ਅੰਮ੍ਰਿਤਸਰ, 9 ਸਤੰਬਰ, 2016 : ਆਮ ਆਦਮੀ ਪਾਰਟੀ ਅੰਦਰ ਪਏ ਕਲੇਸ਼ ਕਰਕੇ ਪਾਰਟੀ ਦੇ ਪੰਜਾਬ ਵਿਚੋਂ ਥਿੜਕ ਰਹੇ ਪੈਰਾਂ ਕਾਰਨ ਪਾਰਟੀ ਦੇ ਆਧਾਰ ਨੂੰ ਲੱਗ ਰਹੇ ਭਾਰੀ ਖੋਰੇ ਨੂੰ ਰੋਕਣ ਲਈ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹੁਣ ਕੌਸਲਰਾਂ ਦੇ ਘਰਾਂ ਵਿੱਚ ਜਾ ਕੇ ਉਹਨਾ ਨੂੰ ਪਾਰਟੀ ਵਿੱਚ ਸ਼ਾਮਿਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਹੁਣ ਤੱਕ ਪਾਰਟੀ ਵਿੱਚ ਕਈ ਵੱਡੇ ਆਗੂ ਦੂਸਰੀਆਂ ਪਾਰਟੀਆਂ ਜਾਂ ਫਿਰ ਵੱਡੇ ਕੱਦ ਵਾਲੇ ਸ਼ਾਮਿਲ ਹੋਏ ਹਨ ਅਤੇ ਕਿਸੇ ਨੂੰ ਕੇਜਰੀਵਾਲ ਨੇ ਆਪ ਆਕੇ ਪਾਰਟੀ ਅੰਦਰ ਸ਼ਾਮਿਲ ਨਹੀਂ ਸੀ ਕੀਤਾ ਪਰ ਹੁਣ ਛੋਟੇਪੁਰ ਵਲੋਂ ਕੀਤੀ ਗਈ ਬਗਾਵਤ ਦੇ ਡਰਾਏ 'ਆਪ' ਆਗੂ ਲੋਕਾਂ ਦੇ ਘਰਾ ਵਿੱਚ ਦਸਤਕ ਦੇਣ ਲੱਗੇ ਹਨ। ਛੋਟੇਪੁਰ ਤੋਂ ਬਾਅਦ ਪਾਰਟੀ ਅੰਦਰ ਹੋਈ ਵੱਡੇ ਪੱਧਰ ਤੇ ਬਗਾਵਤ ਤੇ ਲੋਕਾਂ ਵਲੋਂ ਪਾਰਟੀ ਦੀ ਕੀਤੀ ਜਾ ਰਹੀ ਆਲੋਚਨਾ ਨੇ 'ਆਪ' ਅੰਦਰ ਖਲਬਲੀ ਮਚਾ ਦਿੱਤੀ ਹੈ। ਪਿਛਲੇ ਸਮੀ ਵਿੱਚ 'ਆਪ' ਦੀ ਗੁੱਡੀ ਚੜੀ ਵੇਖਕੇ ਪਾਰਟੀ ਦੇ ਬਾਹਰੋਂ ਆਏ ਕੁਝ ਲੀਡਰਾਂ ਦੀ ਹਵਾ ਬਦਲ ਗਈ ਸੀ ਅਤੇ ਆਮ ਆਦਮੀ ਤੋਂ ਦੂਰ ਹੋ ਗਏ ਸਨ। ਜਿਸ ਤਰ•ਾਂ ਨਾਲ ਪਿਛਲੇ ਦਿਨਾਂ ਵਿੱਚ ਪਾਰਟੀ ਆਗੂਆਂ ਤੇ ਵਲੰਟੀਅਰਾਂ ਵਲੋਂ 'ਆਪ' ਵਿਰੁੱਧ ਬਗਾਵਤੀ ਝੰਡੇ ਚੁੱਕੇ ਗਏ ਹਨ ਇਸ ਤੋਂ ਇਹ ਜ਼ਾਹਿਰ ਹੋ ਗਿਆ ਹੈ ਕਿ ਪਾਰਟੀ ਅੰਦਰ ਸਭ ਅੱਛਾ ਨਹੀਂ ਹੈ।
