ਪਿੰਡ ਅਜਾਇਬਵਾਲੀ ਦੀ ਪੰਚਾਇਤ ਨੂੰ ਵਿਕਾਸ ਕੰਮਾਂ ਲਈ ਗਰਾਂਟ ਦਾ ਚੈਕ ਦਿੰਦੇ ਹੋਏ ਸ. ਬਿਕਰਮ ਸਿੰਘ ਮਜੀਠੀਆ।
ਕੱਥੂਨੰਗਲ, 30 ਅਗਸਤ 2016: ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਵਿਚ ਹੋ ਰਹੀ 'ਖਰੀਦੋ-ਫਰੋਖਤ' ਤੋਂ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਇਸ ਪਾਰਟੀ ਦਾ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਗੈਰ ਪੰਜਾਬੀ ਜੁੰਡਲੀ ਰਾਹੀਂ ਈਸਟ ਇੰਡੀਆ ਕੰਪਨੀ ਦੀ ਤਰਾਂ ਪੰਜਾਬ ਨੂੰ ਇਕ ਬਸਤੀ ਸਮਝ ਕੇ ਲੁੱਟਣ ਦੀ ਫਿਰਾਕ ਵਿਚ ਹੈ, ਪਰ ਪੰਜਾਬ ਦੇ ਅਣਖੀ ਲੋਕ ਇੰਨਾਂ ਦੀ ਲੁੱਟ-ਖਸੁੱਟ ਦੀ ਰਾਜਨੀਤੀ ਨੂੰ ਚੱਲਣ ਨਹੀਂ ਦੇਣਗੇ।
ਅੱਜ ਹਲਕੇ ਦੇ ਪਿੰਡ ਅਜਾਇਬਵਾਲੀ ਅਤੇ ਕਲੇਰ ਮਾਂਗਟ ਨੂੰ 65 ਲੱਖ ਰੁਪਏ ਦੀ ਗਰਾਂਟ ਜਾਰੀ ਕਰਨ ਮੌਕੇ ਪਿੰਡ ਵਾਸੀਆਂ ਵੱਲੋਂ ਕੀਤੇ ਗਏ ਸਮਾਗਮਾਂ ਨੂੰ ਸੰਬੋਧਨ ਕਰਦੇ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਤੋਂ ਬਾਹਰੋਂ ਆਏ ਇਹ ਲੋਕ ਜੋ ਅੱਜ ਆਪਣੀ ਪਾਰਟੀ ਵਿਚ ਸ਼ਾਮਿਲ ਕਰਵਾਉਣ ਅਤੇ ਪਾਰਟੀ ਟਿਕਟਾਂ ਦੀ ਵੰਡ ਲਈ ਮੋਟੀਆਂ ਰਕਮਾਂ ਵਸੂਲ ਕਰ ਰਹੇ ਹਨ, ਉਹ ਕੱਲ• ਨੂੰ ਪੰਜਾਬ ਦੇ ਹਿੱਤਾਂ ਦਾ ਸੌਦਾ ਕਰਨ ਵਿਚ ਦੇਰੀ ਨਹੀਂ ਕਰਨਗੇ।
ਸ. ਮਜੀਠੀਆ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਾਰੇ ਨੇਤਾ ਦੋਗਲੀ ਨੀਤੀ 'ਤੇ ਚੱਲਦੇ ਹਨ ਅਤੇ ਥਾਂ-ਥਾਂ ਯੂ ਟਰਨ ਲੈ ਰਹੇ ਹਨ। ਭ੍ਰਿਸ਼ਟਾਚਾਰ ਖਤਮ ਕਰਨ ਦੇ ਨਾਂਅ 'ਤੇ ਲੋਕਾਂ ਨੂੰ ਵਰਗਲਾ ਕੇ ਸੱਤਾ ਵਿਚ ਆਏ ਇਹ ਗੈਰ ਸਿਧਾਂਤਕ ਤੇ ਬੇਅਸੂਲੇ ਲੋਕ ਗੱਲ ਤਾਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਕਰਦੇ ਹਨ, ਪਰ ਇੰਨਾਂ ਦੇ ਆਪਣੇ ਆਗੂ ਅਤੇ ਮੰਤਰੀ ਅੱਜ ਪੈਸਿਆਂ ਦੇ ਲੈਣ-ਦੇਣ ਸਦਕਾ ਰੋਜ਼ ਮੀਡੀਏ ਦੀ ਸੁਰਖੀਆਂ ਵਿਚ ਰਹਿੰਦੇ ਹਨ । ਕੇਜਰੀਵਾਲ ਨੇ ਖ਼ੁਦ ਦਿੱਲੀ ਦੇ ਸਭ ਤੋਂ ਭ੍ਰਿਸ਼ਟ ਅਧਿਕਾਰੀ ਨੂੰ 'ਸੌਦੇਬਾਜ਼ੀ' ਲਈ ਆਪਣੇ ਨਾਲ ਲਗਾ ਕੇ ਵੱਡੀ ਜ਼ਿੰਮੇਵਾਰੀ ਦਿੱਤੀ ਹੋਈ ਸੀ। ਇਕ ਪਾਸੇ ਤਾਂ ਆਪਣੇ ਚੋਣ ਮਨੋਰਥ ਪੱਤਰ 'ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਾਲ ਝਾੜੂ ਲਗਾਏ ਜਾਣ 'ਤੇ ਮੁਆਫੀ ਦੇ ਨਾਂਅ 