ਮੁੱਖ ਮੰਤਰੀ ਵੱਲੋਂ ਲੰਬੀ ਵਿਧਾਨ ਸਭਾ ਹਲਕੇ ਵਿਚ ਸੰਗਤ ਦਰਸ਼ਨ
ਆਪ ਅਤੇ ਕਾਂਗਰਸ ਦੀ ਐਸ.ਵਾਈ.ਐਲ. ਦੇ ਮੁੱਦੇ ਤੇ ਕੀਤੀ ਨਿੰਦਾ
ਮੀਡੀਆ ਤੇ ਹਮਲਾ ਆਪ ਆਗੂਆਂ ਦੀ ਹਮੂਹਰੀ ਕਦਰਾਂ ਕੀਮਤਾਂ ਪ੍ਰਤੀ ਉਦਾਸੀਨਤਾ ਦਾ ਪ੍ਰਗਟਾਵਾ
ਰੋੜਾਂ ਵਾਲੀ, ਸ਼੍ਰੀ ਮੁਕਤਸਰ ਸਾਹਿਬ, 2 ਸਤੰੰਬਰ 2016: ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਸਮੇਤ ਸਾਰੀ ਆਪ ਲੀਡਰਸ਼ਿਪ ਨੂੰ ਚਣੌਤੀ ਦਿੰਦਿਆਂ ਕਿਹਾ ਕਿ ਉਹ ਦਿੱਲੀ ਦੀ ਆਪ ਪਾਰਟੀ ਦੀ ਸਰਕਾਰ ਵੱਲੋਂ ਲੋਕ ਭਲਾਈ ਲਈ ਕੀਤਾ ਗਿਆ ਕੋਈ ਇਕ ਵੀ ਕੰਮ ਦੱਸਣ।
ਅੱਜ ਇੱਥੇ ਲੰਬੀ ਵਿਧਾਨ ਸਭਾ ਹਲਕੇ ਦੇ ਦੋ ਦਿਨਾਂ ਸੰਗਤ ਦਰਸ਼ਨ ਦੌਰੇ ਦੌਰਾਨ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕ ਗਪੋੜਸੰਖ ਦੀ ਤਰਾਂ ਹੈ ਜੋ ਰੌਲਾ ਤਾਂ ਬਹੁਤ ਪਾ ਸਕਦਾ ਹੈ ਪਰ ਕਿਸੇ ਵੀ ਕੰਮ ਜੋਗਾ ਨਹੀਂ ਹੈ। ਉਨਾਂ ਕਿਹਾ ਕਿ ਸਾਰੀ ਦੁਨੀਆਂ ਇਹ ਜਾਣਦੀ ਹੈ ਕਿ ਦਿੱਲੀ ਵਿਚ ਆਪ ਸਰਕਾਰ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤਾ ਗਿਆ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਆਪ ਸਿਰਫ ਫੋਕੇ ਨਾਅਰਿਆਂ ਅਤੇ ਝੂਠੇ ਲਾਰਿਆਂ ਦੀ ਪਾਰਟੀ ਹੈ ਅਤੇ ਇੰਨਾਂ ਤੋਂ ਦੇਸ਼ ਜਾਂ ਸੂਬੇ ਦੀ ਕਿਸੇ ਵੀ ਤਰਾਂ ਦੀ ਆਸ ਰੱਖਣੀ ਬੇਮਾਅਨੇ ਹੈ ਜਦ ਕਿ ਦੂਜੇ ਪਾਸੇ ਅਕਾਲੀ ਭਾਜਪਾ ਗਠਜੋੜ ਸਰਕਾਰ ਵੱਲੋਂ ਆਟਾ ਦਾਲ, ਸ਼ਗਨ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਮੁਫ਼ਤ ਬਿਜਲੀ, ਮਾਈ ਭਾਗੋ ਵਿਦਿਆ ਸਕੀਮ ਅਤੇ ਹੋਰ ਅਜਿਹੇ ਕਈ ਕਦਮ ਚੁੱਕੇ ਗਏ ਹਨ ਤਾਂ ਜੋ ਮਿਹਨਤਕਸ਼ ਲੋਕਾਂ ਦੀ ਮਦਦ ਕੀਤੀ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਭਿਖਾਰੀਆਂ ਨਾਲ ਤੁਨਨਾ ਕਰਕੇ ਆਪ ਆਗੂ ਭਗਵੰਤ ਮਾਨ ਨੇ ਆਪਣੀ ਪਾਰਟੀ ਦੀ ਸੌੜੀ ਸੋਚ ਨੂੰ ਦਰਸਾਇਆ ਹੈ। ਉਨਾਂ ਕਿਹਾ ਕਿ ਹਰ ਜਰੂਰਤਮੰਦ ਦੀ ਮਦਦ ਕਰਨਾ ਕਿਸੇ ਵੀ ਸੂਬਾ ਸਰਕਾਰ ਦਾ ਬੁਨਿਆਦੀ ਫਰਜ ਹੁੰਦਾ ਹੈ ਅਤੇ ਅਕਾਲੀ ਭਾਜਪਾ ਗਠਜੋੜ ਸਰਕਾਰ ਸਰਬਤ ਦੇ ਭਲੇ ਦੇ ਰਸਤੇ ਤੇ ਚਲਦੇ ਹੋਏ ਸਮਾਜ ਦੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ। ਉਨਾਂ ਕਿਹਾ ਕਿ ਆਪ ਦੇ ਆਗੂ ਇਸ ਹਮਦਰਦੀ ਵਾਲੀ ਸੋਚ ਤੋਂ ਵਹੀਨੇ ਹਨ ਅਤੇ ਉਨਾਂ ਵਾਸਤੇ ਸੱਤਾ ਦੀ ਪ੍ਰਾਪਤੀ ਲੋਕ ਸੇਵਾ ਕਰਨ ਨਾਲੋਂ ਮੌਜਾਂ ਕਰਨ ਦਾ ਇਕ ਸਾਧਨ ਮਾਤਰ ਹੈ।
ਦਿੱਲੀ ਦੇ ਸਾਬਕਾ ਵਜ਼ੀਰ ਸੰਦੀਪ ਕੁਮਾਰ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਨੇ ਆਪ ਆਗੂਆਂ ਦਾ ਘਿਨਾਉਣਾ ਚਿਹਰਾ ਜਗ ਜਾਹਿਰ ਕਰ ਦਿੱਤਾ ਹੈ। ਉਨਾਂ ਦਿੱਲੀ ਦੇ ਕੱਢੇ ਗਏ ਇਸ ਮੰਤਰੀ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਇਸ ਸ਼ਰਮਨਾਕ ਕਾਂਡ ਲਈ ਸਜਾ ਦਿਵਾਉਣ ਦੀ ਮੰਗ ਵੀ ਕੀਤੀ।
ਕਾਂਗਰਸ ਪਾਰਟੀ ਦੇ ਪੰਜਾਬ ਵਿਰੋਧੀ ਸਟੈਂਡ ਲਈ ਇਸ ਪਾਰਟੀ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕ ਇਸ ਪਾਰਟੀ ਨੂੰ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਲਈ ਕਦੀ ਵੀ ਮਾਫ ਨਹੀਂ ਕਰਣਗੇ। ਉਨਾਂ ਕਿਹਾ ਕਿ ਸੂਬੇ ਦਾ ਹਰ ਕਾਂਗਸੀ ਆਗੂ ਉਨਾਂ ਦੀ ਪਾਰਟੀ ਵੱਲੋਂ ਪੰਜਾਬ ਨਾਲ ਕੀਤੇ ਗਏ ਇਸ ਧ੍ਰੋਹ ਲਈ ਪੂਰੀ ਤਰਾਂ ਨਾਲ ਜਿੰਮੇਵਾਰ ਹੈ। ਨਾਲ ਹੀ ਉਨਾਂ ਕਿਹਾ ਕਿ ਜਦੋਂ ਉਸ ਵੇਲੇ ਦੀ ਕਾਂਗਰਸੀ ਪ੍ਰਧਾਨ ਮੰਤਰੀ ਐਸ.ਵਾਈ.ਐਲ. ਨਹਿਰ ਦਾ ਨੀਂਹ ਪੱਥਰ ਰੱਖਣ ਲਈ ਆਏ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਜੋਸੋਖਰੋਸ ਨਾਲ ਮੁਹਰੇ ਹੋ ਕੇ ਉਨਾਂ ਦਾ ਸਵਾਗਤ ਕੀਤਾ ਸੀ।
ਆਮ ਆਦਮੀ ਪਾਰਟੀ ਦੇ ਵਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਾਰਟੀ ਵੀ ਕਾਂਗਰਸ ਦੀ ਰਾਹ ਤੇ ਚੱਲਦੀ ਹੋਈ ਪੰਜਾਬ ਦੀ ਵੈਰੀ ਬਣ ਗਈ ਹੈ। ਉਨਾਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਚੱਲ ਰਹੇ ਦਰਿਆਈ ਪਾਣੀਆਂ ਦੇ ਕੇਸ ਦੀ ਸੁਣਵਾਈ ਦੌਰਾਨ ਪੰਜਾਬ ਵਿਰੋਧੀ ਸਟੈਂਡ ਲਿਆ ਗਿਆ। ਉਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਖੁਦ ਹਰਿਆਣੇ ਨਾਲ ਤਾਲੁਕ ਰੱਖਦੇ ਹਨ ਇਸ ਲਈ ਉਹ ਆਪਣੀ ਜੱਦੀ ਸੂਬੇ ਨੂੰ ਫਾਇਦਾ ਦੇਣ ਲਈ ਪੰਜਾਬ ਦੇ ਪਾਣੀਆਂ ਤੇ ਅੱਖ ਰੱਖੀ ਬੈਠੇ ਹਨ।
