ਚੰਡੀਗੜ੍ਹ, 4 ਸਤੰਬਰ, 2016 : ਬੀਤੇ ਕੱਲ ਮਲੋਟ ਵਿਖੇ ਆਮ ਆਦਮੀ ਪਾਰਟੀ ਦੀ ਸ਼ਾਂਤਮਈ ਰੈਲੀ ਦੋਰਾਨ ਅਕਾਲੀ ਗੁੰਡਿਆਂ ਵੱਲੋਂ ਕੀਤਾ ਗਿਆ ਹਿੰਸਕ ਹਮਲਾ ਬਾਦਲਾਂ ਅਤੇ ਪੁਲਿਸ ਵੱਲੋਂ ਰਚੀ ਗਈ ਡੂੰਘੀ ਸਾਜਿਸ਼ ਦਾ ਨਤੀਜਾ ਹਨ ਤਾਂ ਕਿ ਪੰਜਾਬ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਲਹਿਰ ਨੂੰ ਦਬਾਇਆ ਜਾ ਸਕੇ। ਜਿਵੇਂ ਕਿ ਅਸੀ ਜਾਣਦੇ ਹਾਂ ਕਿਰਪਾਨਾਂ, ਲਾਠੀਆਂ ਆਦਿ ਹਥਿਆਰਾਂ ਨਾਲ ਲੈਸ ਅਕਾਲੀ ਗੁੰਡੇ ਆਮ ਆਦਮੀ ਪਾਰਟੀ ਦੀ ਰੈਲੀ ਵਾਲੇ ਪੰਡਾਲ ਵਿੱਚ ਉਸ ਵੇਲੇ ਆ ਧਮਕੇ ਜਦ ਐਮ.ਪੀ. ਭਗਵੰਤ ਮਾਨ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਕਤ ਅਕਾਲੀ ਗੁੰਡਿਆਂ ਨੇ ਸਾਡੇ ਪੰਡਾਲ ਵਿੱਚ ਗੁੰਡਾਗਰਦੀ ਫੈਲਾ ਦਿੱਤੀ ਜਿਸ ਨਾਲ ਕਿ ਸਾਡੇ ਵਲੰਟੀਅਰ ਗੰਭੀਰ ਜਖਮੀ ਹੋ ਗਏ। ਬਦਕਿਸਮਤੀ ਨਾਲ ਪੁਲਿਸ ਸਿਰਫ ਮੂਕਦਰਸ਼ਕ ਬਣ ਕੇ ਖੜੀ ਰਹੀ ਅਤੇ ਅਮਨ ਕਾਨੂੰਨ ਨੂੰ ਕਾਬੂ ਕਰਨ ਲਈ ਕੋਈ ਹਰਕਤ ਨਹੀਂ ਕੀਤੀ। ਇਹ ਹੈਰਾਨੀਜਨਕ ਹੈ ਕਿ ਜਿਥੇ ਬਾਦਲ ਪਰਿਵਾਰ ਅਤੇ ਸੱਤਾਧਾਰੀ ਪਾਰਟੀ ਦੀਆਂ ਰੈਲੀਆਂ ਵਿੱਚ ਪੰਜਾਬ ਪੁਲਿਸ ਵੱਡੀ ਗਿਣਤੀ ਵਿੱਚ ਹਾਜਿਰ ਹੁੰਦੀ ਹੈ ਉਥੇ ਹੀ ਉਹਨਾਂ ਨੇ ਜਾਣ ਬੁੱਝ ਕੇ ਸਾਡੀ ਰੈਲੀ ਵਾਸਤੇ ਢੁੱਕਵੇਂ ਸੁਰੱਖਿਆ ਇੰਤਜਾਮ ਨਹੀਂ ਕੀਤੇ ਤਾਂ ਕਿ ਅਕਾਲੀ ਗੁੰਡੇ ਸਾਡੇ ਵਲੰਟੀਅਰਾਂ ਉੱਪਰ ਖੁੱਲ ਕੇ ਹਮਲਾ ਕਰ ਸਕਣ।
ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਨੂੰ ਡਰਾਉਣ ਧਮਕਾਉਣ ਲਈ ਬੀਤੇ ਕੱਲ ਹੋਈ ਹਿੰਸਕ ਘਟਨਾ ਵਿੱਚੋਂ ਜੂਨੀਅਰ ਬਾਦਲ ਦੀ ਸ਼ਹਿ ਉੱਪਰ ਪੁਲਿਸ ਦੀ ਹਮਾਇਤ ਨਾਲ ਘੜੀ ਗਈ ਡੂੰਘੀ ਸਾਜਿਸ਼ ਦਾ ਹਿੱਸਾ ਹੈ। ਮੇਰਾ ਇਹ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਾਡੀਆਂ ਸਿਆਸੀ ਰੈਲੀਆਂ ਵਿੱਚ ਅਜਿਹੇ ਹੋਰ ਹਿੰਸਕ ਹਾਦਸੇ ਹੋਣਗੇ ਅਤੇ ਸਾਡੇ ਲੀਡਰਾਂ ਉੱਪਰ ਹਮਲੇ ਕੀਤੇ ਜਾਣਗੇ। ਉਕਤ ਸਾਜਿਸ਼ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਬਣਾਈ ਗਈ ਹੈ ਕਿਉਂਕਿ ਬਾਦਲ-ਮਜੀਠੀਆ ਪਰਿਵਾਰਾਂ ਨੂੰ ਡਰ ਹੈ ਕਿ ਜੇਕਰ ਸਾਡੀ ਸਰਕਾਰ ਬਣ ਗਈ ਤਾਂ ਅੰਨੇ ਭ੍ਰਿਸ਼ਟਾਚਾਰ ਅਤੇ ਡਰੱਗ ਸਬੰਧੀ ਮਾਮਲਿਆਂ ਵਿੱਚ ਉਹਨਾਂ ਨੂੰ ਜੇਲ ਭੇਜਿਆ ਜਾਵੇਗਾ। ਆਮ ਆਦਮੀ ਪਾਰਟੀ ਨੂੰ ਸਿਰਫ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਨਾਲ ਦੋਸਤਾਨਾ ਮੈਚ ਖੇਡ ਰਹੇ ਕੈਪਟਨ ਅਮਰਿੰਦਰ ਸਿੰਘ ੳਤੇ ਕਾਂਗਰਸ ਕੋਲੋਂ ਬਾਦਲ-ਮਜੀਠੀਆ ਪਰਿਵਾਰਾਂ ਨੂੰ ਕੋਈ ਡਰ ਮਹਿਸੂਸ ਨਹੀਂ ਹੁੰਦਾ। ਪੰਜਾਬ ਦੀ ਰਾਜਨੀਤੀ ਵਿੱਚ ਹਿੰਸਾ ਨੂੰ ਪੇਸ਼ ਕੀਤੇ ਜਾਣ ਦੀ ਡੂੰਘੀ ਸਾਜਿਸ਼ ਨੂੰ ਵਿਰਸਾ ਸਿੰਘ ਵਲਟੋਹਾ ਵਰਗੇ ਅਕਾਲੀ ਆਗੂਆਂ ਦੇ ਬਿਆਨਾਂ ਤੋਂ ਸਪੱਸ਼ਟ ਦੇਖਿਆ ਜਾ ਸਕਦਾ ਹੈ ਜਿਸਨੇ ਹਾਲ ਹੀ ਵਿੱਚ ਅਕਾਲੀ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੁੱਟਣ ਅਤੇ ਸਬਕ ਸਿਖਾਉਣ ਲਈ ਉਕਸਾਇਆ ਸੀ ਅਤੇ ਸਰਕਾਰ ਵੱਲੋਂ ਸੁਰੱਖਿਆ ਦੇਣ ਦਾ ਭਰੋਸਾ ਵੀ ਦਿੱਤਾ ਸੀ।
