ਪਟਿਆਲਾ, 8 ਸਤੰਬਰ, 2016 (ਜੀ ਐੱਸ ਪੰਨੂੰ) : ਡਾ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਅੱਜ ਐਲਾਨ ਕੀਤਾ ਕਿ ਨਵੇਂ ਸਿਰਜੇ ਜਾ ਰਹੇ ਲੋਕ ਪੰਜਾਬ ਫ਼ਰੰਟ ਨੇ ਤਹੱਈਆ ਕੀਤਾ ਹੈ ਕਿ ਪ੍ਰਚਲਤ 'ਚਿਹਰਿਆਂ ਦੀ ਸਿਆਸਤ" ਦੇ ਮੁਕਾਬਲੇ 'ਮੁੱਦਿਆਂ ਦੀ ਸਿਆਸਤ' ਦੇ ਬੋਲ ਬਾਲੇ ਲਈ ਜੱਦੋਜਹਿਦ ਕਰਨਗੇ। ਇਸ ਸੰਬੰਧ ਵਿੱਚ ਡਾ ਗਾਂਧੀ ਨੇ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ, ਡਾ ਮਨਜੀਤ ਸਿੰਘ ਡੈਮੋਕਰੈਟਿਕ ਸਵਰਾਜ ਪਾਰਟੀ, ਡਾ ਕਰਮਜੀਤ ਸਿੰਘ ਸਹਾਂ ਆਪਣਾ ਪੰਜਾਬ ਪਾਰਟੀ, ਸੁਮੀਤ ਭੁੱਲਰ ਵਾਲੰਟੀਅਰ ਫ਼ਰੰਟ ਪੰਜਾਬ, ਡਾ ਬਲਜੀਤ ਸਿੰਘ ਔਲਖ , ਜੈ ਜਵਾਨ ਜੈ ਕਿਸਾਨ ਪਾਰਟੀ, ਜਗਦੀਸ਼ ਰਾਏ ਸ਼ਰਮਾ, ਸਵਾਭਿਮਾਨ ਪਾਰਟੀ ਦੇ ਸਾਂਝੇ ਬਿਨਾ 'ਤੇ ਅੱਜ ਲੋਕ ਪੰਜਾਬ ਫ਼ਰੰਟ ਵਾਸਤੇ " ਪੰਜਾਬ ਪੱਖੀ ਦ੍ਰਿਸ਼ਟੀਕੋਣ-ਇੱਕ ਦਸਤਾਵੇਜ਼" ਜਾਰੀ ਕੀਤਾ। 'ਫ਼ੈਡਰਲਿਜ਼ਮ' ਸੰਘਵਾਦ ਨੂੰ ਪੰਜਾਬ ਪੱਖੀ ਸਿਆਸਤ ਦੀ ਚੂਲ ਬਿਆਨ ਕਰਦਿਆਂ ਇਹ ਦਸਤਾਵੇਜ਼ ਪੰਜਾਬ ਲਈ ਕੁਝ ਬੁਨਿਆਦੀ ਮੰਗਾਂ ਦੀ ਨਿਸ਼ਾਨਦੇਹੀ ਕਰਦਾ ਹੈ। ਡਾ ਧਰਮਵੀਰ ਗਾਂਧੀ ਨੇ ਭਾਰਤ ਨੂੰ 'ਫ਼ੈਡਰਲਿਜ਼ਮ' ਦੇ ਅਸੂਲਾਂ ਉਤੇ ਢਾਲਣ ਅਤੇ ਪੰਜਾਬ ਦੇ ਹਿਤਾਂ ਦੀ ਪੈਰਵਾਈ ਕਰਨ ਲਈ ਸਾਂਝੇ ਮੰਚ 'ਤੇ ਇਕੱਠੇ ਹੋਣ ਲਈ ਅਪੀਲ ਕੀਤੀ ਹੈI
ਪੰਜਾਬ ਪੱਖੀ ਦ੍ਰਿਸ਼ਟੀਕੋਣ - ਇੱਕ ਦਸਤਾਵੇਜ਼
ਪੰਜਾਬ ਪੱਖੀ ਦ੍ਰਿਸ਼ਟੀਕੋਣ ਲਈ ਦੀ ਚੀਜਾਂ ਦੀ ਲੋੜ ਹੈ- ਪਹਿਲੀ ਅਸੂਲ ਅਤੇ ਦੂਜੀ ਸਿਆਸੀ ਮੰਗਾਂ ਬਾਰੇ ਸ਼ਪਸ਼ਟ ਬਿਆਨੀ। ਦੂਜੇ ਸ਼ਬਦਾਂ ਵਿੱਚ ਪਹਿਲਾਂ ਪੰਜਾਬ ਦੇ ਉਭਰਦੇ ਮਸਲਿਆਂ ਦਾ ਸਿਆਸੀ ਹੱਲ ਦਰਸਾਇਆ ਜਾਵੇ ਜਿਸ ਨਾਲ ਨਿੱਤ ਦਿਨ ਦੇ ਆਰਥਿਕ ਸਮਾਜਿਕ ਅਤੇ ਸਭਿਆਚਾਰਕ ਮਸਲਿਆਂ ਦੇ ਹੱਲ ਲਈ ਰਾਹ ਨਿਕਲ ਸਕੇ।
ਲੋਕ ਪੰਜਾਬ ਫਰੰਟ ਅਜਿਹੇ ਸੁਧਾਰਾਂ ਲਈ ਯਤਨਸ਼ੀਲ ਰਹੇਗਾ ਕਿ ਭਾਰਤ ਸੰਘੀ (Fedral) ਅਸੂਲਾਂ ਦੇ ਆਧਾਰ ਤੇ ਇੱਕ ਐਸਾ ਗੁਲਦਸਤਾ ਬਣੇ ਜਿਸ ਵਿੱਚ ‘ਅਨੇਕਤਾ ਵਿੱਚ ਏਕਤਾ’ ਆਪਣੇ ਸਹੀ ਅਰਥਾਂ ਵਿੱਚ ਸਕਾਰ ਹੋਵੇ। ਇਹ ਲੋੜ ਭਾਰਤੀ ਸੰਘ ਦੇ ਕੇਂਦਰੀਕ੍ਰਿਤ ਰਾਜ ਅਤੇ ਭਾਸ਼ਾਈ ਆਧਾਰ ਉਤੇ ਮੁੜ ਗਠਿਤ ਹੋਏ ਸੂਬਿਆਂ ਦੀਆਂ ਉਪ-ਕੌਮੀਅਤਾਂ ਦਰਮਿਆਨ ਤਣਾਅਪੂਰਨ ਰਿਸ਼ਤਿਆਂ ਕਰਕੇ ਪੈਦਾ ਹੋਈ ਹੈ, ਜੋ ਕਿ ਕਦੇ ਸ਼ਾਂਤ ਹੁੰਦੇ ਹਨ ਅਤੇ ਕਦੇ ਭੜਕ ਪੈਂਦੇ ਹਨ। ਇਹ ਯਤਨ ਹੋਰਨਾਂ ਭਾਰਤੀ ਸੂਬਿਆਂ ਦੀਆਂ ਹਮਖਿਆਲੀ ਜਥੇਬੰਦੀਆਂ ਨਾਲ ਤਾਲਮੇਲ ਬਿਠਾਕੇ ਕੀਤਾ ਜਾਵੇਗਾ। ਭਾਰਤੀ ਸੰਵਿਧਾਨ ਦੀਆਂ ਸਾਰੀਆਂ ਉਪਲਭਧ ਧਾਰਾਂਵਾਂ ਨੂੰ ਵਰਤਦੇ ਹੋਏ ਕੇਂਦਰ ਅਤੇ ਰਾਜਾਂ ਵਿੱਚ ਇਕ ਨਿਆਂਪੂਰਵਕ ਸੰਤੁਲਨ ਹਾਸਲ ਕਰਨ ਦੀ ਕੋਸ਼ਿਸ਼ ਰਹੇਗੀ। ਮਕਸਦ ਇਹ ਰਹੇਗਾ ਕਿ ਸੂਬੇ ਆਪਣੇ ਸਰੋਤਾਂ ਉਪੱਰ ਆਪਣੇ ਮਾਲਕੀ ਹੱਕ ਰੱਖਣ; ਅਜਿਹੀਆਂ ਪ੍ਰਸਾਸ਼ਨਿਕ ਕਾਨੂੰਨੀ ਮੱਦਾਂ ਬਣਾ ਸਕਣ ਜੋ ਸੂਬੇ ਦੇ ਆਰਥਿਕ, ਭਾਸ਼ਾਈ, ਸਭਿਆਚਾਰਕ, ਧਾਰਮਿਕ, ਜਾਤੀ ਆਦਿਕ ਭਾਈਚਾਰਿਆਂ ਦੇ ਹਿੱਤਾਂ ਦੀਆਂ ਪੂਰਕ ਹੋਣ; ਅਤੇ ਇੱਕਵੀਂ ਸਦੀ ਵਿੱਚ ਦਰਪੇਸ਼ ਸਮੱਸਿਆਵਾਂ ਨੂੰ ਸੰਬੋਧਤ ਹੋ ਸਕਣ; ਅਤੇ ਪੰਜਾਬੀ ਸਮਾਜ ਨੂੰ ਜਮਹੂਰੀ, ਆਰਥਕ ਅਤੇ ਸਮਾਜਕ ਇਨਸਾਫ਼, ਬਰਾਬਰੀ ਅਤੇ ਭਾਈਚਾਰੇ ਦੇ ਆਧਾਰ ਤੇ ਇੱਕ ਅਧੁਨਿਕ ਪੰਜਾਬੀ ਸਮਾਜ ਦੇ ਤੌਰ ਤੇ ਵਿਗਸਤ ਕਰਨ ਲਈ ਹਾਣ ਦੀਆਂ ਹੋਣ। ਪਾਣੀਆਂ ਉੱਪਰ ਪੰਜਾਬ ਦੇ ਰਿਪੇਰੀਅਨ ਹੱਕ, ਪੰਜਾਬ ਦੀ ਰਾਜਧਾਨੀ ਚੰਡੀਗੜ੍, ਪੰਜਾਬੀ ਭਾਸ਼ਾ ਸਰਬ-ਵਿਆਪਕ ਬਣਾਉਣ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਮੁੜ ਸਥਾਪਤ ਕਰਨ ਵਰਗੇ ਕਾਰਜਾਂ ਲਈ ਫੈਡਰਲ ਚੌਖ਼ਟਾ ਅਤਿ ਜਰੂਰੀ ਹੈ। ਅਜਿਹਾ ਵਿਕੇਂਦਰੀਕਰਨ ਲੋਕਾਂ ਨੂੰ ਪ੍ਰਸ਼ਾਸਨਿਕ ਮਾਮਲਿਆਂ ਵਿੱਚ ਨੇੜੇ ਲਿਆਉਣ ਅਤੇ ਭਾਗੀਦਾਰ ਬਣਾਉਣ, ਸੰਸਥਾਵਾਂ ਨੂੰ ਪਾਰਦਰਸ਼ੀ ਅਤੇ ਪ੍ਰਸ਼ਾਸਕਾਂ ਜਵਾਬਦੇਹ ਬਣਾਵੇਗਾ ਅਤੇ ਇਸ ਤੋਂ ਵੀ ਵਧਕੇ ਪਿੰਡਾਂ ਅਤੇ ਮੁਹੱਲਿਆਂ ਤੱਕ ਪਸਰ ਸਕੇਗਾ।
ਪੰਜਾਬ ਸਬੰਧੀ ਉਦੇਸ਼ ਇਨ੍ਹਾਂ ਲੀਹਾਂ 'ਤੇ ਹੋਣਗੇ ਕਿ:
1. ਖੇਤੀਬਾੜੀ ਸੰਕਟ ਨੂੰ ਮੋੜਾ ਦੇਣ ਲਈ ਇੱਕ ਸੰਮਿਲਤ ਅਤੇ ਜਬਰਦਸਤ ਸਹਿਕਾਰੀ ਲਹਿਰ, ਖੇਤੀ ਅਧਾਰਤ ਉਦਯੋਗ ਅਤੇ ਵਿਸ਼ਵ-ਵਿਆਪੀ ਮੰਡੀਕਰਨ ਕਰਨਾ।
