ਚੰਡੀਗੜ੍ਹ, 15 ਸਤੰਬਰ, 2016 : ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਭੁਪਿੰਦਰ ਸਿੰਘ ਮਾਨ ਸਾਬਕਾ ਐਮ ਪੀ ਅਤੇ ਰਾਸ਼ਟਰੀ ਪ੍ਰਧਾਨ ਅਤੇ ਸੂਬਾ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਦੀ ਅਗਵਾਈ ਵਿੱਚ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਈ | ਇਸ ਮੀਟਿੰਗ ਵਿੱਚ ਪੰਜਾਬ ਭਰ ਤੋਂ ਯੂਨੀਅਨ ਦੇ ਆਗੂ ਵੱਡੀ ਗਿਣਤੀ ਵਿੱਚ ਪਹੁੰਚੇ | ਮੀਟਿੰਗ ਦੀ ਸ਼ੁਰੂਆਤ ਕਰਦਿਆਂ ਭੁਪਿੰਦਰ ਸਿੰਘ ਮਾਨ ਨੇ ਕਿਹਾ ਕਿ ਜਿਸ ਤਰਾਂ ਸਿਆਸੀ ਪਾਰਟੀਆਂ ਵੋਟਾਂ ਲੈਣ ਖਾਤਰ ਅਤੇ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਪ੍ਰਭਾਵਿਤ ਕਰਨ ਲਈ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਲੋਕ ਲੁਭਾਊ ਵਾਅਦੇ ਕਰਦੀਆਂ ਹਨ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਇਹਨਾਂ ਵਾਅਦਿਆਂ ਤੋਂ ਮੁੱਕਰ ਜਾਂਦੀਆਂ ਹਨ, ਇਸ ਤਰਾਂ ਦੇ ਵਤੀਰੇ ਨੂੰ ਨੱਥ ਪਾਈ ਜਾਣੀ ਚਾਹੀਦੀ ਹੈ ਕਿਓਂਕਿ ਇਹ ਲੋਕਾਂ ਨਾਲ ਕੀਤਾ ਗਿਆ ਇੱਕ ਇਕਰਾਰਨਾਮਾਂ ਹੁੰਦਾ ਹੈ | ਮੀਟਿੰਗ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਕਿ ਇੱਕ ਵਫਦ ਚੋਣ ਕਮਿਸ਼ਨ ਨੂੰ ਮਿਲ ਕੇ ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਨੂੰ ਲਾਗੂ ਕਰਨ ਲਈ ਪਾਬੰਦ ਕਰਨ ਬਾਰੇ ਨਿਰਦੇਸ਼ ਜਾਰੀ ਕਰਨ ਲਈ ਇੱਕ ਮੈਮੋਰੰਡਮ ਦੇਵੇਗਾ | ਜਿਸ ਵਿੱਚ ਲੋਕਾਂ ਨਾਲ ਵਾਅਦਾ ਕਰਨ ਤੋਂ ਪਹਿਲਾਂ ਸਿਆਸੀ ਪਾਰਟੀਆਂ ਲਈ ਇਹ ਜਰੂਰੀ ਹੋਵੇ ਕਿ ਉਹ ਲੋਕਾਂ ਨੂੰ ਇਸਨੂੰ ਲਾਗੂ ਕਰਨ ਵਾਸਤੇ ਸਮਾਂ ਨਿਰਧਾਰਿਤ ਕਰੇ ਅਤੇ ਆਪਣੇ ਸਾਧਨਾ ਦੀ ਜਾਣਕਾਰੀ ਵੀ ਦੇਣ |
