← ਪਿਛੇ ਪਰਤੋ
ਚੰਡੀਗੜ੍ਹ, 26 ਅਗਸਤ, 2016 : ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਦੇ ਬਾਹਰ ਸੱਤਾ ਹਾਸਲ ਕਰਨ ਲਈ ਜਨਤਕ ਪੈਸਾ ਇਸ਼ਤਿਹਾਰਾਂ 'ਤੇ ਖਰਚਣ ਵਿਚ ਹੋਏ ਵੱਡੇ ਘੁਟਾਲੇ ਤੇ ਪੈਸੇ ਦੀ ਦੁਰਵਰਤੋਂ ਦੇ ਮਾਮਲੇ 'ਤੇ ਆਪਣਾ ਪੱਖ ਸਪਸ਼ਟ ਕਰਨ। ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਤੇ ਬੁਲਾਰੇ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੈਗ ਰਿਪੋਰਟਾਂ ਨੇ ਕੇਜਰੀਵਾਲ ਸਰਕਾਰ ਵੱਲੋਂ ਜਨਤਕ ਪੈਸੇ ਦੀ ਦੁਰਵਰਤੋਂ ਦਾ ਵੱਡਾ ਘੁਟਾਲਾ ਬੇਨਕਾਬ ਕੀਤਾ ਹੈ। ਮੀਡੀਆ ਵਿਚ ਚਲ ਰਹੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਡਾ. ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਸ਼ਤਿਹਾਰਾਂ ' ਤੇ ਖਰਚੇ ਗਏ 526 ਕਰੋੜ ਰੁਪਏ ਵਿਚੋਂ 100 ਕਰੋੜ ਰੁਪਏ ਦਾ ਕੇਜਰੀਵਾਲ ਸਰਕਾਰ ਕੋਲ ਹਿਸਾਬ ਨਹੀਂ ਹੈ। ਇਥੇ ਹੀ ਬੱਸ ਨਹੀਂ ਸਗੋਂ ਇਕ ਇਸ਼ਤਿਹਾਰ ਦੇ ਮਾਮਲੇ ਵਿਚ ਖਰਚੇ ਗਏ 33 ਕਰੋੜ 40 ਲੱਖ ਰੁਪਏ ਵਿਚੋਂ 85 ਫੀਸਦੀ ਰਾਸ਼ੀ ਦਿੱਲੀ ਦੇ ਬਾਹਰ ਖਰਚੀ ਗਈ ਹੈ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਦਿੱਲੀ ਦੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨ ਦੀ ਥਾਂ ਜਨਤਕ ਪੈਸਾ ਝੂਠੇ ਤੇ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਖਰਚ ਕਰ ਕੇ ਰਾਜਸੀ ਲਾਹਾ ਲੈਣ ਦੇ ਫਿਰਾਕ ਵਿਚ ਹੈ। ਡਾ. ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਅਸਲ ਭ੍ਰਿਸ਼ਟ ਚੇਹਰਾ ਕੈਗ ਦੀ ਰਿਪੋਰਟ ਨਾਲ ਬੇਨਕਾਬ ਹੋਇਆ ਹੈ।ਉਹਨਾਂ ਕਿਹਾ ਕਿ ਕੇਜਰੀਵਾਲ ਦੇ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਦਾਅਵੇ ਲੀਰੋ ਲੀਰ ਹੋ ਗਏ ਹਨ। ਉਹਨਾਂ ਕਿਹਾ ਕਿ ਮਾਮਲਾ ਸਿਰਫ ਪੈਸੇ ਦੀ ਦੁਰਵਰਤੋਂ ਤੱਕ ਸੀਮਤ ਨਹੀਂ ਹੈ ਬਲਕਿ ਇਕ ਤੱਥਜੋ ਕੈਗ ਨੇ ਉਜਾਗਰ ਕੀਤਾ ਹੈ ਉਹ ਹੋਰ ਵੀ ਗੰਭੀਰ ਹੈ। ਕੈਗ ਦੀ ਰਿਪੋਰਟ ਵਿਚ ਸਪਸ਼ਟ ਲਿਖਿਆ ਹੈ ਕਿ ਇਸ਼ਤਿਹਾਰਾਂ ਵਿਚ ਪੁਲਾਂ ਦੀ ਉਸਾਰੀ ਤੇ ਡਿਸਪੈਂਸਰੀਆਂ ਬਣਾਉਣ ਬਾਰੇ ਕੀਤੇ ਦਾਅਵੇ ਪੂਰਨ ਤੌਰ 'ਤੇ ਗਲਤ ਤੇ ਮਨਘੜਤ ਹਨ।ਉਹਨਾਂ ਕਿਹਾ ਕਿ ਸ਼ਾਇਦ ਇਸੇ ਕਾਰਨ ਇਹ ਇਸ਼ਤਿਹਾਰ ਦਿੱਲੀ ਦੀਆਂ ਅਖ਼ਬਾਰਾਂ ਵਿਚ ਜਾਰੀ ਨਹੀਂ ਕੀਤੇ ਗਏ ਕਿਉਂਕਿ ਦਿੱਲੀ ਦੇ ਲੋਕ ਸੱਚ ਤੋਂ ਜਾਣੂ ਹਨ। ਉਹਨਾਂ ਕਿਹਾ ਕਿ ਇਸ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀਦਿੱਲੀ ਦੇ ਲੋਕਾਂ ਦਾ ਪੈਸਾ ਇਮਾਨਦਾਰੀ ਤੇ ਪਾਰਦਰਸ਼ਤਾ ਨਾਲਨਹੀਂ ਖਰਚ ਰਹੀ ਤੇ ਨਾ ਹੀ ਪਾਰਟੀ ਫੰਡ ਹੀ ਸਹੀ ਢੰਗ ਨਾਲ ਖਰਚੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਾਰਟੀ ਦੇ ਪੰਜਾਬ ਕਨਵੀਨਰ ਸ੍ਰੀ ਸੁੱਚਾ ਸਿੰਘ ਛੋਟੇਪੁਰ ਨੇ ਤਾਂ ਸਪਸ਼ਟ ਵੀ ਕਰ ਦਿੱਤਾ ਹੈ ਕਿ ਪੰਜਾਬ ਵਿਚ ਪਾਰਟੀ ਦਾ ਕੋਈ ਖਜਾਨਚੀ ਨਹੀਂ ਹੈ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਪੰਜਾਬ ਵਿਚ ਇਕੱਤਰ ਕੀਤੇ ਜਾ ਰਹੇ ਪੈਸੇ ਦਾ ਕੋਈ ਹਿਸਾਬ ਕਿਤਾਬ ਰੱਖਿਆ ਜਾ ਰਿਹਾ ਹੈ।
Total Responses : 265