← ਪਿਛੇ ਪਰਤੋ
ਅੰਮ੍ਰਿਤਸਰ, 13 ਸਤੰਬਰ, 2016 : ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅਕਾਲੀ ਦਲ ਬਾਦਲ ਦੇ ਜਰਨਲ ਸਕੱਤਰ ਸੁਖਦੇਵ ਸਿੰਘ ਢੀਡਸਾ ਤੇ ਦਿੱਲੀ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਵਿਦੇਸ਼ ਦੌਰੇ ਪ੍ਰਤੀ ਪ੍ਰਵਾਸੀ ਸਿੱਖਾਂ ਨੂੰ ਸੁਚੇਤ ਕਰਦਿਆ ਕਿਹਾ ਕਿ ਇਹਨਾਂ ਲੁਟੇਰਿਆ ਨੇ ਪਹਿਲਾਂ ਦਿੱਲੀ ਕਮੇਟੀ ਦੀ ਗੋਲਕ ਨੂੰ ਚੱਟਮ ਕੀਤਾ ਤੇ ਹੁਣ ਪ੍ਰਵਾਸੀ ਸਿੱਖਾਂ ਤੇ ਪੰਜਾਬੀਆ ਨੂੰ ਗੁੰਮਰਾਹ ਕਰਕੇ ਉਹਨਾਂ ਦੀ ਹੱਕ ਹਲਾਲ ਦੀ ਕਮਾਈ ਤੇ ਡਾਕਾ ਮਾਰਨ ਲਈ ਵਿਦੇਸ਼ ਪੁੱਜ ਗਏ ਹਨ। ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਦੀ ਸੇਵਾ ਜਦੋਂ ਉਹਨਾਂ ਕੋਲ ਸੀ ਤਾਂ ਉਸ ਸਮੇਂ ਉਹਨਾਂ ਨੇ 98 ਕਰੋੜ ਦੀਆ ਐਫ.ਡੀ.ਆਰਜ਼ ਇਕੱਠੀਆ ਕੀਤੀਆ ਸਨ ਪਰ ਇਹ ਰਕਮ ਅੱਜ ਦਿੱਲੀ ਕਮੇਟੀ ਦੇ ਖਾਤੇ ਵਿੱਚੋ ਫੁਰਰ ਹੋ ਚੁੱਕੀ ਹੈ ਜਦ ਕਿ ਦਿੱਲੀ ਕਮੇਟੀ ਨੇ ਪਿਛਲੇ ਚਾਰ ਸਾਲਾ ਦੇ ਸਮੇਂ ਦੌਰਾਨ ਕੋਈ ਵੀ ਅਜਿਹਾ ਵੱਡਾ ਪ੍ਰਾਜੈਕਟ ਨਹੀ ਲਗਾਇਆ ਜਿਹੜਾ ਮਿਸਾਲ ਪੈਦਾ ਕਰਦੇ ਹੋਵੇ । ਉਹਨਾਂ ਕਿਹਾ ਕਿ ਦਿੱਲੀ ਕਮੇਟੀ ਇਸ ਵੇਲੇ ਪੂਰੀ ਤਰ੍ਹਾ ਕੰਗਾਲ ਹੋ ਚੁੱਕੀ ਹੈ ਤੇ ਹੁਣ ਇਹਨਾ ਭੱਦਰਪੁਰਸ਼ਾਂ ਨੇ ਵਿਦੇਸ਼ਾਂ ਵੱਲ ਮੂੰਹ ਕਰ ਲਿਆ ਹੈ। ਉਹਨਾਂ ਕਿਹਾ ਕਿ ਇਹਨਾਂ ਨੇ ਬਹੁਤ ਕਾਵਾਂ ਰੋਲੀ ਪਾਈ ਸੀ ਕਿ ਬਾਲਾ ਸਾਹਿਬ ਹਸਪਤਾਲ ਸਰਨੇ ਵੇਚ ਗਏ ਹਨ ਤੇ ਦਿੱਲੀ ਕਮੇਟੀ ਤੇ ਬਾਦਲ ਦਲ ਦਾ ਕਬਜ਼ਾ ਹੋ ਜਾਣ ਉਪਰੰਤ ਸਰਨਿਆ ਕੋਲੋ ਪਾਈ ਪਾਈ ਦੀ ਹਿਸਾਬ ਲਿਆ ਜਾਵੇਗਾ ਪਰ ਅੱਜ ਤੱਕ ਇਹ ਲੋਕ ਇੱਕ ਪਾਈ ਦੀ ਹੇਰਾਫੇਰੀ ਵੀ ਸਾਬਤ ਨਹੀ ਕਰ ਸਕੇ ਕਿਉਕਿ ਕਿਸੇ ਕਿਸਮ ਦੀ ਹੇਰਾਫੇਰੀ ਹੋਈ ਹੀ ਨਹੀ ਸੀ। ਉਹਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆ ਨੂੰ ਅਪੀਲ ਹੈ ਕਿ ਇਹ ਲੋਕ ਕੁਝ ਕੁ ਪ੍ਰਵਾਸੀਆ ਨੂੰ ਤਸਵੀਰਾਂ ਖਿਚਵਾ ਕੇ ਅਖਬਾਰਾਂ ਵਿੱਚ ਦੇ ਰਹੇ ਹਨ ਜਦ ਕਿ ਬਹੁਤ ਸਾਰੀਆ ਤਸਵੀਰਾਂ ਇਹਨਾਂ ਵੱਲੋ ਬਣਾਈਆ ਗਈਆ ਹਨ। ਉਹਨਾਂ ਕਿਹਾ ਕਿ ਇਸ ਤੋ ਪਹਿਲਾਂ ਵੀ ਜਦੋਂ ਅਕਾਲੀ ਲੀਡਰ ਵਿਦੇਸ਼ ਗਏ ਤਾਂ ਉਸ ਵੇਲੇ ਇਹਨਾਂ ਦਾ ਸੁਆਗਤ ਪਰਵਾਸੀਆ ਨੇ ਜਿਹੜੀ ਨਰਾਜਗੀ ਭਰੀ ਗਰਮਜੋਸ਼ੀ ਨਾਲ ਕਰਕੇ ਇਹਨਾਂ ਨੂੰ ਬੋਲਣ ਤੱਕ ਨਹੀ ਦਿੱਤਾ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਤੇ ਹੋਈ ਬੇਅਦਬੀ ਦੇ ਦੋਸ਼ੀਆ ਨੂੰ ਨਾ ਫੜੇ ਜਾਣ ਬਾਰੇ ਪੁੱਛਿਆ ਤਾਂ ਅਕਾਲੀਆ ਕੋਲ ਕੋਈ ਜਵਾਬ ਨਹੀ ਸੀ ਤੇ ਅੱਜ ਵੀ ਨਹੀ ਹੈ। ਉਹਨਾਂ ਕਿਹਾ ਕਿ ਅੱਜ ਵੀ ਗੁਰੂ ਸਾਹਿਬ ਦੀ ਥਾਂ ਥਾਂ ਤੇ ਬੇਅਦਬੀ ਹੋ ਰਹੀ ਹੈ ਪਰ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ ਤੇ ਤਖਤਾਂ ਦੇ ਜਥੇਦਾਰ ਵੀ ਸਰਕਾਰੀ ਹੁਕਮਾਂ ਦੀ ਹੀ ਉਡੀਕ ਕਰਦੇ ਰਹਿੰਦੇ ਹਨ। ਉਹਨਾਂ ਪ੍ਰਵਾਸੀ ਸਿੱਖਾਂ ਨੂੰ ਅਪੀਲ ਕੀਤੀ ਕਿ ਇਹਨਾਂ ਪੰਥ ਦੋਖੀਆ ਤੋਂ ਸੁਚੇਤ ਰਹਿਣ ਤੇ ਇਹਨਾਂ ਨੂੰ ਕਿਸੇ ਕਿਸਮ ਦਾ ਸਹਿਯੋਗ ਨਾ ਦੇਣ ਸਗੋ ਇਹਨਾਂ ਕੋਲੋ ਦਿੱਲੀ ਕਮੇਟੀ ਦੀ ਗੋਲਕ ਦਾ ਹਿਸਾਬ ਪੁੱਛਣ। ਅਤੇ ਬਿਨਾਂ ਕਿਸੇ ਦੇਰੀ ਤੋ ਬੇਰੰਗ ਵਾਪਸ ਤੋਰ ਦੇਣ।
Total Responses : 265