2. ਪਿਛਲੇ ਕੁੱਛ ਦਹਾਕਿਆਂ ਵਿੱਚ ਪੰਜਾਬੀ ਸਮਾਜ ਅੰਦਰ ਭਾਈਚਾਰਿਆਂ ਦਰਮਿਆਨ ਪੈਦਾ ਹੋਈਆਂ ਸਾਰੀਆਂ ਗਲਤ-ਫਹਿਮੀਆਂ, ਸ਼ੰਕਾਵਾਂ ਅਤੇ ਨਫਰਤਾਂ ਨੂੰ ਸੱਚ, ਇਨਸਾਫ, ਅਤੇ ਰਾਜੀਨਾਮਾ ਕਮਿਸ਼ਨ ਰਾਹੀਂ ਧੋਣ ਦਾ ਉਪਰਾਲਾ।
3. ਪੰਜਾਬ ਦੀ ਆਪਣੀ ਰਾਜਧਾਨੀ ਚੰਡੀਗੜ੍ ਲਈ ਯਤਨਸ਼ੀਲ ਹੋਣਾ ਤਾਂ ਕਿ ਪੰਜਾਬ ਨੂੰ ਸਹੀ ਸ਼ਕਲ-ਸੂਰਤ ਪ੍ਰਦਾਨ ਕੀਤੀ ਜਾ ਸਕੇ ਅਤੇ ਇਸਨੂੰ ਸਮਾਜਕ, ਵਿਦਿਅਕ, ਸਭਿਆਚਰਕ, ਸਹਿਤ, ਕਲਾ, ਅਤੇ ਖੇਡਾਂ ਦੇ ਖੇਤਰ ਵਿੱਚ ਸਰਵੋਤਮ ਚਿੰਨ ਵਜੋਂ ਵਿਕਸਤ ਕੀਤਾ ਜਾ ਸਕੇ।
4. ਜਾਤ-ਪਾਤ ਅਤੇ ਪਿੱਤਰੀਸੱਤਾ ਦੀਆਂ ਸਦੀਆਂ ਪੁਰਾਣੀਆਂ ਭੇਦਭਾਵ ਵਾਲੀਆਂ ਪਰੰਪਰਾਵਾਂ ਨੂੰ ਖਤਮ ਕਰਨ ਲਈ ਕਾਨੂੰਨੀ ਅਤੇ ਸਮਾਜਕ ਉਪਾਅ ਕਰਨੇ।
5. ਤੇਜ-ਰਫਤਾਰ ਅਤੇ ਅੰਧਾ-ਧੁੰਦ ਸ਼ਹਿਰੀਕਰਨ ਨਾਲ ਪੈਦਾ ਹੋਏ ਵਿਗਾੜਾਂ ਨੂੰ ਠੀਕ ਕਰਨ ਲਈ ਸ਼ਹਿਰਾਂ ਨੂੰ ਭੀੜ ਭੜੱਕੇ ਤੋਂ ਮੁਕਤ ਕਰਨਾ।
6. ਸਿਖਿਆ ਅਤੇ ਸਿਹਤ ਨੂੰ ਰਾਜ ਦੀ ਜੁੰਮੇਵਾਰੀ ਬਣਾਉਣਾ ਅਤੇ ਇਸਨੂੰ ਅਧੁਨਿਕ ਬਣਾਉਣਾ।
7. ਪੰਜਾਬੀ ਨੌਜਵਾਨਾਂ ਨੂੰ ਰੁਜਗਾਰ ਦੇ ਵਧੀਆ ਮੌਕੇ ਲੱਭਣ ਅਤੇ ਮੁਹਈਆ ਕਰਵਾਉਣ ਲਈ ਉਨ੍ਹਾਂ ਦੇ ਹੁਨਰ-ਕਲਾ ਵਿੱਚ ਸੁਧਾਰ ਅਤੇ ਅੰਦਰੂਨੀ ਤੇ ਬਹਿਰੂਨੀ ਰੁਜ਼ਗਾਰ ਪ੍ਰਾਪਤੀ ਨੂੰ ਨਿਯਮਤ ਅਤੇ ਸੁਵਿਧਾਜਨਕ ਬਨਾਉਣਾ।
8. ਸਿਆਸੀ ਦਖਲ ਅੰਦਾਜੀ ਨੂੰ ਘਟਾਉਣ ਲਈ ਪੁਲਿਸ ਦਾ ਗੈਰ ਅਪਰਾਧੀਕਰਨ ਅਤੇ ਗੈਰ-ਸਿਆਸੀ ਕਰਨ ਕਰਨਾ ਅਤੇ ਅਫ਼ਸਰਸ਼ਾਹੀ ਨੂੰ ਸੁਧਾਰਨਾ।
