ਸੰਗਰੂਰ, 15 ਸਤੰਬਰ, 2016 : ਪੰਜਾਬ ਸਰਕਾਰ ਵੱਲੋਂ ਸੰਗਰੂਰ ਸ਼ਹਿਰ ਵਿਖੇ ਲਗਭਗ 3 ਏਕੜ ਰਕਬੇ ਵਿੱਚ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਅਤਿ-ਆਧੁਨਿਕ ਬੱਸ ਸਟੈਂਡ 15 ਅਕਤੂਬਰ ਤੱਕ ਮੁਕੰਮਲ ਤੌਰ 'ਤੇ ਤਿਆਰ ਹੋ ਜਾਵੇਗਾ। ਇਹ ਪ੍ਰਗਟਾਵਾ ਪੀ.ਆਰ.ਟੀ.ਸੀ ਦੇ ਵਾਈਸ ਚੇਅਰਮੈਨ ਸ਼੍ਰੀ ਵਿਨਰਜੀਤ ਸਿੰਘ ਗੋਲਡੀ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਬਿਹਤਰੀਨ ਦਿੱਖ ਅਤੇ ਆਧੁਨਿਕ ਸਹੂਲਤਾਂ ਵਾਲੇ ਇਸ ਬੱਸ ਸਟੈਂਡ ਦੇ ਉਦਘਾਟਨ ਦੇ ਨਾਲ ਸੰਗਰੂਰ ਦੇ ਨਿਵਾਸੀਆਂ ਦੀ ਇੱਕ ਵੱਡੀ ਤੇ ਅਹਿਮ ਮੰਗ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਪੀ.ਆਰ.ਟੀ.ਸੀ ਵੱਲੋਂ ਵੱਡੀਆਂ ਤੇ ਅਹਿਮ ਪ੍ਰਾਪਤੀਆਂ ਦਰਜ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਿਧਾਇਕ ਸੰਗਰੂਰ ਸ਼੍ਰੀ ਪਰਕਾਸ਼ ਚੰਦ ਗਰਗ ਦੀ ਅਗਵਾਈ ਹੇਠ ਤੇਜ਼ੀ ਨਾਲ ਮੁਕੰਮਲ ਕੀਤੇ ਜਾ ਰਹੇ ਬੱਸ ਸਟੈਂਡ ਵਿੱਚ ਲੋਕਾਂ ਲਈ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੁਵਿਧਾਵਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਗੋਲਡੀ ਨੇ ਦੱਸਿਆ ਕਿ ਬੱਸ ਸਟੈਂਡ ਦੀ ਜ਼ਮੀਨੀ ਮੰਜ਼ਿਲ 'ਤੇ ਪੁੱਛਗਿੱਛ ਕੇਂਦਰ, ਰਾਹਗੀਰਾਂ ਲਈ ਏ.ਸੀ ਉਡੀਕ ਘਰ, ਪੀਣ ਲਈ ਆਰ.ਓ ਦਾ ਸਾਫ਼ ਪਾਣੀ, ਸੁਰੱਖਿਆ ਲਈ ਸੀ.ਸੀ.ਟੀ.ਵੀ ਕੈਮਰੇ ਤੇ ਰਿਕਾਰਡਿੰਗ ਸੁਵਿਧਾ, ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਲਈ ਪਾਰਕਿੰਗ ਵਿਵਸਥਾ, ਦੁਕਾਨਾਂ, ਕੈਫੇਟੇਰੀਆ, ਰਾਹਗੀਰਾਂ ਦੀ ਜਾਣਕਾਰੀ ਹਿੱਤ ਕੰਪਿਊਟਰਾਈਜ਼ਡ ਸਮਾਂ ਸਾਰਣੀ ਅਤੇ ਐਲ.ਸੀ.ਡੀ ਡਿਸਪਲੇਅ ਵਰਗੀਆਂ ਆਧੁਨਿਕ ਸਹੂਲਤਾਂ ਤੋਂ ਇਲਾਵਾ ਔਰਤਾਂ, ਮਰਦਾਂ ਅਤੇ ਅੰਗਹੀਣਾਂ ਲਈ ਵੱਖ-ਵੱਖ ਗੁਸਲਖਾਨਿਆਂ ਦੀ ਵਿਵਸਥਾ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਮੰਜ਼ਿਲ 'ਤੇ ਡਾਕਘਰ, ਪਾਸ ਬਣਵਾਉਣ ਆਉਂਦੇ ਵਿਦਿਆਰਥੀਆਂ ਲਈ ਕਮਰਾ, ਜੀ.ਐਮ ਲਈ ਕਮਰਾ, ਡਰਾਈਵਰ ਤੇ ਕੰਡਕਟਰ ਲਈ ਹਾਲ ਕਮਰਾ ਸਮੇਤ ਹੋਰ ਸੁਵਿਧਾਵਾਂ ਹੋਣਗੀਆਂ। ਵਾਈਸ ਚੇਅਰਮੈਨ ਨੇ ਇਸ ਦੌਰਾਨ ਉਸਾਰੀ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ।
ਸ਼੍ਰੀ ਵਿਨਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਬਿਹਤਰੀਨ ਆਵਾਜਾਈ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੀ.ਆਰ.ਟੀ.ਸੀ ਵੱਲੋਂ ਰਾਜ ਵਿੱਚ ਜਲਦੀ ਹੀ ਉਨ੍ਹਾਂ ਪਿੰਡਾਂ ਲਈ 106 ਮਿੱਡੀ ਬੱਸਾਂ ਚਲਾਈਆਂ ਜਾਣਗੀਆਂ ਜਿਹੜੇ ਪਿੰਡ ਬੱਸਾਂ ਦੀ ਸੁਵਿਧਾ ਤੋਂ ਵਾਂਝੇ ਹਨ। ਉਨ੍ਹਾਂ ਦੱਸਿਆ ਕਿ ਇਹ ਬੱਸਾਂ ਕਿਲੋਮੀਟਰ ਸਕੀਮ ਤਹਿਤ ਚੱਲਣਗੀਆਂ। ਇਸ ਮੌਕੇ ਪੀ.ਆਰ.ਟੀ.ਸੀ ਦੇ ਜਨਰਲ ਮੈਨੇਜਰ ਸ਼੍ਰੀ ਐਮ.ਐਸ ਹੁੰਦਲ, ਐਸ.ਡੀ.ਓ ਸ੍ਰੀ ਜਤਿੰਦਰਪਾਲ ਸਿੰਘ ਗਰੇਵਾਲ, ਸਕੱਤਰ ਯੂਥ ਅਕਾਲੀ ਦਲ ਮਾਲਵਾ ਜ਼ੋਨ-2 ਸ਼੍ਰੀ ਅਮਿਤ ਅਲੀ ਸ਼ੇਰ ਸਮੇਤ ਹੋਰ ਆਗੂ ਵੀ ਹਾਜ਼ਰ ਸਨ।