ਲੁਧਿਆਣਾ, 12 ਸਤੰਬਰ, 2016 : ਪੰਜਾਬੀ ਵਿਰਸਾ ਫਾਉਂਡੇਸ਼ਨ ਲੁਧਿਆਣਾ ਵੱਲੋਂ ਅੰਮ੍ਰਿਤ ਇੰਡੋ ਕਨੇਡੀਅਨ ਅਕੈਡਮੀ ਦੇ ਨਿੱਘੇ ਸਹਿਯੋਗ ਦੇ ਨਾਲ ਅੱਜ ਸਾਕਾ ਸਾਰਾਗੜ੍ਹੀ ਦਿਵਸ ਮਨਾਇਆ ਗਿਆ । ਸਾਕਾ ਸਾਰਾਗੜ੍ਹੀ ਦੇ 21 ਬਹਾਦਰ ਸਿੱਖ ਸਿਪਾਹੀਆਂ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਉਕਤ ਸਮਾਗਮ ਅੰਦਰ ਮੁੱਖ ਮਹਿਮਾਨ ਦੇ ਰੂਪ ਵੱਜੋਂ ਪੁੱਜੇ ਬ੍ਰਿਗੇਡੀਅਰ(ਰਿਟਾ) ਕੁਲਦੀਪ ਸਿੰਘ ਕਾਹਲੋਂ ਨੇ ਇੱਕਤਰ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਤੇ ਅੰਮ੍ਰਿਤ ਇੰਡੋ ਕਨੇਡੀਅਨ ਅਕੈਡਮੀ ਦੇ ਐਨ.ਸੀ.ਸੀ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸਿੱਖ ਕੌਮ ਦੀ ਸਭ ਤੋਂ ਵੱਡੀ ਪ੍ਰਾਪਤੀ ਇਸਦੇ ਸ਼ਹੀਦ ਹਨ । ਜਿੰਨਾਂ ਦੀ ਬਦੌਲਤ ਸਿੱਖ ਕੌਮ ਇੱਕ ਸ਼ਹੀਦਾਂ ਦੀ ਕੌਮ ਹੋਣ ਦਾ ਮਾਣ ਮਹਿਸੂਸ ਕਰਦੀ ਹੈ । ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਸਾਰਾਗੜ੍ਹੀ ਦੇ ਯੁੱਧ ਵਰਗੀਆਂ ਮਿਸਾਲਾਂ ਵਿਰਲੀਆਂ ਹੀ ਮਿਲਦੀਆਂ ਹਨ, ਕੀ ਕਿਵੇਂ 36ਵੀਂ ਸਿੱਖ ਬਟਾਲੀਅਨ ਦੇ ਬਹਾਦਰ 21 ਸਿਪਾਹੀਆਂ ਨੇ ਆਪਣੇ ਤੋਂ 500 ਗੁਣਾ ਵੱਧ ਹਥਿਆਰਾਂ ਨਾਲ ਲੈਸ ਕਬਾਈਲੀ ਅਫਗਾਨੀਆਂ ਤੇ ਪਠਾਣਾਂ ਨਾਲ ਲੜਦੇ ਹੋਏ ਦ੍ਰਿੜ ਇਰਾਦੇ ਅਤੇ ਹਿੰਮਤ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ । ਜਿਸ ਦੀ ਬਦੌਲਤ ਸ਼ਹੀਦ ਹੋਣ ਵਾਲੇ ਸਮੂਹ ਸਿੱਖ ਸਿਪਾਹੀਆਂ ਨੂੰ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਨੇ ਆਪਣੇ ਸਭ ਤੋਂ ਵੱਡੇ ਐਵਾਰਡ ਬ੍ਰਿਟਿਸ਼ ਕਰਾਉਨ ਨਾਲ ਸਨਮਾਨਿਤ ਕੀਤਾ ਸੀ । ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਮੌਜੂਦਾ ਸਮੇਂ ਅੰਦਰ ਦੇਸ਼ ਵਾਸੀ ਆਪਣੇ ਕੁਰਬਾਨੀਆਂ ਭਰੇ ਇਤਿਹਾਸ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵਿਸਾਰਦੇ ਜਾ ਰਹੇ ਹਨ । ਇਸ ਦੌਰਾਨ ਐਨ.ਆਰ.