ਚੰਡੀਗੜ੍ਹ, 8 ਸਤੰਬਰ, 2016 : ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਆਉਣ ਤੋਂ ਪਹਿਲਾਂ ਇਹ ਦੱਸਣਾ ਹੋਵੇਗਾ ਕਿ ਉਹ 'ਆਪ' ਪਾਰਟੀ ਹੈ ਜਾਂ 'ਪਾਪ' ਪਾਰਟੀ। ਆਮ ਆਦਮੀ ਪਾਰਟੀ ਨੇ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਸ਼ਰਾਬੀ ਕਬਾਬੀ ਦੱਸਕੇ ਨੌਜਵਾਨਾਂ ਦਾ ਅਪਮਾਨ ਕੀਤਾ ਅਤੇ ਹੁਣ ਉਹ ਮਹਿਲਾਵਾਂ ਦਾ ਅਪਮਾਨ ਕਰ ਰਹੇ ਹਨ। ਇਸੇ ਲਈ ਕੇਜਰੀਵਾਲ ਜਿੱਥੇ ਜਿੱਥੇ ਜਾ ਰਹੇ ਹਨ, ਦੁਖੀ ਮਾਤਾਵਾਂ ਤੇ ਭੈਣਾਂ ਪ੍ਰਦਰਸ਼ਨ ਕਰ ਰਹੀਆਂ ਹਨ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਦਾ, ਜਿਹੜੇ ਅੱਜ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੈਰ ਰਸਮੀਂ ਗੱਲਬਾਤ ਕਰ ਰਹੇ ਸਨ।
ਪ੍ਰਭਾਤ ਝਾਅ ਨੇ ਕਿਹਾ ਕਿ ਪਹਿਲਾਂ ਦਿੱਲੀ ਸਰਕਾਰ ਵਿਚ ਆਪ ਪਾਰਟੀ ਦੇ ਮੰਤਰੀ ਸੋਮਨਾਥ ਭਾਰਤੀ ਦੀ ਪੱਤਨੀ ਵੱਲੋਂ ਘਰੇਲੂ ਹਿੰਸਾ ਦੇ ਦੋਸ਼, ਉਸਤੋਂ ਬਾਅਦ ਦਿੱਲੀ ਸਰਕਾਰ ਵਿਚ ਮੰਤਰੀ ਸੰਦੀਪ ਕੁਮਾਰ ਦੀ ਵਿਵਾਦਤ ਸੀਡੀ ਸਾਹਮਣੇ ਆਈ ਅਤੇ ਦਿੱਲੀ 'ਚ ਆਪ ਪਾਰਟੀ ਦੇ ਵਿਧਾਇਕ ਸਹਿਰਾਵਤ ਵਲੋਂ ਲਗਾਏ ਮਹਿਲਾਵਾਂ ਦੇ ਸੋਸ਼ਣ ਦੇ ਦੋਸ਼ਾਂ ਦੀ ਆਵਾਜ ਖ਼ਤਮ ਨਹੀਂ ਹੋਈ ਸੀ ਕਿ ਹੁਣ ਪੰਜਾਬ ਵਿਚ ਟਿਕਟਾਂ ਲਈ ਕਰੋੜਾਂ ਰੁਪਏ ਲੈਣ ਤੇ ਮਹਿਲਾ ਸੋਸ਼ਣ ਦੇ ਦੋਸ਼ ਲੱਗ ਰਹੇ ਹਨ। ਪੰਜਾਬ ਦਾ ਖੁਲਾਸਾ ਕਿਸੇ ਹੋਰ ਨੇ ਨਹੀਂ ਬਲਕਿ ਉਨ੍ਹਾਂ ਦੀ ਪਾਰਟੀ ਦੇ ਸਾਬਕਾ ਕਨਵੀਨਰ ਰਹੇ ਸੁੱਚਾ ਸਿੰਘ ਛੋਟੇਪੁਰ ਨੇ ਕੀਤਾ ਹੈ। ਛੋਟੇਪੁਰ ਬੀਤੇ ਦਿਨਾਂ ਤੋਂ ਕਹਿ ਰਹੇ ਹਨ ਕਿ ਆਪ ਪਾਰਟੀ ਦੇ ਜਿਹੜੇ ਲੋਕ ਦਿੱਲੀ ਤੋਂ ਆਏ ਹਨ ਉਹ ਨਾ ਸਿਰਫ਼ ਟਿਕਟਾਂ ਦੇ ਨਾਮ 'ਤੇ ਕਰੋੜਾਂ ਰੁਪਏ ਲੈ ਰਹੇ ਹਨ, ਬਲਕਿ ਮਹਿਲਾਵਾਂ ਦਾ ਵੀ ਸ਼ੋਸ਼ਣ ਕਰ ਰਹੇ ਹਨ।
