ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 8ਵਾਂ ਜਾਗ੍ਰਿਤੀ ਖ਼ਾਲਸਾ ਚੇਤਨਾ ਮਾਰਚ ਹਲਕਾ ਮਜੀਠਾ ਦੇ ਪਿੰਡ ਸਿਆਲਕਾ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਗੀ ਸਮੇਂ ਪੰਜ ਪਿਆਰਿਆਂ ਦੇ ਨਾਲ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਮਾਲ ਮੰਤਰੀ ਸ:ਬਿਕਰਮ ਸਿੰਘ ਮਜੀਠੀਆ, ਡਾ: ਤਰਸੇਮ ਸਿੰਘ ਸਿਆਲਕਾ ਤੇ ਹੋਰ।
ਅੰਮ੍ਰਿਤਸਰ, 4 ਸਤੰਬਰ, 2016 : ਦਸਮੇਸ਼ ਪਿਤਾ ਵੱਲੋਂ ਰੰਘਰੇਟਾ ਗੁਰੂ ਕਾ ਬੇਟਾ ਵਜੋਂ ਵਰੋਸਾਏ ਗਏ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 355 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਅੱਠਵਾਂ ਜਾਗ੍ਰਿਤੀ ਖ਼ਾਲਸਾ ਚੇਤਨਾ ਮਾਰਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪੂਰੀ ਸ਼ਾਨੋ ਸ਼ੌਕਤ ਨਾਲ ਹਲਕਾ ਮਜੀਠਾ ਦੇ ਪਿੰਡ ਸਿਆਲਕਾ ਤੋਂ ਤਪ ਅਸਥਾਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ,ਸ੍ਰੀ ਅਨੰਦਪੁਰ ਸਾਹਿਬ ਲਈ ਅੱਜ ਸਵੇਰੇ 9:30 ਵਜੇ ਅਰਦਾਸ ਉਪਰੰਤ ਰਵਾਨਾ ਹੋਇਆ।
ਅਮਰ ਸ਼ਹੀਦ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਚੈਰੀਟੇਬਲ ਟਰੱਸਟ ਦੇ ਮੁਖੀ ਅਤੇ ਅਕਾਲੀ ਦਲ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ: ਤਰਸੇਮ ਸਿੰਘ ਸਿਆਲਕਾ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ ਉਕਤ ਖ਼ਾਲਸਾ ਮਾਰਚ ਦੀ ਰਵਾਨਗੀ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ,ਬਾਬਾ ਸੱਜਣ ਸਿੰਘ ਜੀ ਗੁਰ ਕਾ ਬੇਰ ਸਾਹਿਬ, ਮਹਾਂ ਪੁਰਸ਼ ਸੰਤ ਕਿਰਪਾਲ ਦਾਸ ਜੀ ਸਰਹਾਲੇ ਵਾਲੇ ਤੋਂ ਇਲਾਵਾ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਮੰਤਰੀ ਸ: ਗੁਲਜ਼ਾਰ ਸਿੰਘ ਰਣੀਕੇ ਪ੍ਰਧਾਨ ਐਸ ਸੀ ਵਿੰਗ ਸਮੇਤ ਸੰਗਤਾਂ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ: ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤਾਬੜਤੋੜ ਹਮਲਾ ਬੋਲਦਿਆਂ ਦਿਲੀ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਅਤੇ ਦਿਲੀ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਦੀਆਂ ਮਾੜੀਆਂ ਤੇ ਕਾਲੀਆਂ ਕਰਤੂਤਾਂ ਲਈ ਉਹਨਾਂ ਸਾਰਿਆਂ ਨੂੰ ਪਾਰਟੀ ਤੋਂ ਡਿਸਮਿਸ ਕਰਨ ਅਤੇ ਕੇਜਰੀਵਾਲ ਨੂੰ ਵੀ ਨੈਤਿਕ ਜ਼ਿੰਮੇਵਾਰੀ ਕਬੂਲਦਿਆਂ ਅਸਤੀਫ਼ਾ ਦੇਣ ਲਈ ਕਿਹਾ ਹੈ।
ਸ: ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੇ ਸੈਕਸ ਸਕੈਂਡਲ ਵਿੱਚ ਫਸੇ ਮੰਤਰੀ ਸੰਦੀਪ ਕੁਮਾਰ ਬਾਰੇ 15- 20 ਦਿਨ ਪਹਿਲਾਂ ਹੀ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ । ਜਦ ਸੀ ਡੀ ਜਨਤਕ ਹੋਈ ਫਿਰ ਉਸ ਨੇ ਮੰਤਰੀ ਨੂੰ ਹਟਾਉਣ ਦਾ ਡਰਾਮਾ ਰਚਿਆ। ਉਹਨਾਂ ਕਿਹਾ ਕਿ ਦਿਲੀ ਦੇ 16 ਵਿਧਾਇਕਾਂ ਵਿਰੁੱਧ ਸੰਗੀਨ ਧਾਰਾਵਾਂ ਤਹਿਤ ਕੇਸ ਚਲ ਰਹੇ ਹਨ ਜਿਨ੍ਹਾਂ ਨੂੰ ਕੇਜਰੀਵਾਲ ਨੇ ਨਗੀਨਾ ਠਹਿਰਾ ਕੇ ਲੋਕਾਂ ਨੂੰ ਵੋਟ ਪਵਾਉਣ ਦੀਆਂ ਅਪੀਲਾਂ ਕੀਤੀਆਂ, ਜੋ ਕਿ ਅੱਜ ਸਭ ਬੇਨਕਾਬ ਹੋਚੁਕੇ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਪਾਰਟੀ ਨੂੰ ਫਤਵਾ ਦਿੱਤਾ ਹੈ, ਸਰਕਾਰ ਵਿੱਚੋਂ ਇਹਨਾਂ ਨੂੰ ਭਾਵੇਂ ਹਟਾ ਲਿਆ ਗਿਆ ਪਰ ਪਤਾ ਨਹੀਂ ਕਿਸ ਮਜਬੂਰੀ ਵਸ ਪਾਰਟੀ ਕਨਵੀਨਰ ਇਹਨਾਂ ਗੁਨਾਹਗਾਰ ਲੋਕਾਂ ਦੇ ਗੰਦ ਮੰਦ ਨੂੰ ਨਾਲ ਲੈ ਕੇ ਬੈਠਾ ਹੋਇਆ ਹੈ।
ਇਸ ਤੋਂ ਪਹਿਲਾਂ ਸ: ਮਜੀਠੀਆ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਗੁਰਦਵਾਰਾ ਸਾਹਿਬ ਵਿਖੇ ਸੰਗਤਾਂ ਦੀ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ: ਬਿਕਰਮ ਸਿੰਘ ਮਜੀਠੀਆ ਨੇ ਡਾ : ਤਰਸੇਮ ਸਿੰਘ ਸਿਆਲਕਾ ਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਉਹਨਾਂ ਬਾਬਾ ਜੀਵਨ ਸਿੰਘ ਜੀ ਦੀਆਂ ਕੁਰਬਾਨੀਆਂ ਅੱਗੇ ਸੀਸ ਨਿਵਾਉਂਦਿਆਂ ਕਿਹਾ ਕਿ ਮੁਸ਼ਕਲ ਹਾਲਤਾਂ ਵਿੱਚ ਵੀ ਬਾਬਾ ਜੀਵਨ ਸਿੰਘ ਜੀ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦਿਆਂ ਗੁਰੂ ਘਰ ਪ੍ਰਤੀ ਪਿਆਰ ,ਸਤਿਕਾਰ ਅਤੇ ਜ਼ਿੰਮੇਵਾਰੀ ਦੀ ਵੱਡੀ ਮਿਸਾਲ ਕਾਇਮ ਕੀਤੀ ਹੈ। ਉਹਨਾਂ ਦੀ ਪੰਥ ਅਤੇ ਗੁਰੂ ਘਰ ਪ੍ਰਤੀ ਵੱਡੀ ਦੇਣ ਸਦਕਾ ਹੀ ਉਹਨਾਂ ਨੂੰ ਗੁਰੂ ਦਸਮੇਸ਼ ਪਿਤਾ ਨੇ ਰੰਘਰੇਟਾ ਗੁਰੂ ਕਾ ਬੇਟਾ ਦਾ ਮਾਣ ਬਖਸ਼ਿਆ।
ਉਹਨਾਂ ਕਿਹਾ ਕਿ ਦਲਿਤ ਭਾਈਚਾਰੇ ਦਾ ਇਤਿਹਾਸਕ ਪਿਛੋਕੜ ਬਹੁਤ ਮਹਾਨ ਹੈ, ਅਣਖ, ਸਬਰ ਸੰਤੋਖ ਤੋਂ ਇਲਾਵਾ ਇਸ ਭਾਈਚਾਰੇ ਦਾ ਜੀਵਨ ਗੁਰੂ ਘਰ ਪ੍ਰਤੀ ਵਿਸ਼ਵਾਸ ਹਮੇਸ਼ਾਂ ਅਡੋਲ ਰਿਹਾ।ਉਹਨਾਂ ਦੱਸਿਆ ਕਿ ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਨੇ 240 ਸਾਲ ਤਕ ਪੀੜੀ ਦਰ ਪੀੜੀ ਗੁਰੂ ਘਰ ਤੇ ਪੰਥ ਦੀ ਸੇਵਾ ਨਿਭਾਈ ਹੈ। ਉਹਨਾਂ ਕਿਹਾ ਕਿ ਬਾਬਾ ਜੀ ਦੇ ਦਰਸਾਏ ਰਸਤੇ 'ਤੇ ਚਲਣਾ ਮਾਣ ਵਾਲੀ ਗਲ ਹੈ।
ਉਹਨਾਂ ਕਿਹਾ ਕਿ ਐਸ ਸੀ ਭਾਈਚਾਰਾ ਅਕਾਲੀ ਦਲ ਦਾ ਅਟੁੱਟ ਅੰਗ ਰਿਹਾ ਹੈ ਅਤੇ ਰਹੇਗਾ। ਉਹਨਾਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਯਾਦਗਾਰ ਦੀ ਉੱਸਾਰੀ ਦਾ ਕੰਮ ਜੰਗੀ ਪੱਧਰ 'ਤੇ ਚਲ ਰਿਹਾ ਹੈ। ਉਹਨਾਂ ਦੱਸਿਆ ਕਿ ਕਲ ਹੀ ਬਾਬਾ ਜੀ ਦੀ ਯਾਦ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਵਿਖੇ 10 ਕਰੋੜ ਦੀ ਲਾਗਤ ਨਾਲ ਸ਼ਹੀਦ ਬਾਬਾ ਜੈਤਾ ਜੀ ਨਿਵਾਸ ਦੀ ਉਸਾਰੀ ਦਾ ਕੰਮ ਚਲ ਰਿਹਾ ਹੇ। ਇਸੇ ਤਰਾਂ ਸਰਹੱਦੀ ਖੇਤਰ ਵਿੱਚ ਗੁਰਦਵਾਰਾ ਸਤਲਾਨੀ ਸਾਹਿਬ ਵਿਖੇ 20 ਏਕੜ ਜ਼ਮੀਨ ਵਿੱਚ ਬਾਬਾ ਜੀ ਦੀ ਯਾਦ ਨੂੰ ਸਮਰਪਿਤ ਖ਼ਾਲਸਾ ਕਾਲਜ ਕਾਇਮ ਕਰਨ ਅਤੇ ਦਿਲੀ ਦੇ ਗੁਰਦਵਾਰਾ ਸੀਸ ਗੰਜ ਸਾਹਿਬ ਦੀ ਲੰਗਰ ਇਮਾਰਤ ਦਾ ਨਾਮ ਕਰਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਬਾਬਾ ਜੀਵਨ ਸਿੰਘ ਜੀ ਦੇ ਨਾਮ ਕੀਤੇ ਜਾਣ ਦਾ ਹਵਾਲਾ ਦਿੱਤਾ।
