ਬਠਿੰਡਾ, 24 ਅਗਸਤ, 2016 : ਹਾਲੇ 'ਚ ਪੰਜ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਸਬੰਧੀ ਮੰਦਭਾਗੀ ਘਟਨਾਵਾਂ ਤੋਂ ਬਾਅਦ ਸ. ਜਗਮੀਤ ਸਿੰਘ ਬਰਾੜ ਨੇ ਪੀੜਤ ਪਰਿਵਾਰਾਂ ਦਾ ਦੌਰਾ ਕੀਤਾ ਅਤੇ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਇਸ ਮੁੱਦੇ ਪ੍ਰਤੀ ਅਸੰਵੇਦਨਸ਼ੀਲ ਰਵੱਈਏ ਦੀ ਨਿੰਦਾ ਕੀਤੀ। ਇਸ ਮੌਕੇ ਬਰਾੜ ਬਠਿੰਡਾ, ਭਵਾਨੀਗੜ੍ਹ ਤੇ ਕੋਟਕਪੂਰਾ 'ਚ ਇਨ੍ਹਾਂ ਪਰਿਵਾਰਾਂ ਨੂੰ ਮਿਲੇ ਅਤੇ ਪਹਿਲਾ ਪੰਜਾਬ- ਲੋਕ ਹਿੱਤ ਅਭਿਆਨ ਦੀ ਸਮਾਜ ਸੁਧਾਰ ਮੁਹਿੰਮ ਹੇਠ ਉਨ੍ਹਾਂ ਨੂੰ ਕਾਨੂੰਨੀ ਤੇ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ।
ਉਨ੍ਹਾਂ ਨੇ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਜੇ ਸਰਕਾਰ ਵੱਡੇ ਉਦਯੋਗਿਕ ਘਰਾਣਿਆਂ 'ਤੇ 70,000 ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰ ਸਕਦੀ ਹੈ, ਤਾਂ ਫਿਰ ਉਹ ਰੋਜ਼ਾਨਾ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਲੈ ਕੇ ਸੁੱਤੀ ਕਿਉਂ ਪਈ ਹੈ। ਕਿਉਂ ਉਹ ਬੈਂਕਾਂ ਤੇ ਹੋਰਨਾਂ ਲੋਨ ਦੇਣ ਵਾਲਿਆਂ ਵੱਲੋਂ ਇਨ੍ਹਾਂ ਗਰੀਬ ਕਿਸਾਨਾਂ ਦੇ ਘਰਾਂ ਤੇ ਜ਼ਮੀਨਾਂ ਖੋਹੇ ਜਾਣ ਨੂੰ ਰੋਕਣ ਖਿਲਾਫ ਆਰਡੀਨੈਂਸ ਨਹੀਂ ਜ਼ਾਰੀ ਕਰਦੀ; ਇਨ੍ਹਾਂ ਨੂੰ ਨੀਂਦ ਤੋਂ ਜਗਾਉਣ ਵਾਸਤੇ ਹੋਰ ਕਿੰਨੀਆਂ ਔਰਤਾਂ ਵਿਧਵਾਵਾਂ ਬਣਨੀਆਂ ਤੇ ਕਿੰਨੇ ਬੱਚੇ ਅਨਾਥ ਹੋਣਗੇ?
ਬਰਾੜ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ 'ਤੇ ਵਰ੍ਹਦਿਆਂ ਕਿਹਾ ਕਿ ਹਰੇਕ ਪਾਰਟੀ, ਹਰੇਕ ਸਿਆਸਤਦਾਨ ਅੱਖਾਂ ਬੰਦ ਕਰਕੇ 2017 ਦੀ ਸੱਤਾ ਦੀ ਰੇਸ 'ਚ ਦੌੜ ਰਿਹਾ ਹੈ, ਕਿਸੇ ਨੂੰ ਵੀ ਇਨ੍ਹਾਂ ਵਿਧਾਵਾਵਾਂ ਜਾਂ ਅਨਾਥ ਬੱਚਿਆਂ ਦੇ ਭਵਿੱਖ ਦੀ ਚਿੰਤਾ ਨਹੀਂ ਹੈ। ਕਿਸੇ ਵੀ ਸਰਕਾਰੀ ਅਫਸਰ ਨੂੰ ਇਨ੍ਹਾਂ ਪਰਿਵਾਰਾਂ ਦੀ ਚਿੰਤਾ ਨਹੀਂ ਹੈ, ਕਿਸੇ ਨੇ ਵੀ ਇਨ੍ਹਾਂ ਦੀ ਸਹਾਇਤਾ ਵਾਸਤੇ ਇਕ ਰੁਪਏ ਦੀ ਵੀ ਮਦੱਦ ਨਹੀਂ ਦਿੱਤੀ। ਇਨ੍ਹਾਂ ਸਿਰਫ ਸੁਰਖੀਆਂ ਬਣਾਉਣ ਵਾਸਤੇ ਮੁਆਵਜ਼ਿਆਂ ਦਾ ਐਲਾਨ ਜ਼ਰੂਰ ਕੀਤਾ ਹੈ, ਲੇਕਿਨ ਵਾਪਿਸ ਕਦੇ ਮੁੜ ਨੇ ਨਹੀਂ ਵੇਖਿਆ। ਹਰੇਕ ਜ਼ਿਲ੍ਹੇ 'ਚ ਸੈਂਕੜਿਆਂ ਅਜਿਹੇ ਕੇਸ ਹਨ, ਜਿਥੇ ਵਿਧਵਾਵਾਂ ਮੁਆਵਜ਼ੇ ਖਾਤਿਰ ਦਰ ਦਰ ਦੀਆਂ ਠੋਕਰਾਂ ਖਾ ਰਹੀਆਂ ਹਨ। ਤੁਸੀਂ ਵੋਟਾਂ ਮੰਗਣ ਤੋਂ ਪਹਿਲਾਂ ਇਨ੍ਹਾਂ ਦੇ ਅੱਥਰੂਆਂ ਨੂੰ ਪੂੰਜੋ।
ਇਸ ਲੜੀ ਹੇਠ ਕਾਂਗਰਸ ਤੇ ਅਕਾਲੀਆਂ ਦੇ ਸਿਆਸੀ ਵਾਅਦਿਆਂ 'ਤੇ ਵਰ੍ਹਦਿਆਂ ਉਨ੍ਹਾਂ ਨੇ ਸਵਾਲ ਕੀਤਾ ਕਿ ਕਿਉਂ ਇਹ ਇਨ੍ਹਾਂ ਪਰਿਵਾਰਾਂ ਦੀ ਮਦੱਦ ਕਰਨ ਵਾਸਤੇ 2017 ਦਾ ਇੰਤਜ਼ਾਰ ਕਰ ਰਹੇ ਹਨ? ਕਿਉਂ ਇਨ੍ਹਾਂ ਦੇ ਸੰਸਦ ਮੈਂਬਰ ਤੁਰੰਤ ਸੰਸਦ 'ਚ ਰਾਹਤ ਦੀ ਮੰਗ ਨਹੀਂ ਕਰਦੇ; ਉਹ ਮਹੀਨਿਆਂ ਤੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਹੇ ਜਾਣ ਨੂੰ ਰੋਕਣ ਲਈ ਆਰਡੀਨੈਂਸ ਦੀ ਮੰਗ ਕਰ ਰਹੇ ਹਨ, ਲੇਕਿਨ ਹਾਲੇ ਤੱਕ ਕਿਸੇ ਇਕ ਲੀਡਰ ਨੇ ਵੀ ਦਿੱਲੀ 'ਚ ਇਹ ਮੰਗ ਨਹੀਂ ਚੁੱਕੀ। ਹਰਸਿਮਰਤ ਬਾਦਲ ਨੇ ਕੈਬਿਨੇਟ 'ਚ ਰਹਿ ਕੇ ਕੀ ਕੀਤਾ ਹੈ? ਕੈਪਟਨ ਨੇ ਪਾਰਲੀਮੈਂਟ 'ਚ ਕੀ ਕੀਤਾ ਹੈ? ਬਾਜਵਾ ਡੀ.ਸੀ ਦਫਤਰਾਂ ਖਿਲਾਫ ਧਰਨੇ ਦਾ ਡਰਾਮਾ ਕਰ ਰਿਹਾ ਹੈ, ਲੇਕਿਨ ਕਿੰਨੇ ਪਰਿਵਾਰਾਂ ਦੀ ਸਹਾਇਤਾ ਕੀਤੀ ਗਈ ਹੈ ਤੇ ਪਾਰਲੀਮੈਂਟ 'ਚ ਉਨ੍ਹਾਂ ਨੇ ਕੀ ਕੀਤਾ ਹੈ? ਕੀ ਅਕਾਲੀ ਸੰਸਦ ਮੈਂਬਰ ਆਰਡੀਨੈਂਸ ਦੀ ਮੰਗ ਦਾ ਸਮਰਥਨ ਕਰਨਗੇ?
ਬਰਾੜ ਨੇ ਪੰਜਾਬ ਦੇ ਬਾਹਰ ਵੱਸਣ ਵਾਲੇ ਐਨ.ਆਰ.ਆਈ ਭਰਾਵਾਂ ਤੇ ਪੰਜਾਬੀਆਂ ਨੂੰ ਅੱਗੇ ਆਉਣ ਤੇ ਇਨ੍ਹਾਂ ਪਰਿਵਾਰਾਂ ਨੂੰ ਅਪਣਾਉਂਦਿਆਂ ਖੁਦਕੁਸ਼ੀਆਂ ਤੋਂ ਪਹਿਲਾਂ ਗਰੀਬ ਪਰਿਵਾਰਾਂ ਦੀ ਮਦੱਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਐਨ.ਆਰ.ਆਈ ਭਰਾਵਾਂ ਨੇ ਦੁਨੀਆਂ ਭਰ 'ਚ ਸਾਡਾ ਮਾਣ ਵਧਾਇਆ ਹੈ, ਹੁਣ ਉਨ੍ਹਾਂ ਵਾਸਤੇ ਆਪਣੀਆਂ ਜੜ੍ਹਾਂ ਇਨ੍ਹਾਂ ਪਿੰਡਾਂ ਨੂੰ ਬਚਾਉਣ ਲਈ ਮਦੱਦ ਕਰਨ ਦਾ ਸਮਾਂ ਹੈ।