9. ਨਸ਼ਾ ਰੋਕੂ ਕਾਨੂੰਨ 1985 ਵਲੋਂ ਐਲਾਨੇ ਮੰਤਵ ਤੋਂ ਐਨ ਉਲਟ ਤਾਕਤਵਰ ਨਸ਼ਾ-ਮਾਫੀਆ ਪੈਦਾ ਕਰਕੇ ਸਮਾਜ ਨੂੰ ਨਸ਼ਿਆਂ ਵਿੱਚ ਡੋਬ ਦੇਣ ਨਾਲ ਪੈਦਾ ਹੋਏ ਮਾਨਵੀ ਸੰਕਟ ਸਬੰਧੀ ਫੌਰੀ ਕਦਮ ਚੁੱਕਣਾ।ਇਸ ਅਧੀਨ ਵਕਤੀ ਤੌਰ 'ਤੇ ਰਵਾਇਤੀ ਅਤੇ ਕੁਦਰਤੀ ਨਸ਼ਿਆਂ ਨੂੰ ਡਾਕਟਰੀ ਸਲਾਹ ਅਨੁਸਾਰ ਸਰਕਾਰ ਦੇ ਕੰਟਰੋਲ ਅਧੀਨ ਉਪਲਭਦ ਕਰਦੇ ਹੋਏ ਮੈਡੀਕਲ ਅਤੇ ਸਿੰਥੈਟਿਕ ਨਸ਼ਿਆਂ ਨੂੰ ਰੋਕਣ ਦਾ ਉਪਰਾਲਾ ਕਰਨਾ।
10. ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਰਕੇ ਭਾਰਤੀ ਉਪ-ਮਹਾਂਦੀਪ ਵਿੱਚ ਸ਼ਾਂਤੀ ਰੱਖਣ ਇਸਦੇ ਡੂੰਘੇ ਹਿੱਤ ਹਨ। ਇਸ ਲਈ ਪੰਜਾਬ ਵਪਾਰ ਲਈ ਸਰਹੱਦ ਤੇ ਖੁੱਲੀ ਆਵਾ-ਗਮਨੀ, ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਅਤੇ ਅਮੀਰ ਬਣਾਉਣ ਲਈ ਅਦਾਨ ਪ੍ਰਦਾਨ ਅਤੇ ਆਪਸੀ ਮੇਲਜੋਲ ਵਧਾਉਣ ਲਈ ਦੀ ਮੰਗ ਕਰਦਾ ਹੈ।
11. ਪੰਜਾਬ ਦੇ ਪਾਣੀਆਂ ਉਪਰ ਰਿਪੇਰੀਅਨ ਹੱਕ ਨੂੰ ਪਹਿਲ ਦੇ ਆਧਾਰ 'ਤੇ ਉਠਾਉਣਾ ਅਤੇ ਹਾਸਲ ਕਰਨਾ।
12. ਪੰਜਾਬ ਵਿੱਚ ਸੱਨਅਤ ਦਾ ਉਜਾੜਾ ਰੋਕਣਾ ਅਤੇ ਨਵੀਨੀਕਰਣ ਕਰਨਾਅਤੇ ਇੱਕ ਅਸਰਕਾਰ ਅਤੇ ਕੁਸ਼ਲ ਸਨਅਤੀ ਨੀਤੀ ਦਾ ਨਿਰਮਾਣ ਕਰਨਾ।
ਧਰਮਵੀਰ ਗਾਂਧੀ ਡਾ ਮਨਜੀਤ ਸਿੰਘ ਡਾ ਕਰਮਜੀਤ ਸਿੰਘ ਸਰਾਅ ਸੁਮੀਤ ਭੁਲਰ
ਮੈਂਬਰ ਪਾਰਲੀਮੈਂਟ ਡੈਮੋਕਰੈਟਿਕ ਸਵਰਾਜ ਪਾਰਟੀ ਆਪਣਾ ਪੰਜਾਬ ਪਾਰਟੀ ਵਾਲੰਟੀਅਰ ਫ਼ਰੰਟ ਪੰਜਾਬ