ਸੰਗਰੂਰ, 15 ਸਤੰਬਰ, 2016 : ਕਰਜ਼ ਦੀ ਮਾਰ ਨੇ ਇੱਕ ਹੋਰ ਅੰਨਦਾਤਾ ਨਿਗਲ ਲਿਆ ਹੈ। ਖਬਰ ਸੰਗਰੂਰ ਜਿਲ੍ਹੇ ਦੇ ਭਵਾਨੀਗੜ੍ਹ ਕਸਬੇ ਨੇੜਲੇ ਪਿੰਡ ਬਟੜਿਆਣਾ ਤੋਂ ਹੈ। ਇੱਥੇ ਕਰਜ਼ੇ ਦੀ ਮਾਰ ਦੇ ਕਾਰਨ ਇੱਕ ਕਿਸਾਨ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਕਿਸਾਨ ਸਿਰਫ 2 ਏਕੜ ਜਮੀਨ ਦਾ ਮਾਲਕ ਸੀ। ਪਰ ਉਸ ਦੇ ਸਿਰ ਲੱਖਾਂ ਦਾ ਕਰਜ਼ ਸੀ। ਇਸ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ।
ਜਾਣਕਾਰੀ ਮੁਤਾਬਕ ਸੰਗਰੂਰ ਦੇ ਪਿੰਡ ਬਟੜਿਆਣਾ ਦੇ 40 ਸਾਲਾ ਕਿਸਾਨ ਗਿਆਨ ਸਿੰਘ ਕੋਲ ਸਿਰਫ 2 ਏਕੜ ਜਮੀਨ ਸੀ। ਇਸ ਤੋਂ ਹੋ ਰਹੀ ਆਮਦਨ ਨਾਲ ਘਰ ਦਾ ਗੁਜਾਰਾ ਹੀ ਮੁਸ਼ਕਲ ਨਾਲ ਚੱਲਦਾ ਸੀ। ਮਜਬੂਰ ਕਰਜਾ ਚੁੱਕ ਕੇ ਖੇਤੀ ਕਰ ਰਿਹਾ ਸੀ ਤੇ ਘਰ ਦਾ ਗੁਜਾਰਾ ਕਰਦਾ ਸੀ। ਪਰ ਲਗਾਤਾਰ ਘੱਟ ਆਮਦਨ ਦੇ ਚੱਲਦੇ ਗਿਆਨ ਦੇ ਸਿਰ ਆੜਤੀ ਤੇ ਬੈਂਕਾਂ ਦਾ ਲੱਖਾਂ ਕਰਜ ਚੜ ਗਿਆ ਸੀ। ਕਰਜ਼ ਲਗਾਤਾਰ ਵਧ ਰਿਹਾ ਸੀ ਪਰ ਇਸ ਨੂੰ ਚੁਕਾਉਣ ਦਾ ਕੋਈ ਵੀ ਰਾਸਤਾ ਨਜ਼ਰ ਨਹੀਂ ਆ ਰਿਹਾ ਸੀ। ਅਜਿਹੇ ‘ਚ ਕੋਈ ਹੋਰ ਰਾਸਤਾ ਨਜ਼ਰ ਨਾ ਆਉਂਦਾ ਦੇਖ ਖੇਤਾਂ ਦੇ ਪੁੱਤ ਨੇ ਆਪਣੀ ਜਾਨ ਦੇਣ ਦਾ ਫੈਸਲਾ ਕਰ ਲਿਆ। ਉਸ ਦੇ ਪਿੱਛੇ ਪਰਿਵਾਰ ਚ ਇੱਕ 14 ਸਾਲਾ ਧੀ ਤੇ ਪਤਨੀ ਹਨ। ਜਿੰਨਾਂ ਨੂੰ ਉਹ ਰੱਬ ਆਸਰੇ ਛੱਡ ਗਿਆ ਹੈ।
ਖੁਦਕੁਸ਼ੀ ਕਰਨ ਵਾਲਾ ਗਿਆਨ ਸਿੰਘ ਕੋਈ ਪਹਿਲਾ ਕਿਸਾਨ ਨਹੀਂ ਹੈ। ਹਰ ਰੋਜ ਕੋਈ ਨਾ ਕੋਈ ਗਿਆਨ ਕਰਜ਼ ਦੀ ਮਾਰ ਕਾਰਨ ਖੁਦਕੁਸ਼ੀ ਕਰ ਰਿਹਾ ਹੈ। ਪਰ ਇਹਨਾਂ ਖੁਦਕੁਸ਼ੀਆਂ ਨੂੰ ਕਿਵੇਂ ਰੋਕਿਆ ਜਾਵੇ, ਸ਼ਾਇਦ ਇਸ ਪਾਸੇ ਅਜੇ ਸਰਕਾਰਾਂ ਦਾ ਧਿਆਨ ਨਹੀਂ। ਵਧ ਰਹੇ ਖਰਚੇ ਤੇ ਫਸਲਾਂ ਦੇ ਘੱਟ ਮੁੱਲ ਕਾਰਨ ਕਿਸਾਨ ਲਗਾਤਾਰ ਕਮਜੋਰ ਹੁੰਦੇ ਜਾ ਰਹੇ ਹਨ। ਅਜਿਹੇ ‘ਚ ਆਖਰ ਕੌਣ ਇਹਨਾਂ ਕਿਸਾਨਾਂ ਦੀ ਸਾਰ ਲਏਗਾ? ਕੀ ਸਰਕਾਰ ਜੀ ਕਦੇ ਜਾਗੋਗੇ? ਕੀ ਇਹਨਾਂ ਕਿਸਾਨਾਂ ਦਾ ਦਰਦ ਕਦੇ ਸਮਝੋਗੇ? ਆਖਰ ਲੋਕਾਂ ਦਾ ਪੇਟ ਭਰਨ ਵਾਲਾ ਇਹ ਅੰਨਦਾਤਾ ਕਦੋਂ ਤੱਕ ਆਣਆਈ ਮੌਤ ਮਰਦਾ ਰਹੇਗਾ ?
ABP Sanjha ਤੋਂ ਧੰਨਵਾਦ ਸਾਹਿਤ I