'ਤੇ ਡਰਾਮਾ ਕਰਕੇ ਸ੍ਰੀ ਦਰਬਾਰ ਸਾਹਿਬ ਖਿਮਾ ਜਾਚਨਾ ਲਈ ਸੇਵਾ ਦਾ ਪਾਖੰਡ ਕਰਦੇ ਰਹੇ ਅਤੇ ਦੂਸਰੇ ਪਾਸੇ ਆਪਣੀ ਪਾਰਟੀ ਦੇ ਆਗੂ ਸੁੱਚਾ ਸਿੰਘ ਛੋਟੇਪੁਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਕੀ ਹੋਣ ਲਈ ਤੂਲ ਦਿੰਦੇ ਰਹੇ। ਕੇਜਰੀਵਾਲ ਨੇ ਪੰਜਾਬ ਆ ਕੇ ਐਸ. ਵਾਈ. ਐਲ ਦੇ ਮੁੱਦੇ 'ਤੇ ਪੰਜਾਬ ਦੇ ਹੱਕ ਵਿਚ ਨਾਅਰਾ ਮਾਰ ਦਿੱਤਾ ਅਤੇ ਦਿੱਲੀ ਦੇ ਹਵਾਈ ਅੱਡੇ 'ਤੇ ਉਤਰਦੇ ਹੀ ਆਪਣੇ ਬਿਆਨ ਤੋਂ ਪਾਸਾ ਪਲਟ ਕੇ ਹਰਿਆਣਾ ਦੇ ਹੱਕ ਵਿਚ ਬਿਆਨ ਦਾਗ ਦਿੱਤਾ ਅਤੇ ਪੰਜਾਬ ਤੋਂ ਪਾਣੀ ਖੋਹਣ ਲਈ ਆਪਣੇ ਸਰਕਾਰੀ ਵਕੀਲ ਤੋਂ ਪੰਜਾਬ ਵਿਰੁੱਧ ਸੁਪਰੀਮ ਕੋਰਟ ਵਿਚ ਹਲਫਨਾਮਾ ਵੀ ਦਿਵਾ ਦਿੱਤਾ। ਜਦ ਇਹ ਗੱਲ ਮੀਡੀਏ ਵਿਚ ਪੁੱਜੀ ਤਾਂ ਫਿਰ ਪਲਟਾ ਮਾਰ ਗਿਆ ਕਿ ਵਕੀਲ ਨੇ ਹਲਫਨਾਮਾ ਦੇਣ ਸਮੇਂ ਮੰਤਰੀ ਮੰਡਲ ਦੀ ਸਲਾਹ ਹੀ ਨਹੀਂ ਸੀ ਲਈ। ਉੁਨਾਂ ਕਿਹਾ ਕਿ ਇਹ ਸਾਰੇ ਮਾਮਲੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਆਮ ਆਦਮੀ ਬਣ ਕੇ ਇਹ ਲੋਕ ਪੰਜਾਬ ਨੂੰ ਲੁੱਟਣ, ਸਿੱਖਾਂ ਨੂੰ ਸਿੱਖੀ ਤੋਂ ਦੂਰ ਕਰਨ ਦੀਆਂ ਚਾਲਾਂ ਚੱਲ ਰਹੇ ਹਨ।
ਸ. ਮਜੀਠੀਆ ਨੇ ਕਿਹਾ ਕਿ ਇਹ ਗੈਰ ਪੰਜਾਬੀ ਲੋਕ ਆਪਣੀ ਚਾਲਾਂ ਚੱਲ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਦੇ ਸੁਪਨੇ ਲੈਣ ਲੱਗ ਪਏ ਸਨ, ਪਰ ਸਮਾਂ ਰਹਿੰਦੇ ਇੰਨਾਂ ਦਾ ਭਾਂਡਾ ਭੱਜ ਗਿਆ ਹੈ। ਉਨਾਂ ਕਿਹਾ ਕਿ ਇਕ ਪੰਜਾਬੀ ਹੀ ਪੰਜਾਬ ਦੀਆਂ ਲੋੜਾਂ ਅਤੇ ਪੰਜਾਬ ਦਾ ਦਰਦ ਮਹਿਸੂਸ ਕਰ ਸਕਦਾ ਹੈ, ਦੂਸਰੇ ਤਾਂ ਸਿਰਫ ਅੱਗ ਲਗਾ ਕੇ ਹੱਥ ਸੇਕਣ ਵਾਲੇ ਹੀ ਹੁੰਦੇ ਹਨ। ਸ. ਮਜੀਠੀਆ ਨਾਲ ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਪ੍ਰੋ. ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ, ਡੀ. ਐਸ. ਪੀ. ਵਿਸ਼ਾਲਜੀਤ ਸਿੰਘ, ਐਕਸੀਅਨ ਮਨਿੰਦਰਪਾਲ ਸਿੰਘ, ਐਸ ਡੀ ਓ ਇੰਦਰਜੀਤ ਸਿੰਘ, ਐਸ. ਐਚ. ਓ ਕੱਥੂਨੰਗਲ ਦਵਿੰਦਰ ਸਿੰਘ ਬਾਜਵਾ, ਐਮ. ਡੀ. ਸਹਿਕਾਰੀ ਬੈਂਕ ਸੁਖਵਿੰਦਰ ਸਿੰਘ ਸੁੱਖ ਖੁਸ਼ੀਪੁਰ, ਸਰਪੰਚ ਸਵਿੰਦਰ ਸਿੰਘ, ਸੁਖਦੀਪ ਸਿੰਘ ਦੀਪੀ, ਕੁਲਦੀਪ ਸਿੰਘ, ਕੰਵਲਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।