ਪ੍ਰਭਾਤ ਝਾਅ ਨੇ ਕਿਹਾ ਕਿ ਮਹਿਲਾਵਾਂ ਦੀ ਇੱਜਤ ਤੋਂ ਵਧਕੇ ਸਾਡੇ ਲਈ ਕੁਝ ਵੀ ਨਹੀਂ ਹੈ। ਅਸੀਂ ਨਾਰੀ ਨੂੰ ਦੇਵੀ ਰੂਪ ਮੰਨਦੇ ਹਾਂ ਅਤੇ ਸਾਡੀ ਸੰਸਕ੍ਰਿਤੀ ਨਾਰੀ ਪੂਜਾ ਹੈ, ਜੋ ਆਮ ਆਦਮੀ ਪਾਰਟੀ ਦੇ ਆਗੂ ਦੋਸ਼ ਲਗਾ ਰਹੇ ਹਨ, ਉਹ ਗੰਭੀਰ ਹਨ। ਸ੍ਰੀ ਝਾਅ ਨੇ ਪੰਜਾਬ ਸਰਕਾਰ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੁੱਚਾ ਸਿੰਘ ਛੋਟੇਪੁਰ ਅਤੇ ਸਹਿਰਾਵਤ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਪੂਰੀ ਸੱਚਾਈ ਨੂੰ ਜਨਤਾ ਦੇ ਸਾਹਮਣੇ ਲਿਆਂਦਾ ਜਾਵੇ।
ਆਮ ਆਦਮੀ ਪਾਰਟੀ 'ਤੇ ਟਿੱਪਣੀ ਕਰਦਿਆਂ ਪ੍ਰਭਾਤ ਝਾਅ ਨੇ ਅੱਗੇ ਕਿਹਾ ਕਿ ਲੋਕਤੰਤਰ 'ਚ ਸਾਰੇ ਰਾਜਨੀਤਕ ਦਲਾਂ ਨੂੰ ਅਧਿਕਾਰ ਹੈ ਕਿ ਉਹ ਚੋਣਾਂ ਲੜੇ, ਲੇਕਿਨ ਮਰਿਆਦਾ ਦੀ ਉਲੰਘਣਾ ਕਰਕੇ ਪੈਸੇ ਦਾ ਨੰਗਾ ਨਾਚ ਤੇ ਰੰਗੀਨ ਖੇਡ ਖੇਡਕੇ ਕੋਈ ਸੋਚੇ ਕਿ ਉਹ ਰਾਜਨੀਤੀ ਕਰ ਸਕਦਾ ਹੈ, ਤਾਂ ਉਸਨੂੰ ਜਨਤਾ ਸਵੀਕਾਰ ਨਹੀਂ ਕਰੇਗੀ। ਉਨ੍ਹਾਂ ਨੂੰ ਖੁਸ਼ੀ ਹੈ ਕਿ ਦਿੱਲੀ ਦੀ ਆਪ ਪਾਰਟੀ ਵਲੋਂ ਪੰਜਾਬ ਵਿਚ ਕੀਤੀਆਂ ਜਾਣ ਵਾਲੀਆਂ ਹਰਕਤਾਂ ਨਾਲ ਪੰਜਾਬ ਦੀ ਜਨਤਾ ਨੇ ਅਪਣੀਆਂ ਅੱਖਾਂ ਖੋਲ੍ਹ ਲਈਆਂ ਹਨ। 'ਆਪ' ਨੇਤਾ ਆਸ਼ੂਤੋਸ਼ ਵਲੋਂ ਅਪਣੇ ਬਲਾਗ 'ਚ ਮਹਿਲਾਵਾਂ 'ਤੇ ਕੀਤੀ ਗਈ ਟਿੱਪਣੀ 'ਤੇ ਸਖ਼ਤ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸ੍ਰੀ ਝਾਅ ਨੇ ਕਿਹਾ ਕਿ ਆਸ਼ੂਤੋਸ਼ ਨੇ ਜੋ ਕਿਹਾ ਹੈ, ਉਸ ਤੋਂ ਉਹ ਦੁਖੀ ਹਨ। ਇਕ ਪੱਤਰਕਾਰ ਰਾਜਨੀਤਕ ਦਲ ਵਿਚ ਆਉਣ ਤੋਂ ਬਾਅਦ ਅਪਣੀਆਂ ਮਹੱਤਵਕਾਂਕਸ਼ਾ ਦੀ ਪੂਰਤੀ ਲਈ ਕੁਝ ਵੀ ਬੋਲੇਗਾ, ਮਹਿਲਾਵਾਂ ਬਾਰੇ ਜੋ ਉਨ੍ਹਾਂ ਨੇ ਟਵੀਟ ਤੇ ਅਪਣੇ ਬਲਾਗ 'ਤੇ ਲਿਖਿਆ ਹੈ ਉਹ ਘੋਰ ਇਤਰਾਜਯੋਗ ਹੈ। ਉਨ੍ਹਾਂ ਕਿਹਾ ਕਿ ਹੁਣ ਸਪੱਸ਼ਟ ਹੋ ਗਿਆ ਹੈ ਕਿ ਕੇਜਰੀਵਾਲ ਦੀ ਪਾਰਟੀ ਵਿਚ ਇਹੀ ਸਭ ਕੁਝ ਹੁੰਦਾ ਹੈ।