ਇਸ ਉਪਰੰਤ ਪਿੰਡ ਰੋੜਾਂ ਵਾਲੀ ਵਿਖੇ ਪੱਤਰਕਾਰਾਂ ਦੇ ਰੁਬਰੂ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਮਹਾਨ ਵਿਰਾਸਤ ਨੂੰ ਸੰਭਾਲਨ ਲਈ ਲਾਮਿਸਾਲ ਉਪਰਾਲੇ ਕੀਤੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮੁੱਦੇ ਤੇ ਕੀਤੀ ਜਾ ਰਹੀ ਬਿਆਨਬਾਜੀ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਵਿਰਾਸਤ ਨੂੰ ਸੰਭਾਲਨ ਲਈ ਕੋਈ ਵੀ ਯਤਨ ਨਹੀਂ ਕੀਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪਾਰਟੀ ਜਿਸ ਦੇ ਕੈਪਟਨ ਅਮਰਿੰਦਰ ਸਿੰਘ ਅੱਜ ਸੂਬੇ ਵਿਚ ਮੁੱਖੀ ਹਨ, ਉਸੇ ਪਾਰਟੀ ਨੇ ਸੂਬੇ ਦੇ ਲੋਕਾਂ ਦੇ ਮਨਾਂ ਤੇ ਸਾਡੇ ਧਾਰਮਿਕ ਸਥਾਨਾਂ ਤੇ ਹਮਲਾ ਕਰਕੇ ਗਹਿਰੇ ਜ਼ਖਮ ਛੱਡੇ ਹਨ।
ਮੁੱਖ ਮੰਤਰੀ ਨੇ ਆਪ ਆਗੂਆਂ ਵੱਲੋਂ ਪੱਤਰਕਾਰਾਂ ਤੇ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਅਜਿਹੇ ਹਮਲੇ ਹੋਰ ਵੀ ਵਧਣਗੇ। ਉਨਾਂ ਕਿਹਾ ਕਿ ਆਪ ਦੇ ਆਗੂਆਂ ਨੂੰ ਜਮੂਹਰੀ ਕਦਰਾਂ ਕੀਮਤਾਂ ਕੋਈ ਪਰਵਾਹ ਨਹੀਂ ਹੈ ਅਤੇ ਅਜਿਹੇ ਕੰਮ ਕਰਕੇ ਉਹ ਜਮੂਹਰੀਅਤ ਦੀ ਮੂਲ ਭਾਵਨਾ ਤੇ ਸੱਟ ਮਾਰ ਰਹੇ ਹਨ। ਉਨਾਂ ਕਿਹਾ ਕਿ ਮੰਨੋਰੰਜਨ ਕਰਨ ਵਾਲੇ ਇਹ ਲੋਕ ਕਦੇ ਵੀ ਜਮੂਹਰੀ ਕਦਰਾਂ ਕੀਮਤਾਂ ਨੂੰ ਆਪਨਾ ਨਹੀਂ ਸਕਦੇ।
ਇਸ ਦੌਰਾਨ ਮੁੱਖ ਮੰਤਰੀ ਨੇ ਅੱਜ ਪਿੰਡ ਭਾਗੂ, ਵਨਵਾਲਾ ਅਨੂਕਾ, ਸਿੱਖਵਾਲਾ, ਪੰਜਾਵਾ, ਫਤੂਹੀਖੇੜਾ ਰੋੜਾਂਵਾਲੀ ਆਦਿ ਵਿਚ ਸੰਗਤ ਦਰਸ਼ਨ ਸਮਾਗਮ ਦੌਰਾਨ ਲੋਕਾਂ ਦੀਆਂ ਮੁਸਕਿਲਾਂ ਸੁਣ ਕੇ ਮੌਕੇ ਤੇ ਹੀ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰਨ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ. ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਸੂਮੀਤ ਜਾਰੰਗਲ, ਐਸ.ਐਸ.ਪੀ. ਸ: ਗੁਰਪ੍ਰੀਤ ਸਿੰਘ ਗਿੱਲ, ਏ.ਡੀ.ਸੀ. ਸ: ਕੁਲਵੰਤ ਸਿੰਘ, ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲਾ ਕੋਆਰਡੀਨੇਟਰ ਸ: ਅਵਤਾਰ ਸਿੰਘ ਵਨਵਾਲਾ, ਸੀਨਿਅਰ ਆਗੂ ਸ: ਸਤਿੰਦਰਜੀਤ ਸਿੰਘ ਮੰਟਾ, ਬੀਬੀ ਵੀਰਪਾਲ ਕੌਰ ਤਰਮਾਲਾ, ਜੱਥੇਦਾਰ ਬਿੱਕਰ ਸਿੰਘ ਚਨੂੰ ਐਸ.ਜੀ.ਪੀ.ਸੀ. ਮੈਂਬਰ, ਸ: ਹਰਮੇਸ਼ ਸਿੰਘ ਖੁੱਡੀਆਂ, ਮਨਜੀਤ ਸਿੰਘ ਲਾਲਬਾਈ, ਰਣਜੋਧ ਸਿੰਘ ਲੰਬੀ, ਜਗਜੀਤ ਸਿੰਘ ਪੰਜਾਵਾ, ਲਖਵਿੰਦਰ ਸਿੰਘ ਰੋਹੀਵਾਲਾ ਆਦਿ ਵੀ ਹਾਜਰ ਸਨ।