ਸ: ਰਜਿੰਦਰ ਮੋਹਨ ਸਿੰਘ ਛੀਨਾ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਐੱਸ. ਐੱਸ. ਚਾਹਲ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਨਾਲ ਸ: ਚਰਨਜੀਤ ਸਿੰਘ ਚੱਢਾ ਤੇ ਹੋਰ ਸਖਸ਼ੀਅਤਾਂ।
ਅੰਮ੍ਰਿਤਸਰ, 25 ਅਗਸਤ, 2016 : ਉੱਘੇ ਸਾਇੰਸਦਾਨ ਅਤੇ ਖੇਤੀਬਾੜੀ ਮਾਹਿਰ ਡਾ. ਸਰਬਜੀਤ ਸਿੰਘ ਚਾਹਲ ਨੂੰ ਅੱਜ 'ਖ਼ਾਲਸਾ ਯੂਨੀਵਰਸਿਟੀ' ਦਾ ਉੱਪ ਕੁਲਪਤੀ ਨਿਯੁਕਤ ਕਰ ਦਿੱਤਾ ਗਿਆ। ਇਸ ਉਪਰੰਤ ਡਾ. ਚਾਹਲ ਨੇ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਹੋਰ ਅਹੁਦੇਦਾਰਾਂ ਦੀ ਮੌਜ਼ੂਦਗੀ 'ਚ ਆਪਣਾ ਅਹੁੱਦਾ ਸੰਭਾਲਿਆ। ਡਾ. ਚਾਹਲ ਜੋ ਕਿ ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ, ਉਦੈਪੁਰ (ਰਾਜਸਥਾਨ) ਵਿਖੇ ਸਾਬਕਾ ਉੱਪ ਕੁਲਪਤੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ ਪੂਰੇ ਦੇਸ਼ 'ਚ ਖੇਤੀਬਾੜੀ ਸਾਇੰਸਦਾਨ ਵਜੋਂ ਜਾਣੇ ਜਾਂਦੇ ਹਨ, 8 ਵੱਖ-ਵੱਖ ਕਿਤਾਬਾਂ ਲਿਖ ਚੁੱਕੇ ਹਨ ਅਤੇ ਬਹੁਤ ਸਾਰੇ ਜਰਨਲ ਖੋਜ ਪੱਤਰ ਛਪ ਚੁੱਕੇ ਹਨ। ਡਾ. ਚਾਹਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਆਫ਼ ਰਿਸਰਚ ਵੀ ਰਹਿ ਚੁੱਕੇ ਹਨ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਯੂ. ਜੀ. ਸੀ. ਦੇ ਬਤੌਰ ਨੈਸ਼ਨਲ ਫੈਲੋ ਅਤੇ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਿਖੇ ਉੱਪ ਕੁਲਪਤੀ ਵਜੋਂ ਕਾਰਜ ਨਿਭਾਅ ਰਹੇ ਹਨ। ਡਾ. ਚਾਹਲ ਯੂਰਪ ਅਤੇ ਨੋਰਥ ਅਮਰੀਕਾ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੀਆਂ ਲੈਬਾਂ 'ਚ ਸਾਇੰਸਦਾਨਾਂ ਵਜੋਂ ਕਾਰਜ ਨਿਭਾਅ ਚੁੱਕੇ ਹਨ।
ਡਾ. ਚਾਹਲ ਦੇ ਉੱਪ ਕੁਲਪਤੀ ਵਜੋਂ ਆਪਣਾ ਅਹੁੱਦਾ ਸੰਭਾਲਣ ਉਪਰੰਤ ਸ: ਛੀਨਾ ਨੇ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਦਾ ਨਿਰਮਾਣ ਹੋਣਾ ਸਾਡੇ ਪੁਰਖਿਆਂ ਦਾ ਵੇਖਿਆ ਹੋਇਆ ਸੁਪਨਾ ਸੀ, ਜੋ ਆਮ ਲੋਕਾਂ ਦੇ ਸਹਿਯੋਗ ਨਾਲ ਪੂਰਾ ਹੋਇਆ ਕੀਤਾ ਹੈ। ਉਨ੍ਹਾਂ ਕਿਹਾ ਕਿ ਡਾ. ਚਾਹਲ ਦੀ ਬੜ੍ਹੇ ਹੀ ਥੋੜ੍ਹੇ ਸਮੇਂ 'ਚ ਅਜਿਹੀਆਂ ਜ਼ਿਕਰਯੋਗ ਉਪਲਬੱਧੀਆਂ ਹਨ ਕਿ ਜਿਸ ਦੀ ਸ਼ੋਭਾ ਲਈ ਅਲਫ਼ਾਜ਼ ਨਹੀਂ ਅਤੇ ਅਜਿਹੇ ਗੁਣਕਾਰੀ ਇਨਸਾਨ ਦੇ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਵਜੋਂ ਅਹੁੱਦਾ ਸੰਭਾਲਣ ਨਾਲ ਜਿੱਥੇ ਵਿੱਦਿਅਕ ਪ੍ਰਸਾਰ ਕਈ ਅਤਿ-ਆਧੁਨਿਕ ਤਜ਼ਰਬੇ ਸਬੰਧਿਤ ਸਟਾਫ਼ ਨਾਲ ਸਾਂਝੇ ਹੋਣਗੇ ਜਿਸ ਨਾਲ ਇਹ ਯੂਨੀਵਰਸਿਟੀ ਸਰਹੱਦੀ ਖੇਤਰ ਨਜ਼ਦੀਕ ਹੋਣ 'ਤੇ ਬੁਲੰਦੀਆਂ ਨੂੰ ਛੂਹੇਗੀ। ਇਸ ਉਪਰੰਤ ਸ: ਛੀਨਾ ਨੇ ਡਾ. ਚਾਹਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਸ ਯੂਨੀਵਰਸਿਟੀ ਦੀ ਚੜ੍ਹਦੀ ਕਲਾ ਲਈ ਜੀਅ-ਤੋੜ ਮਿਹਨਤ ਕਰਨਗੇ ਅਤੇ ਆਪਣੀ ਕਾਬਲੀਅਤ ਤੇ ਤਜ਼ਰਬਿਆਂ ਨਾਲ ਨਵੇਂ-ਨਵੇਂ ਸਾਧਨਾਂ ਰਾਹੀਂ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਰਵਾਇਤੀ, ਪ੍ਰੰਪਾਰਿਕ ਅਤੇ ਧਾਰਮਿਕ ਵਿੱਦਿਆ ਦਾ ਪ੍ਰਚਾਰ-ਪ੍ਰਸਾਰ ਕਰਨਗੇ।
ਇਸ ਮੌਕੇ ਨਵਨਿਯੁਕਤ ਉਪ ਕੁਲਪਤੀ ਡਾ. ਚਾਹਲ ਨੇ ਸਮੂਹ ਮੈਨੇਜ਼ਮੈਂਟ ਦਾ ਸੌਂਪੇ ਗਏ ਅਹੁੱਦੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਵੱਡ-ਵਡੇਰਿਆਂ ਦੇ ਉੱਚ ਪੱਧਰ ਦੀ ਯੂਨੀਵਰਸਿਟੀ ਸਥਾਪਨਾ ਕਰਨ ਦੀ ਤਮੰਨਾ ਲਈ ਉਹ ਪੂਰੀ ਜਦੋਂ-ਜਹਿਦ ਕਰਨਗੇ ਅਤੇ ਇਸ ਯੂਨੀਵਰਸਿਟੀ ਦੀ ਬੁਨਿਆਦ ਨੂੰ ਮਜ਼ਬੂਤ ਰੱਖਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਸ: ਛੀਨਾ, ਮੀਤ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਤੇ ਹੋਰ ਸਖ਼ਸ਼ੀਅਤਾਂ ਨੇ ਡਾ. ਚਾਹਲ ਦਾ ਫੁੱਲ ਮਾਲਾਵਾਂ ਨਾਲ ਨਿੱਘਾ ਸਵਾਗਤ ਕੀਤਾ ਅਤੇ ਸੌਂਪੇ ਅਹੁੱਦੇ ਲਈ ਮੁਬਾਰਕਬਾਦ ਦਿੱਤੀ।
ਇਸ ਮੌਕੇ ਵਧੀਕ ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕੱਥੂਨੰਗਲ, ਫਾਇਨਾਂਸ ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ, ਸ: ਅਜ਼ਮੇਰ ਸਿੰਘ ਹੇਰ, ਸ: ਰਾਜਬੀਰ ਸਿੰਘ, ਸੁਖਦੇਵ ਸਿੰਘ ਅਬਦਾਲ, ਸ: ਸਰਦੂਲ ਸਿੰਘ ਮੰਨਨ, ਸ: ਨਿਰਮਲ ਸਿੰਘ, ਸ: ਹਰਭਜਨ ਸਿੰਘ ਸੋਚ, ਡਾ. ਕਰਤਾਰ ਸਿੰਘ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਡਾ. ਅਮਰਪਾਲ ਸਿੰਘ, ਪ੍ਰਿੰਸੀਪਲ ਡਾ. ਆਰ. ਕੇ. ਧਵਨ, ਪ੍ਰਿੰਸੀਪਲ ਡਾ. ਨੀਲਮ ਹੰਸ, ਡਾ. ਗੁਰਪ੍ਰਕਾਸ਼ ਸਿੰਘ ਚਾਹਲ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਉੱਪ ਕੁਲਪਤੀ ਡਾ. ਕ੍ਰਿਪਾਲ ਸਿੰਘ ਔਲਖ, ਡੀ. ਐੱਸ. ਰਟੌਲ ਆਦਿ ਤੋਂ ਇਲਾਵਾ ਹੋਰ ਕਈ ਸਖ਼ਸ਼ੀਅਤਾਂ ਮੌਜ਼ੂਦ ਸਨ।