ਆਈ ਲੇਖਕ ਸ੍ਰ. ਗੁਰਵਿੰਦਰਪਾਲ ਸਿੰਘ ਜੋਸ਼ਨ (ਨਿਊਯਾਰਕ) ਨੇ ਪੰਜਾਬੀ ਵਿਰਸਾ ਫਾਉਂਡੇਸ਼ਨ ਦੀ ਸਮੁੱਚੀ ਟੀਮ ਦਾ ਜ਼ੋਰਦਾਰ ਸ਼ਬਦਾਂ ਵਿੱਚ ਧੰਨਵਾਦ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਸਾਕਾ ਸਾਰਾਗੜ੍ਹੀ ਦੌਰਾਨ ਸ਼ਹੀਦ ਹੋਏ ਸਿੱਖ ਸਿਪਾਹੀਆਂ ਦੀ ਯਾਦ ਨੂੰ ਵੱਡੇ ਪੱਧਰ ਤੇ ਮਨਾਉਣ ਦਾ ਜੋ ਬੀੜਾ ਉਨ੍ਹਾਂ ਨੇ ਚੁੱਕਿਆ ਹੈ ਉਹ ਸਾਡੇ ਸਾਰਿਆਂ ਦੇ ਲਈ ਪ੍ਰੇਰਨਾ ਦਾ ਸ੍ਰੋਤ ਹੈ । ਸਮਾਗਮ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਪੰਜਾਬੀ ਵਿਰਸਾ ਫਾਉਂਡੇਸ਼ਨ ਦੇ ਸਰਪਰਸਤ ਸ. ਸੁਖਦੇਵ ਸਿੰਘ ਲਾਜ, ਪ੍ਰਧਾਨ ਰਣਜੀਤ ਸਿੰਘ ਖਾਲਸਾ , ਸ. ਹਰਮਿੰਦਰ ਸਿੰਘ ਤੇ ਐਨ.ਸੀ.ਸੀ. ਦੇ ਗਰੁਪ ਕਮਾਂਡਰ ਬ੍ਰਿਗੇਡਿਅਰ ਐਸ.ਐਸ. ਸੰਧੂ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਕਿਹਾ ਕਿ ਸ਼ਹੀਦ ਦੇਸ਼ ਤੇ ਕੌਮ ਦਾ ਅਹਿਮ ਸਰਮਾਇਆ ਹੁੰਦੇ ਹਨ । ਇਸ ਲਈ ਸ਼ਹੀਦਾਂ ਦੀਆਂ ਯਾਦਾਂ ਨੂੰ ਵੱਡੇ ਪੱਧਰ ਤੇ ਮਨਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ । ਉਹਨਾਂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਸਾਰਾਗੜ੍ਹੀ ਦੇ ਸਾਕੇ ਉਪਰੰਤ ਲੱਗਭਗ ਤਿੰਨ ਲੱਖ ਤੋਂ ਵੱਧ ਸਿੱਖਾਂ ਨੇ ਬ੍ਰਿਟਿਸ਼ ਸੈਨਾ ਵਿੱਚ ਨੌਕਰੀ ਕੀਤੀ ਅਤੇ ਦੋ ਵਿਸ਼ਵ ਯੁੱਧਾਂ ਅੰਦਰ ਆਪਣੀ ਸੁਰਬੀਰਤਾ ਤੇ ਦਲੇਰੀ ਦੇ ਜੌਹਰ ਦਿਖਾ ਕੇ ਇੱਕ ਨਵੇਂ ਇਤਿਹਾਸ ਦੀ ਸਿਰਜਨਾ ਕੀਤੀ । ਸਾਰਾਗੜ੍ਹੀ ਦਿਵਸ ਨੂੰ ਸਮਰਪਿਤ ਕੀਤੇ ਗਏ ਉਕਤ ਸਮਾਗਮ ਅੰਦਰ ਅੰਮ੍ਰਿਤ ਇੰਡੋ ਕਨੇਡੀਅਨ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ,ਬੀਰ ਰਸੀ ਕਵਿਤਾਵਾਂ ਦੀ ਪੇਸ਼ਕਾਰੀ ਕਰਕੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਆਪਣਾ ਸਿੱਜਦਾ ਭੇਂਟ ਕੀਤਾ ਗਿਆ । ਸਮਾਗਮ ਦੇ ਅੰਤ ਵਿੱਚ ਪੰਜਾਬੀ ਵਿਰਸਾ ਫਾਉਂਡੇਸ਼ਨ ਦੇ ਅਹੁਦੇਦਾਰਾ ਵੱਲੋਂ ਬ੍ਰਿਗੇਡੀਅਰ(ਰਿਟਾ) ਕੁਲਦੀਪ ਸਿੰਘ ਕਾਹਲੋਂ, ਗੁਰਵਿੰਦਰਪਾਲ ਸਿੰਘ ਜੋਸ਼ਨ (ਨਿਊਯਾਰਕ), ਐਨ.ਸੀ.ਸੀ. ਦੇ ਗਰੁਪ ਕਮਾਂਡਰ ਬ੍ਰਿਗੇਡਿਅਰ ਐਸ.ਐਸ. ਸੰਧੂ, ਕਰਨਲ ਰਾਜੀਵ ਬੱਗਾ, ਡਾ. ਹਰੀ ਸਿੰਘ ਜਾਂਚਕ, ਸ. ਹਰਮਿੰਦਰ ਸਿੰਘ ਤੇ ਅਕੈਡਮੀ ਦੀ ਪ੍ਰਿੰ: ਜਸਕਿਰਨ ਕੌਰ ਨੁੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਨਵਜੌਤ ਸਿੰਘ, ਭੁਪਿੰਦਰ ਸਿੰਘ, ਸਰਬਜੀਤ ਸਿੰਘ, ਬੀਬੀ ਪ੍ਰਮਿੰਦਰ ਕੌਰ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।