ਪੰਜਾਬ ਦੌਰੇ ਤੇ ਆਏ ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ਫੇਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਅਮਰਜੀਤ ਸਿੰਘ ਭਾਟੀਆ ਦੇ ਘਰ ਜਾ ਕੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਪੰਜਾਬ ਵਿਚ ਇਹ ਪਹਿਲੀਵਾਰ ਹੈ ਕਿ ਕੇਜਰੀਵਾਲ ਨੇ ਕਿਸੇ ਆਗੂ ਨੂੰ ਉਸਦੇ ਘਰ ਜਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ। ਇਸ ਤੋਂ ਪਹਿਲਾਂ 'ਆਪ' ਅੰਦਰ ਕਈ ਵੱਡੇ ਆਗੂ ਸ਼ਾਮਿਲ ਹੋਏ ਜਿੰਨਾਂ ਵਿੱਚ ਪਾਰਟੀ ਦੇ ਮੌਜੂਦਾ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ, ਸੁਖਪਾਲ ਸਿੰਘ ਖਹਿਰਾ, ਕਰਤਾਰ ਸਿੰਘ ਪਹਿਲਵਾਨ,ਹਾਕੀ ਦੀ ਕਪਤਾਨ ਰਾਜਬੀਰ ਕੌਰ,ਉਲੰਪੀਅਨ ਸੱਜਣ ਸਿੰਘ ਚੀਮਾ ਆਦਿ ਸ਼ਾਮਿਲ ਹਨ। ਕੇਜਰੀਵਾਲ ਇੰਨੇ ਵੱਡੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਨਿੱਜੀ ਤੌਰ ਤੇ ਨਹੀਂ ਸਨ ਆਏ। ਇਹਨਾਂ ਸਾਰਿਆਂ ਨੂੰ ਪੰਜਾਬ ਲੀਡਰਸ਼ਿਪ ਵਲੋਂ ਹੀ ਸ਼ਾਮਿਲ ਕਰਵਾਇਆ ਗਿਆ ਸੀ। ਹੁਣ ਕੇਜਰੀਵਾਲ ਵਲੋਂ ਹੇਠਲੇ ਪੱਧਰ ਤੇ ਆ ਕੇ ਆਗੂਆਂ ਦੇ ਘਰਾਂ ਵਿੱਚ ਜਾ ਕੇ ਉਹਨਾ ਨੂੰ ਪਾਰਟੀ ਵਿੱਚ ਸ਼ਾਮਿਲ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਦੇ ਪੰਜਾਬ ਵਿਚੋਂ ਪੈਰ ਖਿਸਕਣੇ ਸ਼ੁਰੂ ਹੋ ਗਏ ਹਨ। ਕੇਜਰੀਵਾਲ ਵਲੋਂ ਹੁਣ ਪਾਰਟੀ ਦੇ ਆਧਾਰ ਨੂੰ ਲੱਗ ਰਹੇ ਭਾਰੀ ਖੋਰੇ ਨੂੰ ਰੋਕਣ ਲਈ ਹੰਭਲਾ ਮਾਰਿਆ ਜਾ ਰਿਹਾ ਹੈ। 'ਆਪ' ਨੂੰ ਅਕਾਲੀ ਭਾਜਪਾ ਤੇ ਕਾਂਗਰਸ ਤੋਂ ਬਾਅਦ ਨਵੇਂ ਫਰੰਟ 'ਆਵਾਜ਼ ਏ ਪੰਜਾਬ' ਨਾਲ ਵੀ ਲੋਹਾ ਲੈਣਾ ਪਵੇਗਾ। ਪਹਿਲਾਂ ਜਿਥੇ ਲੋਕ ਧੜਾਧੜ 'ਆਪ' ਦਾ ਝਾੜੂ ਫੜ• ਰਹੇ ਸਨ ਉਥੇ ਹੁਣ ਲੋਕਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਦੌਰੇ 'ਤੇ ਆਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਪਾਰਟੀ ਦੇ ਥਿੜਕ ਰਹੇ ਪੈਰਾਂ ਨੂੰ ਮਜਬੂਤ ਕਰਨ ਲਈ ਅੱਜ ਧਾਰਮਿਕ ਪੱਤਾ ਖੇਡਦਿਆਂ ਐਲਾਨ ਕੀਤਾ ਹੈ ਕਿ ਉਨ•ਾਂ ਦੀ ਸਰਕਾਰ ਬਣਨ 'ਤੇ ਅੰਮ੍ਰਿਤਸਰ ਤੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏਗਾ।
ਹਰਿਮੰਦਰ ਸਾਹਿਬ ਵਿਖੇ ਆਪਣੇ ਸਮਰਥਕਾਂ ਨਾਲ ਮੱਥਾ ਟੇਕਣ ਉਪਰੰਤ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਸਿੱਖਾਂ ਹੀ ਨਹੀਂ ਬਲਕਿ ਸਾਰੇ ਧਰਮਾਂ ਲਈ ਆਸਥਾ ਦਾ ਸਥਾਨ ਹੈ। ਇਸ ਲਈ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏਗਾ। ਹਰਿਮੰਦਰ ਸਾਹਿਬ ਦੇ ਨੇੜਲੇ ਇਲਾਕਿਆਂ ਵਿੱਚ ਸ਼ਰਾਬ, ਤੰਬਾਕੂ, ਮਾਸ 'ਤੇ ਪਾਬੰਦੀ ਲਾਈ ਜਾਏਗੀ।
ਵਰਨਯੋਗ ਹੈ ਕਿ ਸਿੱਖਾਂ ਵੱਲੋਂ ਲੰਮੇ ਸਮੇਂ ਤੋਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਬਾਦਲ ਸਰਕਾਰ ਵੀ ਇਹ ਮੰਗ ਨੂੰ ਪੂਰਾ ਨਹੀਂ ਕਰ ਸਕੀ। ਕੇਜਰੀਵਾਲ ਨੇ ਇਹ ਐਲਾਨ ਕਰਕੇ 'ਆਪ' 'ਤੇ ਲੱਗ ਰਹੇ ਸਿੱਖ ਵਿਰੋਧੀ ਹੋਣ ਦੇ ਇਲਜ਼ਾਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਉਨ•ਾਂ ਕਿਹਾ ਕਿ ਪੰਜਾਬ ਦੀ ਲੜਾਈ ਫੈਸਲਾਕੁਨ ਗੇੜ ਵਿੱਚ ਪਹੁੰਚ ਚੁੱਕੀ ਹੈ ਤੇ ਉਹ ਅਸ਼ੀਰਵਾਦ ਲੈਣ ਦਰਬਾਰ ਸਾਹਿਬ ਆਏ ਹਨ। ਉਨ•ਾਂ ਕਿਹਾ ਕਿ ਉਹ ਪੰਜਾਬ ਨੂੰ ਸੰਕਟ ਵਿੱਚੋਂ ਕੱਢਣ ਲਈ ਦਿਨ-ਰਾਤ ਇੱਕ ਕਰਨਗੇ । ਇਸ ਮੌਕੇ ਤੇ ਉਹਨਾਂ ਨਾਲ ਮੈਂਬਰ ਪਾਰਲੀਮੈਂਟ ਭਗਵੰਤ ਮਾਨ,ਗੁਰਪ੍ਰੀਤ ਸਿੰਘ ਘੁੱਗੀ,ਐਚ.ਐਸ.ਫੂਲਕਾ, ਕੁਲਦੀਪ ਸਿੰਘ ਧਾਲੀਵਾਲ,ਜਰਨੈਲ ਸਿੰਘ,ਡਾ. ਇੰਦਰਬੀਰ ਸਿੰਘ ਨਿੱਝਰ ਆਦਿ ਹਾਜ਼ਰ ਸਨ।