ਇਸ ਮੌਕੇ ਮਾਰਚ ਦੇ ਪ੍ਰਬੰਧਕ ਡਾ: ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਮਾਰਚ ਮਹਿਤਾ ਚੌਕ, ਘੁਮਾਣ, ਸ੍ਰੀ ਹਰਿਗੋਬਿੰਦ ਪੁਰ, ਟਾਂਡਾ, ਹੁਸ਼ਿਆਰਪੁਰ ਸ਼ਹਿਰ 'ਚੋ ਦੀ ਹੁੰਦਾ ਹੋਇਆ ਗੜ੍ਹਸ਼ੰਕਰ, ਨੂਰਪੁਰ ਬੇਦੀ ਉਪਰੰਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਗੁਰਦਵਾਰਾ ਤੱਪ ਅਸਥਾਨ ਵਿਖੇ ਅੱਜ ਸ਼ਾਮ ਨੂੰ ਪਹੁੰਚੇਗਾ।ਜਿੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮਲ ਸਿੰਘ ਜੀ ਦੀ ਅਗਵਾਈ 'ਚ ਮਾਰਚ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ। ਇਸ ਮੌਕੇ ਆਤਿਸ਼ਬਾਜ਼ੀ, ਬੈਂਡ ਅਤੇ ਗਤਕਾ ਪਾਰਟੀਆਂ ਵੱਲੋਂ ਆਪਣੇ ਜੌਹਰ ਦਿਖਾਉਂਦਿਆਂ ਮਾਰਚ ਦੀ ਸੋਭਾ ਵਧਾਈ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ,ਜ਼ਿਲ੍ਹਾ ਪੀ੍ਰਸ਼ਦ ਚੇਅਰਮੈਨ ਜ਼ੈਲ ਸਿੰਘ ਗੋਪਾਲਪੁਰਾ, ਬੀਬੀ ਸੁਰਿੰਦਰ ਬੀਰ ਕੌਰ ਸਿਆਲਕਾ, ਡੀ ਐਸ ਪੀ ਵਿਸ਼ਾਲ ਜੀਤ ਸਿੰਘ, ਐਸ ਐੱਚ ਓ ਬਾਜਵਾ, ਦਿਲਬਾਗ ਸਿੰਘ ਲਹਿਰਕਾ, ਸਰਪੰਚ ਪਲਵਿੰਦਰ ਸਿੰਘ ਸਿਆਲਕਾ, ਮੇਜਰ ਸਿੰਘ ਸਿਆਲਕਾ,ਬਲਵਿੰਦਰ ਸਿੰਘ ਉੱਪਲ, ਗੁਰਮੀਤ ਸਿੰਘ ਮੱਤੇਵਾਲ, ਮਨਜੀਤ ਸਿੰਘ ਬੱਬਰ, ਸ੍ਰੀਮਤੀ ਮਹਿੰਦਰ ਕੌਰ ਸਿਆਲਕਾ, ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਧਰਮ ਕੌਰ ਮਹਿਮੂਦਪੁਰ, ਸਰਪੰਚ ਅਮਰੀਕ ਸਿੰਘ ਢੱਡੇ, ਅਮਰ ਸਿੰਘ ਕੋਟਲੀ ਢੋਲੇਸ਼ਾਹ, ਸਰਪੰਚ ਮੰਗਲ ਸਿੰਘ ਬਾਬੋਵਾਲ, ਰਣਜੀਤ ਸਿੰਘ ਰਾਜਾ ਪੰਧੇਰ, ਧਰਮ ਸਿੰਘ ਬੁਰਜ ਨੋਆਬਾਦ, ਮੇਜਰ ਸਿੰਘ ਚੰਨਣਕੇ, ਬਲਵਿੰਦਰ ਸਿੰਘ ਜਿਮੀਦਾਰ, ਸਰਪੰਚ ਭੁਪਿੰਦਰ ਸਿੰਘ, ਬੀਬੀ ਦਲਬੀਰ ਕੌਰ ਮਰੜੀ, ਹਰਜੀਤ ਖੈੜੇ, ਪਲਵਿੰਦਰ ਕੌਰ ਕਾਦਰਾਬਾਦ, ਮਸਾ ਸਿੰਘ ਡਾਰੀਕੇ ਆਦਿ ਆਗੂ ਹਾਜ਼ਰ ਸਨ।