ਚੰਡੀਗੜ੍ਹ, 9 ਸਤੰਬਰ, 2016 : ਭਾਰਤੀ ਜਨਤਾ ਪਾਰਟੀ ਪੰਜਾਬ ਮਹਿਲਾ ਮੋਰਚਾ ਨੇ ਅੱਜ ਸੂਬੇ 'ਚ ਆਮ ਆਦਮੀ ਪਾਰਟੀ ਖਿਲਾਫ਼ ਜੋਰਦਾਰ ਰੋਸ ਮੁਜਾਹਰੇ ਕੀਤੇ। ਮਹਿਲਾ ਮੋਰਚਾ ਨੇ ਮੋਹਾਲੀ, ਜਲੰਧਰ, ਕਪੂਰਥਲਾ, ਫਗਵਾੜਾ, ਜਗਰਾਵਾਂ ਅਤੇ ਬਠਿੰਡਾ ਸਮੇਤ ਵੱਖ ਵੱਖ ਥਾਈਂ ਕੇਜਰੀਵਾਲ ਦੇ ਪੁਤਲੇ ਫੂਕੇ ਅਤੇ ਨਾਅਰੇਬਾਜੀ ਕੀਤੀ। ਕੇਜਰੀਵਾਲ ਦੀ ਪੰਜਾਬ ਆਮਦ ਦੇ ਮੱਦੇਨਜ਼ਰ ਸੰਕੇਤਕ ਰੂਪ ਵਿਚ ਕਾਲੇ ਝੰਡੇ ਵਿਖਾਕੇ 'ਕੇਜਰੀਵਾਲ ਵਾਪਸ ਜਾਓ' ਦੇ ਨਾਅਰੇ ਲਗਾਏ ਗਏ। ਭਾਜਪਾ ਪੰਜਾਬ ਮਹਿਲਾ ਮੋਰਚਾ ਦਾ ਇਹ ਪ੍ਰਰਦਸ਼ਨ ਅਗਲੇ ਦਿਨ੍ਹਾਂ ਵਿਚ ਵੀ ਜਾਰੀ ਰਹੇਗਾ।
ਭਾਜਪਾ ਮਹਿਲਾ ਮੋਰਚੇ ਦੀ ਪ੍ਰਧਾਨ ਮੋਨਾ ਜੈਸਵਾਲ ਨੇ ਕਿਹਾ ਕਿ ਇਹ ਰੋਸ ਮੁਜਾਹਰੇ ਆਮ ਆਦਮੀ ਪਾਰਟੀ ਵਲੋਂ ਮਹਿਲਾਵਾਂ ਨਾਲ ਕੀਤੇ ਮਾੜੇ ਵਰਤਾਓ ਦੇ ਰੋਸ ਵੱਜੋਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਆਪ ਪਾਰਟੀ ਨੇ ਦਿੱਲੀ ਵਿਚ ਔਰਤਾਂ ਦੀ ਇੱਜਤ ਨਾਲ ਖਿਲਵਾੜ ਕੀਤਾ, ਉਸੇ ਤਰ੍ਹਾਂ ਪੰਜਾਬ ਵਿਚ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਜੋ ਵਾਅਦੇ ਦਿੱਲੀ ਵਿਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਸਨ, ਉਹ ਪੂਰੇ ਕਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੇ ਹਨ। ਜਦਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਹੀ ਵਰਕਰ ਆਪਣੇ ਆਗੂਆਂ ਉਪਰ ਮਹਿਲਾਵਾਂ ਦੇ ਸਰੀਰਕ ਸੋਸ਼ਣ ਜਿਹੇ ਗੰਭੀਰ ਦੋਸ਼ ਲਗਾ ਰਹੇ ਹਨ।
ਮੋਨਾ ਜੈਸਵਾਲ ਨੇ ਕਿਹਾ ਕਿ ਭਾਜਪਾ ਲਈ ਔਰਤਾਂ ਦੀ ਇੱਜਤ ਤੋਂ ਵਧਕੇ ਹੋਰ ਕੁਝ ਵੀ ਨਹੀਂ ਹੈ। ਦੇਸ਼ ਵਿਚ ਨਾਰੀ ਨੂੰ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ ਅਤੇ ਸਾਡਾ ਸੱਭਿਆਚਾਰ ਔਰਤ ਦੀ ਪੂਜਾ ਕਰਦਾ ਹੈ, ਲੇਕਿਨ ਇਹ ਸਭ ਕੁਝ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਸਮਝ ਤੋਂ ਬਾਹਰ ਦੀ ਗੱਲ ਹੈ। ਉਨ੍ਹਾਂ ਆਪ ਨੇਤਾ ਆਸ਼ੂਤੋਸ਼ ਵਲੋਂ ਅਪਣੇ ਬਲਾਗ 'ਚ ਮਹਿਲਾਵਾਂ 'ਤੇ ਕੀਤੀ ਗਈ ਟਿੱਪਣੀ ਉਤੇ ਸਖ਼ਤ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਆਸ਼ੂਤੋਸ਼ ਨੇ ਜੋ ਕਿਹਾ ਹੈ, ਮਹਿਲਾਵਾਂ ਉਸਤੋਂ ਦੁਖੀ ਹਨ।
ਮੋਨਾ ਜੈਸਵਾਲ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਵਿਚ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਵਲੋਂ ਕੀਤੇ ਗਏ ਮਹਿਲਾਵਾਂ ਨਾਲ ਮਾੜੇ ਘਟਨਾਕ੍ਰਮ ਬਾਰੇ ਇਕ ਵਾਰ ਵੀ ਕੋਈ ਟਿੱਪਣੀ ਨਹੀਂ ਕੀਤੀ, ਜੋ ਕਿ ਆਪ ਪਾਰਟੀ ਦੀ ਮਹਿਲਾ ਮਾਮਲਿਆਂ ਨੂੰ ਲੈ ਕੇ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਪੰਜਾਬ ਦੌਰੇ ਮੌਕੇ ਆਮ ਆਦਮੀ ਪਾਰਟੀ ਖ਼ਿਲਾਫ ਪ੍ਰਦਰਸ਼ਨ ਜਾਰੀ ਰਹਿਣਗੇ।