ਅੰਮ੍ਰਿਤਸਰ, 4 ਸਤੰਬਰ, 2016 : ਸਰਬੱਤ ਖਾਲਸਾ ਦੇ ਮਤਵਾਦੀ ਤਖਤ ਸਾਹਿਬਨਾ ਦੇ ਜਥੇਦਾਰਾਂ ਵੱਲੋ 16 ਅਗਸਤ ਤੋ 15 ਸਤੰਬਰ ਤੱਕ ਸ਼ੁਰੂ ਕੀਤੇ ਗਏ ''ਨਸ਼ਾ ਛੁਡਾਉ ਤੇ ਪੰਥ ਬਚਾਉ'' ਮਾਰਚ ਦਾ ਅੰਮ੍ਰਿਤਸਰ ਜਿਲ•ੇ ਵਿੱਚ ਪੁੱਜਣ ਤੇ ਸੁਆਗਤ ਕਰਨ ਲਈ ਸਰਬੱਤ ਖਾਲਸਾ ਨਾਲ ਸਬੰਧਿਤ ਧਿਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਮਾਰਚ ਦੇ ਸੱਤ ਸਤੰਬਰ ਦੇ ਪ੍ਰੋਗਰਾਮ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਮਾਰਚ ਦੇ ਰੂਟ ਦੀ ਰੂਪ ਰੇਖਾ ਤਿਆਰ ਕੀਤੀ ਗਈ।
ਜਾਰੀ ਇੱਕ ਬਿਆਨ ਰਾਹੀ ਸਰਬੱਤ ਖਾਲਸਾ ਦੇ ਆਗੂ ਤੇ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰ. ਪਰਮਜੀਤ ਸਿੰਘ ਜਿਜੇਆਣੀ ਨੇ ਦੱਸਿਆ ਕਿ ਮੀਟਿੰਗ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰ ਹਰਬੀਰ ਸਿੰਘ ਸੰਧੂ, ਜਨਰਲ ਸਕੱਤਰ ਸ੍ਰ ਜਰਨੈਲ ਸਿੰਘ ਸਖੀਰਾ ਤੋ ਇਲਾਵਾ ਹੋਰ ਆਗੂਆ ਨੇ ਵੀ ਭਾਗ ਲਿਆ। ਸ੍ਰ ਜਿਜੇਆਣੀ ਨੇ ਦੱਸਿਆ ਕਿ ਸੱਤ ਸਤੰਬਰ ਨੂੰ ਮਾਰਚ ਸਵੇਰੇ 9 ਵਜੇ ਦਮਦਮੀ ਟਕਸਾਲ ਅਜਨਾਲਾ ਦੇ ਹੈਡ ਕੁਆਟਰ ਤੋ ਰਵਾਨਾ ਹੋਵੇਗਾ ਤੇ ਅਜਨਾਲਾ ਤੋ ਬਰਾਸਤਾ ਰਾਜੀਆ, ਭੋਏਵਾਲੀ, ਕਿਆਮਪੁਰਾ, ਮੇਡੂ ਨੰਗਲ, ਚੇਤਨਪੁਰਾ, ਹਮਜਾ, ਕੋਟਲਾ, ਜਿਜੇਆਣੀ, ਮਰੜੀ , ਕੱਥੂਨੰਗਲ, ਜੇਠੂਵਾਲ, ਮੂਧਲ, ਵੱਲਾ ਬਾਈਪਾਸ, ਜੀ.ਟੀ ਰੋਡ ਬਾਈਪਾਸ, ਦਬੁਰਜੀ, ਰਾਮਪੁਰ, ਝੀਤੇ, ਮਹਿਮਾ ਪੰਡੋਰੀ, ਵਨਚੜੀ, ਵਰਪਾਲ ਅਤੇ ਚੱਬਾ ਤੋ ਹੁੰਦਾ ਹੋਇਆ ਗੁਰੂਦੁਆਰ ਸ੍ਰੀ ਟਾਹਲਾ ਸਾਹਿਬ ਵਿਖੇ ਵਿਸ਼ਰਾਮ ਕਰੇਗਾ ਤੇ ਅਗਲੇ ਦਿਨ ਅਗਲੀ ਮੰਜ਼ਿਲ ਲਈ ਰਵਾਨਾ ਹੋਵੇਗਾ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਮਾਰਚ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸੰਗਤਾਂ ਵੱਲੋ ਦਿੱਤੇ ਜਾ ਰਹੇ ਸਹਿਯੋਗ ਲਈ ਉਹ ਧੰਨਵਾਦੀ ਹਨ। ਉਹਨਾਂ ਕਿਹਾ ਕਿ ਇਹ ਮਾਰਚ 15 ਸਤੰਬਰ ਨੂੰ ਸਾਰੇ ਪੰਜਾਬ ਵਿੱਚੋ ਦੀ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਸਰਪ੍ਰਸਤੀ ਤੇ ਪੰਜਾ ਪਿਆਰਿਆ ਦੀ ਅਗਵਾਈ ਹੇਠ ਚੱਲ ਰਹੇ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕਰੋ।