ਚੰਡੀਗੜ੍ਹ, 12 ਸਤੰਬਰ, 2016 : ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਮੌਨਸੂਨ ਸੈਸ਼ਨ ਵਿਚ ਅੱਜ ਕਾਂਗਰਸ ਦੇ ਵਿਧਾਨਕਾਰ ਵਾਕਆਊਟ ਕਰ ਗਏ, ਜਦੋਂ ਕਿ ਜ਼ੀਰੋ ਆਵਰ ਵਿਚ ਸੁਨੀਲ ਜਾਖੜ ਵਲੋਂ ਦਲਿਤ ਬੱਚਿਆਂ ਨੂੰ ਵਜ਼ੀਫਾ ਨਾ ਮਿਲਣ ਦਾ ਮੁੱਦਾ ਉਠਾਇਆ। ਉਹਨਾ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵਲੋਂ 173 ਕਰੋੜ ਰੁਪਿਆ ਪੰਜਾਬ ਸਰਕਾਰ ਨੂੰ ਭੇਜਿਆ ਗਿਆ, ਜਿਸ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਵੀ ਕਰ ਚੁੱਕੇ ਹਨ, ਪਰ ਪੰਜਾਬ ਸਰਕਾਰ ਨੇ 44 ਕਰੋੜ ਰੁਪਏ ਹੀ ਵੰਡੇ ਹਨ। ਉਹਨਾਂ ਨੇ ਜਲੰਧਰ ਦੀ ਇਕ ਵਿਦਿਆਰਥਣ ਦਾ ਮੁੱਦਾ ਵੀ ਉਠਾਇਆ, ਜਿਸ ਨੂੰ ਫੀਸ ਨਾ ਭਰਨ ਕਰਕੇ ਸਕੂਲ ਵਿਚ ਜਾਣ ਤੋਂ ਰੋਕਿਆ ਗਿਆ ਸੀ, ਜਿਸ ਨੇ ਪ੍ਰੇਸ਼ਾਨ ਹੋ ਕੇ ਫਰਨੈਲ ਪੀ ਲਈ ਸੀ ਤੇ ਅੱਜ ਕੱਲ੍ਹ ਉਹ ਹਸਪਤਾਲ ਵਿਚ ਜੇਰੇ ਇਲਾਜ ਹੈ, ਜਿਸ 'ਤੇ ਸਪੀਕਰ ਵਲੋਂ ਜਾਖੜ ਨੂੰ ਬੋਲਣ ਤੋਂ ਰੋਕਿਆ ਗਿਆ ਕਿ ਤੁਹਾਡਾ ਮਾਮਲਾ ਸਰਕਾਰ ਦੇ ਧਿਆਨ ਵਿਚ ਆ ਗਿਆ ਹੈ ਪ੍ਰੰਤੂ ਜਾਖੜ ਵਲੋਂ ਸਪੀਕਰ ਨੂੰ ਜਿਸ ਢੰਗ ਨਾਲ ਜੁਆਬ ਦਿੱਤਾ ਗਿਆ ਉਸ ਤੇ ਪਾਰਲੀਮਾਨੀ ਮਾਮਲਿਆਂ ਦੇ ਮੰਤਰੀ ਮਦਨਮੋਹਨ ਮਿੱਤਲ ਨੇ ਇਤਰਾਜ਼ ਜਿਤਾਇਆ, ਜਿਸ 'ਤੇ ਵਿਰੋਧੀ ਧਿਰ ਦੇ ਮੈਂਬਰ ਉਠ ਕੇ ਬੋਲਣ ਲੱਗੇ। ਇੰਨੇ ਸਮੇਂ ਵਿਚ ਸਪੀਕਰ ਨੇ ਜ਼ੀਰੋ ਆਵਰ ਖ਼ਤਮ ਹੋਣ ਦਾ ਐਲਾਨ ਕਰ ਦਿੱਤਾ, ਜਿਸ ਤੇ ਵਿਰੋਧੀ ਧਿਰ ਦੇ ਮੈਂਬਰ ਸਪੀਕਰ ਵੈਲ ਵਿਚ ਇਕੱਠੇ ਹੋਏ ਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦੇ ਹੋਏ ਵਾਕ ਆਊਟ ਕਰ ਗਏ।