ਦੀਨਾਨਗਰ, 8 ਸਤੰਬਰ, 2016 : ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀਐਸਐਫ ਨੇ ਸਰਹੱਦ 'ਤੇ ਸ਼ਾਹਪੁਰ ਪੋਸਟ ਨੇੜਿਓ ਕੰਡਿਆਲੀ ਤਾਰ 'ਚ ਪਲਾਸਟਿਕ ਦੀ ਇੱਕ ਪਾਈਪ ਵਿੱਚੋਂ 25 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 125 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਪਿਸਤੌਲ, ਮੋਬਾਇਲ ਅਤੇ ਦੋ ਸਿਮ ਕਾਰਡ ਬਰਾਮਦ ਕੀਤੇ ਗਏ ਹਨ।
ਬੀਐਸਐਫ ਦੇ ਡੀਆਈਜੀ ਆਰ.ਐਸ.ਕਟਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਅਧੀਨ ਸ਼ਾਹਪੁਰ ਪੋਸਟ ਨੇੜੇ 70 ਬਟਾਲੀਅਨ ਦੇ ਜਵਾਨਾਂ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਪਾਰਟੀ ਨੂੰ ਸਰਹੱਦ ਉੱਤੇ ਕੰਡਿਆਲੀ ਤਾਰ ਨੇੜੇ ਸ਼ੱਕੀ ਆਵਾਜ਼ਾਂ ਸੁਣਾਈ ਦਿੱਤੀਆਂ। ਇਸ 'ਤੇ ਬੀਐਸਐਫ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਇਲਾਕੇ ਦੀ ਛਾਣਬੀਨ ਸ਼ੁਰੂ ਕਰ ਦਿੱਤੀ ਅਤੇ ਜਦੋਂ ਸ਼ਾਹਪੁਰ ਪੋਸਟ ਨੇੜੇ ਕੰਡਿਆਲ ਤਾਰ ਵਿੱਚ ਇੱਕ ਪਲਾਸਟਿਕ ਦੀ ਪਾਈਪ ਨੂੰ ਵੇਖਿਆ ਗਿਆ ਤਾਂ ਉਸਦੇ ਅੰਦਰੋਂ ਨਸ਼ੀਲੇ ਪਦਾਰਥ ਦੇ 25 ਕਿਲੋਗ੍ਰਾਮ ਦੇ ਪੈਕੇਟ, ਇੱਕ ਪਿਸਤੌਲ, ਛੇ ਜ਼ਿੰਦਾ ਕਾਰਤੂਸ, ਇੱਕ ਨੋਕੀਆ ਕੰਪਨੀ ਦਾ ਪਾਕਿਸਤਾਨੀ ਮੋਬਾਇਲ ਅਤੇ ਦੋ ਸਿਮ ਕਾਰਡ ਬਰਾਮਦ ਕੀਤੇ ਹੋਏ। ਵਰਣਨਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨੀ ਸਰਹੱਦ ਤੋਂ ਹੈਰੋਇਨ ਦੀ ਤਸਕਰੀ ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।