ਇਸ ਤੋਂ ਇਲਾਵਾ ਪੰਜਾਬ ਦੇ ਮੌਜੂਦਾ ਮਸਲਿਆਂ ਤੇ ਵਿਚਾਰਾਂ ਹੋਈਆਂ ਜਿਨਾਂ ਵਿੱਚ ਪਿਛਲੇ ਦਿਨੀ ਗੰਨਾਂ ਕਿਸਾਨਾਂ ਨਾਲ 50 ਰੁਪਏ ਕਵਿੰਟਲ ਦੀ ਰਾਸ਼ੀ ਦੇਣ ਤੋਂ ਮੁੱਕਰੀ ਪੰਜਾਬ ਸਰਕਾਰ ਦੇ ਕਦਮ ਦੀ ਨਿਖੇਧੀ ਕੀਤੀ ਗਈ ਅਤੇ ਇਸ ਨੂੰ ਕਿਸਾਨਾਂ ਨਾਲ ਧੋਖਾ ਕਰਾਰ ਦਿੱਤਾ ਗਿਆ | ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਵਿੱਚ ਗੰਨੇ ਦੀ ਕੀਮਤ 400 ਰੁਪਏ ਪ੍ਰਤੀ ਕਵਿੰਟਲ ਦੇਣ ਦੀ ਮੰਗ ਵੀ ਕੀਤੀ ਗਈ |
ਕਿਸਾਨੀ ਨੂੰ ਕਰਜ਼ੇ ਦੇ ਜਾਲ ਵਿੱਚੋਂ ਕੱਢਣ ਲਈ ਸਰਕਾਰ ਵੱਲੋਂ ਕਿਸੇ ਤਰਾਂ ਦੇ ਕੋਈ ਕਦਮ ਨਾਂ ਚੁੱਕੇ ਜਾਣ ਨੂੰ ਮੰਦਭਾਗਾ ਦੱਸਿਆ ਗਿਆ ਕਿਓਂਕਿ ਕੇਂਦਰ ਸਰਕਾਰ ਦੀਆਂ ਬੇਈਮਾਨੀ ਵਾਲੀਆਂ ਨੀਤੀਆਂ ਕਾਰਨ ਕਿਸਾਨੀ ਕਰਜ਼ੇ ਵਿੱਚ ਡੁੱਬ ਚੁੱਕੀ ਹੈ | ਇਸ ਦਾ ਇੱਕੋ ਇੱਕ ਹੱਲ ਮੌਜੂਦਾ ਕੁੱਲ ਕਰਜੇ ਤੇ ਲਕੀਰ ਫੇਰਨਾ ਹੈ | ਕਿਸਾਨ ਮੁਆਫੀ ਨਹੀਂ ਮੰਗਦੇ ਕਿਓਂਕਿ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਅਤੇ ਉਹ ਕਰਜ਼ੇ ਤੋਂ ਮੁਕਤੀ ਚਾਹੁੰਦੇ ਹਨ | ਕਿਸਾਨਾਂ ਦੀ ਪੱਕੀ ਆਮਦਨ ਦਾ ਹੱਲ ਕੱਢਣ ਲਈ ਜਿਨਸਾਂ ਦੇ ਰੇਟ ਸਵਾਮੀ ਨਾਥਨ ਕਮਿਸ਼ਨ ਮੁਤਾਬਿਕ ਅਤੇ ਕਿਸਾਨ ਪਰਿਵਾਰ ਦੇ ਘੱਟੋ ਘੱਟ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ | ਅੱਗੇ ਵਾਸਤੇ ਕੰਮ ਚਲਾਉਣ ਲਈ ਲੋੜਵੰਦ ਕਿਸਾਨਾਂ ਨੂੰ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇ |
ਇਸ ਤੋਂ ਇਲਾਵਾ ਕਿਸਾਨਾਂ ਦੀਆਂ ਮੌਜੂਦਾ ਸਮੱਸਿਆਵਾਂ ਜਿਵੇਂ ਕਿ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਵੱਧ ਰਹੀ ਗਿਣਤੀ ਨੂੰ ਠੱਲ ਪਾਉਣ ਲਈ ਯੋਗ ਕਦਮ ਚੁੱਕਣ ਦੀ ਮੰਗ ਕੀਤੀ ਗਈ | ਜਿਸ ਤਰਾਂ ਪੰਜਾਬ ਸਰਕਾਰ ਅਵਾਰਾ ਪਸ਼ੂਆਂ ਦੇ ਹੱਲ ਲਈ ਗਊਸ਼ਾਲਾਵਾਂ ਬਣਾ ਕੇ ਹੱਲ ਕਰਨ ਦੇ ਦਾਅਵੇ ਕਰ ਰਹੀ ਹੈ ਇਹ ਵਾਅਦੇ ਪੂਰੀ ਤਰਾਂ ਖੋਖਲੇ ਹਨ ਅਤੇ ਕਿਸੇ ਵੀ ਖੇਤਰ ਵਿੱਚ ਇਸ ਦਾ ਕੋਈ ਪ੍ਰਭਾਵ ਨਜ਼ਰ ਨਹੀਂ ਆ ਰਿਹਾ | ਦੁੱਧ ਦੇਣ ਵਾਲੀਆਂ ਗਾਵਾਂ ਅਤੇ ਬਲਦਾਂ ਨੂੰ ਬਾਹਰਲੇ ਸੂਬਿਆਂ ਵਿੱਚ ਭੇਜਣ ਤੇ ਲਈ ਰੋਕ ਖਤਮ ਕੀਤੀ ਜਾਵੇ | ਵਪਾਰੀਆਂ ਨੂੰ ਗਊ ਰੱਖਿਅਕਾਂ ਵੱਲੋਂ ਤੰਗ ਕਰਨ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾਵੇ |
ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜਰ ਹੋਏ ਜਿਨਾਂ ਵਿੱਚ ਗੁਰਬਚਨ ਸਿੰਘ ਬਾਜਵਾ, ਬਲਵੰਤ ਸਿੰਘ ਬਹਿਰਾਮਕੇ ਦੋਵੇਂ ਜਨਰਲ ਸਕੱਤਰ ਪੰਜਾਬ, ਸੁਰਜੀਤ ਸਿੰਘ ਕਾਦਗਿੱਲ, ਸੁਖਵਿੰਦਰ ਸਿੰਘ ਲੱਖੀਵਾਲ ਦੋਵੇਂ ਮੀਤ ਪ੍ਰਧਾਨ ਪੰਜਾਬ, ਸੁਖਵਿੰਦਰ ਸਿੰਘ ਕਾਹਲੋਂ ਜਿਲਾ ਪ੍ਰਧਾਨ ਗੁਰਦਸਪੂਰ, ਇੰਦਰਜੀਤ ਸਿੰਘ ਫੌਜੇਵਾਲ ਜਿਲਾ ਪ੍ਰਧਾਨ ਸੰਗਰੂਰ, ਮਨੋਹਰ ਸਿੰਘ ਕਿਸ਼ਨਗੜ੍ਹ ਜਿਲਾ ਪ੍ਰਧਾਨ ਮਾਨਸਾ, ਕੇਵਲ ਸਿੰਘ ਕੰਗ ਜਿਲਾ ਪ੍ਰਧਾਨ ਪਠਾਨਕੋਟ, ਬਲਵੰਤ ਸਿੰਘ ਨਡੀਆਲੀ ਜਿਲਾ ਪ੍ਰਧਾਨ ਮੋਹਾਲੀ, ਮੁਖਤਿਆਰ ਸਿੰਘ ਧਿਗਾਨਾਂ ਜਿਲਾ ਪ੍ਰਧਾਨ ਮੁਕਤਸਰ, ਸੁੱਖਾ ਸਿੰਘ ਜਿਲਾ ਪ੍ਰਧਾਨ ਮੋਗਾ, ਟਹਿਲਜੀਤ ਸਿੰਘ ਜਿਲਾ ਪ੍ਰਧਾਨ ਫਾਜਿਲਕਾ, ਜਗਤਾਰ ਸਿੰਘ ਜੱਲੋਵਾਲ ਜਿਲਾ ਪ੍ਰਧਾਨ ਫਿਰੋਜਪੁਰ, ਰਾਜ ਰਾਣੀ ਜਲਾਲਾਬਾਦ, ਗੁੱਡੋ ਰਾਣੀ ਜਲਾਲਾਬਾਦ, ਧਰਮਚੰਦ ਜਿਲਾ ਮੀਤ ਪ੍ਰਧਾਨ ਫਾਜਿਲਕਾ, ਮੁਖਤਿਆਰ ਸਿੰਘ ਮੀਤ ਪ੍ਰਧਾਨ ਸੰਗਰੂਰ, ਸੁਰਜੀਤ ਸਿੰਘ ਸੋਢੀ ਗੁਰਦਸਪੂਰ, ਗੁਰਦੇਵ ਸਿੰਘ ਮੱਖੂ, ਗੁਰਦੀਪ ਸਿੰਘ ਰੁਪਾਲੋਂ, ਅਜੀਤ ਸਿੰਘ ਈਸੜੂ, ਜਰਨੈਲ ਸਿੰਘ ਮੀਤ ਪ੍ਰਧਾਨ ਮੋਗਾ, ਹੁਰਮਿਤ ਸਿੰਘ ਘੜੂਆਂ, ਰਘੁਬੀਰ ਚੰਦ ਬਲਾਕ ਪ੍ਰਧਾਨ ਜਲਾਲਾਬਾਦ ਅਤੇ ਹੋਰ ਬਹੁਤ ਸਾਰੇ ਕਿਸਾਨ ਆਗੂ ਹਾਜਰ ਸਨ |