ਆਮ ਆਦਮੀ ਪਾਰਟੀ ਦੀ ਇਹ ਪੁਖਤਾ ਸੋਚ ਹੈ ਕਿ ਪੰਜਾਬ ਪੁਲਿਸ ਦੀ ਮਦਦ ਨਾਲ ਜੂਨੀਅਰ ਬਾਦਲ ਹਿੰਸਾ ਨੂੰ ਭੜਕਾਏਗਾ ਅਤੇ 2017 ਦੀਆਂ ਅਗਾਮੀ ਚੋਣਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰੇਗਾ। ਮੇਰੀ ਭਾਰਤ ਦੇ ਚੋਣ ਕਮੀਸ਼ਨ ਕੋਲ ਬੇਨਤੀ ਹੈ ਕਿ ਸ਼ਾਂਤੀ ਨੂੰ ਭੰਗ ਕਰਨ ਲਈ ਬਾਦਲ ਸਰਕਾਰ ਵੱਲੋਂ ਅਪਨਾਏ ਜਾ ਰਹੇ ਹਿੰਸਕ ਹੱਥਕੰਡਿਆਂ ਦਾ ਖੁਦ ਨੋਟਿਸ ਲੈਣ।
ਪੰਜਾਬ ਵਿੱਚ ਸਿਆਸਤ ਦਾ ਅਪਰਾਧੀਕਰਨ ਕਰਨ ਦੇ ਨਾਲ ਨਾਲ ਬਾਦਲ ਪਰਿਵਾਰ ਸੂਬੇ ਦੀ ਚੋਣ ਪ੍ਰਣਾਲੀ ਨੂੰ ਵੀ ਦੂਸ਼ਿਤ ਕਰਨ ਦਾ ਜਿੰਮੇਵਾਰ ਹੈ। ਇਹ ਸੱਭ ਜਾਣਦੇ ਹਨ ਕਿ ਬਾਦਲ ਪਰਿਵਾਰ ਕਈ ਦਹਾਕਿਆਂ ਤੋਂ ਆਪਣੇ ਜੱਦੀ ਹਲਕਿਆਂ ਲੰਬੀ ਅਤੇ ਗਿੱਦੜਬਾਹਾ ਵਿੱਚ ਚੋਣਾਂ ਦੋਰਾਨ ਸ਼ਰਾਬ, ਡਰੱਗਸ ਆਦਿ ਵੰਡਣ ਦੇ ਨਾਲ ਨਾਲ ਹੀ ਵੋਟਾਂ ਵੀ ਖਰੀਦਦਾ ਹੈ। ਜੂਨੀਅਰ ਬਾਦਲ ਨੇ ਇਸ ਭ੍ਰਿਸ਼ਟ ਪ੍ਰਕਿਰਿਆ ਨੂੰ ਪੂਰੇ ਸੂਬੇ ਵਿੱਚ ਹੀ ਲਾਗੂ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਪੁਲਿਸ ਨੂੰ ਤਾੜਣਾ ਹੈ ਕਿ ਸਾਡੇ ਪੰਡਾਲ ਵਿੱਚ ਆ ਧਮਕਣ ਵਾਲਿਆਂ ਖਿਲਾਫ ਆਈ.ਪੀ.ਸੀ ਦੀਆਂ ਧਾਰਾਵਾਂ 307, 452 ਆਦਿ ਦੇ ਅਧੀਨ ਸਖਤ ਕਦਮ ਚੁੱਕਿਆ ਜਾਵੇ। ਜੇਕਰ ਪੰਜਾਬ ਪੁਲਿਸ ਅਕਾਲੀ ਗੁੰਡਿਆਂ ਖਿਲਾਫ ਢੁੱਕਵਾਂ ਕਦਮ ਚੁੱਕਣ ਵਿੱਚ ਅਸਫਲ ਰਹਿੰਦੀ ਹੈ ਤਾਂ ਇਹ ਮੰਨ ਲਿਆ ਜਾਵੇਗਾ ਕਿ ਉਹ ਉਹਨਾਂ ਨਾਲ ਰਲੇ ਹੋਏ ਹਨ ਅਤੇ ਉਕਤ ਸਾਜਿਸ਼ ਦਾ ਇੱਕ ਹਿੱਸਾ ਵੀ ਹਨ।