ। ਇਹ ਘਟਨਾ ਦੀ ਸੂਚਨਾ ਤੇਜ਼ੀ ਨਾਲ ਫੈਲੀ ਤੇ ਦੇਖਦਿਆਂ ਹੀ ਦੇਖਦਿਆਂ ਸਿੱਖ ਸੰਗਤਾਂ ਪਿੰਡ ਚੰਨੀਆਂ ਪੁੱਜਣੀਆਂ ਸ਼ੁਰੂ ਹੋ ਗਈਆਂ। ਸਿੱਖ ਪ੍ਰਚਾਰਕ ਸੰਤ ਬਾਬਾ ਅਵਤਾਰ ਸਿੰਘ ਸਾਧਾਂਵਾਲਾ ਸਮੇਤ ਅਨੇਕਾਂ ਸਿੱਖ ਆਗੂ ਮੌਕੇ ਤੇ ਪੁੱਜੇ ਤੇ ਘਟਨਾ ਦੀ ਨਿਖੇਧੀ ਕਰਦਿਆਂ ਸਖਤ ਕਰਵਾਈ ਦੀ ਮੰਗ ਕੀਤੀ। ਇਸੇ ਦੌਰਾਨ ਹਜ਼ੂਮ ਦੇ ਪੁਲਿਸ ਦੀਆਂ ਦੋ ਗੱਡੀਆਂ ਵੀ ਘੇਰ ਲਈਆਂ। ਮੌਕੇ ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਦਵਾਰਾ ਸਾਹਿਬ ਦੇ ਪਿਛਲੇ ਪਾਸੇ ਕੰਧ ਕੱਢੀ ਹੋਈ ਹੈ ਤੇ ਅੱਗੇ ਪੰਚਾਇਤੀ ਥਾਂ ਵਿਚ ਕਬੱਡੀ ਦਾ ਮੈਚ ਕਰਵਾਇਆ ਜਾ ਰਿਹਾ ਸੀ । ਗੁਰਦਵਾਰਾ ਸਾਹਿਬ ਦੇ ਗ੍ਰੰਥੀ ਬਲਵਿੰਦਰ ਸਿੰਘ, ਕਲੱਬ ਪ੍ਰਧਾਨ ਸੁਖਦੀਪ ਸਿੰਘ, ਜਗਸੀਰ ਸਿੰਘ, ਬਲਦੇਵ ਸਿੰਘ ਡੋਡ ਤੇ ਬਲਵਿੰਦਰ ਸਿੰਘ ਭੋਲਾ ਡੋਡ ਨੇ ਦੱਸਿਆ ਕਿ ਸ਼ਰਾਬ ਦੇ ਠੇਕੇਦਾਰ ਨੇ ਗੱਡੀ ਵਿਚ ਸ਼ਰਾਬ ਰੱਖ ਕੇ ਗੁਰਦਵਾਰਾ ਸਾਹਿਬ ਅੰਦਰ ਵਾੜ ਦਿੱਤੀ। ਉਨਾਂ ਦੋਸ਼ ਲਗਾਇਆ ਕਿ ਕਰਿੰਦੇ ਗੱਡੀ ਵਿਚ ਪਈ ਸ਼ਰਾਬ ਮੇਲਾ ਦੇਖਣ ਆਏ ਦਰਸ਼ਕਾਂ ਨੂੰ ਵੇਚਣ ਲੱਗ ਪਏ। ਜਦ ਲੋਕਾਂ ਨੂੰ ਪਤਾ ਲੱਗਾ ਤਾਂ ਰੋਹ ਵਿਚ ਆਏ ਲੋਕ ਗੱਡੀ ਵੱਲ ਆਏ ਤਾਂ ਮੌਕਾ ਦੇਖ ਕੇ ਗੱਡੀ ਵਿਚ ਸਵਾਰ ਤਿੰਨ-ਚਾਰ ਜਣੇ ਤਾਂ ਫਰਾਰ ਹੋ ਗਏ ਜਦੋਂ ਕਿ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ। ਹਜ਼ੂਮ ਨੇ ਗੱਡੀ ਦੀ ਭੰਨਤੋੜ ਕਰਕੇ ਗੱਡੀ ਪਲਟ ਦਿੱਤੀ ਤਾਂ ਉਸ ਵਿਚ ਸ਼ਰਾਬ ਦੇ ਪਊਏ , ਅਧੀਏ ਹੇਠਾਂ ਡਿੱਗ ਪਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਭੁਪਿੰਦਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ ਤੇ ਪੁੱਜੇ ਤਾਂ ਪਿੰਡ ਦੇ ਲੋਕਾਂ ਵੱਲੋਂ ਫੜੇ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ। ਫੜੇ ਗਏ ਨੌਜਵਾਨ ਨੇ ਦੂਸਰੇ ਗੱਡੀ ਸਵਾਰਾਂ ਦਾ ਨਾਮ ਦੱਸਦਿਆਂ ਮਹਿਤਾ ਗਰੁੱਪ ਦੀ ਇਹ ਗੱਡੀ ਤੇ ਸ਼ਰਾਬ ਹੋਣ ਦਾ ਖੁਲਾਸਾ ਵੀ ਕੀਤਾ। ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬਾਬਾ ਅਵਤਾਰ ਸਿੰਘ ਨੇ ਕਿਹਾ ਕਿ ਅਗਰ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਹੁੰਦੀ ਤਾਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਦੀਆਂ। ਉਨਾਂ ਐਲਾਨ ਕੀਤਾ ਕਿ ਜਦ ਤੱਕ ਉਚ ਅਧਿਕਾਰੀ ਮੌਕੇ ਤੇ ਆ ਕੇ ਵਿਸ਼ਵਾਸ਼ ਨਹੀਂ ਦਿਵਾਉਂਦੇ ਸੰਗਤਾਂ ਇਥੇ ਹੀ ਰਹਿਣਗੀਆਂ, ਅਗਰ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਥਾਣੇ ਅੱਗੇ ਧਰਨੇ ਲਗਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਨਾਜ਼ਕ ਹਾਲਤਾਂ ਨੂੰ ਦੇਖਦੇ ਹੋਏ ਪੁਲਿਸ ਅਧਿਕਾਰੀ ਐਸ.ਪੀ (ਐਚ) ਬਲਬੀਰ ਸਿੰਘ, ਐਸ.ਪੀ (ਡੀ.) ਅਮਰਜੀਤ ਸਿੰਘ ਮੌਕੇ ਤੇ ਪੁੱਜੇ ਤੇ ਸਿੱਖ ਆਗੂਆਂ ਨਾਲ ਗਲਬਾਤ ਕੀਤੀ। ਥਾਣਾ ਮੁਖੀ ਭੁਪਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਗ੍ਰੰਥੀ ਸਿੰਘ ਬਲਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਦੇ ਬਿਆਨਾਂ 'ਤੇ ਮੁਕੱਦਮਾ ਨੰ. 34 ਧਾਰਾ 295 ਏ ਅਤੇ 61/1/14 ਤਹਿਤ ਲਖਵਿੰਦਰ ਸਿੰਘ ਲੱਖਾ ਪੁੱਤਰ ਹਰਮੇਸ਼, ਗੁਰਦਿੱਤ ਸਿੰਘ ਪੁੱਤਰ ਜਗਰੂਪ ਸਿੰਘ , ਕੁਲਵਿੰਦਰ ਸਿੰਘ ਭਿੰਦਾ ਪੁੱਤਰ ਬਲਵੀਰ ਸਿੰਘ ਵਾਸੀਅਨ ਢਿੱਲਵਾਂ ਖੁਰਦ ਅਤੇ ਨਿਸ਼ਾਨ ਸਿੰਘ ਵਾਸੀ ਝੋਕ ਸਰਕਾਰੀ ਖਿਲਾਫ ਕੇਸ ਕਰਜ ਕੀਤਾ ਗਿਆ ਹੈ। ਜਿਸ ਵਿਚੋਂ ਗੁਰਦਿੱਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਬਾਕੀ ਤਿੰਨਾਂ ਦੀ ਤਲਾਸ਼ ਜਾਰੀ ਹੈ।