ਚੰਡੀਗੜ੍ਹ, 9 ਸਤੰਬਰ, 2016 : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਹੈ ਕਿ ਕਿਸਾਨਾਂ ਦੇ ਹਮਦਰਦ ਕਹਾਉਣ ਵਾਲੇ ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ 'ਚ ਕਿਸਾਨਾਂ ਲਈ ਹਾਲਾਤ ਐਮਰਜੈਂਸੀ ਤੋਂ ਵੀ ਬਦਤਰ ਬਣਾ ਦਿਤੇ ਹਨ। ਕਿਸਾਨ ਮਾਰੂ ਨੀਤੀਆਂ ਰਾਹੀ ਖੇਤੀ ਸੈਕਟਰ ਨੂੰ ਨਰਕ ਬਣਾਉਣ ਵਾਲੀ ਬਾਦਲ ਸਰਕਾਰ ਨੇ ਇਕ ਪਾਸੇ ਕਿਸਾਨਾਂ ਨੂੰ ਖੁਦਕੁਸ਼ੀਆ ਕਰਨ ਲਈ ਮਜਬੂਰ ਕੀਤਾ ਹੋਇਆ ਹੈ ਅਤੇ ਦੂਜੇ ਪਾਸੇ ਜਿਹੜਾ ਵੀ ਆਪਣੇ ਹੱਕਾਂ ਲਈ ਬੋਲਦਾ ਹੈ ਉਹਨਾਂ ਨੂੰ ਚੁੱਕ-ਚੁੱਕ ਕੇ ਜੇਲਾਂ ਵਿਚ ਸੁੱਟਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ 5 ਸਤੰਬਰ ਦਾ ਕਿਸਾਨ ਐਕਸ਼ਨ ਰੋਕਣ ਲਈ ਹੀ ਬਾਦਲ ਸਰਕਾਰ ਨੇ 500 ਤੋਂ ਵੱਧ ਕਿਸਾਨਾਂ ਨੂੰ ਜੇਲਾਂ ਵਿਚ ਬੰਦ ਕੀਤਾ ਹੋਇਆ ਹੈ, ਅਤੇ ਪਿਛਲੇ ਇਕ ਹਫਤੇ ਦੌਰਾਨ ਕਿਸਾਨ ਕਾਰਕੁਨ ਜੇਲਾਂ ਵਿਚ ਡੱਕੇ ਹੋਏ ਹਨ। ਬਾਦਲ ਸਰਕਾਰ ਨੂੰ ਕਿਸਾਨਾਂ 'ਤੇ ਕੀਤੀ ਜਾ ਰਹੀ ਤਾਨਾਸ਼ਾਹੀ ਬੰਦ ਕਰਨੀ ਚਾਹੀਦੀ ਹੈ।
ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਅਸੀਂ ਇਸ ਕਿਸਾਨ ਮਾਰੂ ਵਰਤਾਰੇ ਦੀ ਸਖਤ ਸ਼ਬਦਾ ਵਿਚ ਨਿੰਦਾ ਕਰਦੇ ਹਾਂ ਅਤੇ ਕਿਸਾਨਾਂ ਦੀ ਬਿਨਾਂ ਸ਼ਰਤ ਤੁਰੰਤ ਰਿਹਾਈ ਦੀ ਮੰਗ ਕਰਦੇ ਹਾਂ। ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਸਿਰਫ ਇਕ ਹਫਤੇ ਵਿਚ 1300 ਕਿਸਾਨਾਂ ਨੂੰ ਜੇਲਾਂ ਵਿਚ ਡੱਕਿਆ ਗਿਆ ਹੈ ਜੋ ਅਤਿ ਨਿੰਦਣਯੋਗ ਕਾਰਵਾਈ ਹੈ। ਉਹਨਾਂ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਉਹਨਾਂ ਦੇ ਔਖੇ ਦਿਨ ਪੂਰੇ ਹੋਣ ਵਾਲੇ ਹਨ। ਪੰਜਾਬ 'ਚ ਕਿਸਾਨਾਂ ਨੂੰ ਸੰਕਟ 'ਚੋਂ ਕੱਢਣ ਲਈ ਆਮ ਆਦਮੀ ਪਾਰਟੀ ਨੇ ਇਕ ਠੋਸ ਪ੍ਰੋਗਰਾਮ ਤਿਆਰ ਕਰ ਲਿਆ ਹੈ, ਜਿਸ ਤਹਿਤ ਕਿਸਾਨਾਂ ਨੂੰ ਕਰਜ਼ ਤੋਂ ਮੁਕਤੀ ਦਵਾਉਣ ਦੇ ਨਾਲ-ਨਾਲ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾਵੇਗਾ। ਪੰਜਾਬ ਦੀ ਕਿਸਾਨੀ ਦੀ ਰਵਾਇਤੀ ਸ਼ਾਨ ਬਹਾਲ ਕੀਤੀ ਜਾਵੇਗੀ। ਫਿਰ ਨਾ ਕਿਸਾਨਾਂ ਨੂੰ ਖੁਦਕੁਸ਼ੀਆ ਦੇ ਰਾਹ 'ਤੇ ਤੁਰਨਾ ਪਵੇਗਾ ਅਤੇ ਨਾ ਹੀ ਸੰਘਰਸ਼ ਦੇ।
ਗੁਰਪ੍ਰੀਤ ਸਿੰਘ ਘੁੱਗੀ ਨੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੰਮੇਂ ਹੱਥੀ ਲੈਂਦਿਆ ਕਿਹਾ ਕਿ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਕਿਸਾਨੀ ਦੇ ਨਾਂ ਤੇ ਧਰਨੇ ਦੇਣ ਦੇ ਡਰਾਮੇ ਕਰ ਰਹੇ ਹਨ ਕਿਉਂਕਿ ਕਿਸਾਨਾਂ ਦੀ ਮੌਜੂਦਾਂ ਹਾਲਤ ਲਈ ਕਾਂਗਰਸ ਵੀ ਬਰਾਬਰ ਦੀ ਜ਼ਿੰਮੇਵਾਰ ਹੈ।