← ਪਿਛੇ ਪਰਤੋ
ਮੋਗਾ, 16 ਸਤੰਬਰ, 2016 : ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਅਤੇ ਆਗੂਆਂ ‘ਤੇ ਬਾਘਾਪੁਰਾਣਾ ‘ਚ ਅਕਾਲੀ ਕੌਂਸਲਰ ਤੇ ਸਾਥੀਆਂ ਵੱਲੋਂ ਕਥਿਤ ਤੌਰ ‘ਤੇ ਕੀਤੇ ਗਏ ਕਥਿਤ ਕਾਤਲਾਨਾ ਹਮਲੇ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਨੇ 72 ਘੰਟੇ ਦਾ ਅਲਟੀਮੇਟਮ ਦਿੱਤਾ ਹੈ ਜਦਕਿ ਭਲਕੇ ਸ਼ਨੀਵਾਰ ਨੂੰ ਬਾਘਾਪੁਰਾਣਾ ‘ਚ ਰੋਸ ਮਾਰਚ ਕਰਕੇ ਪੁਲਸ ਖਿਲਾਫ ਰੋਸ ਪ੍ਰਗਟਾਵਾ ਕਰਨ ਦਾ ਐਲਾਨ ਕੀਤਾ ਹੈ। ਅੱਜ ਇਥੇ ‘ਆਪ’ ਦੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਅਤੇ ਕਿਸਾਨ ਵਿੰਗ ਦੇ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ ਅਤੇ ‘ਆਪ’ ਯੂਥ ਵਿੰਗ ਪੰਜਾਬ ਦੇ ਸੰਯੁਕਤ ਸਕੱਤਰ ਜਗਦੀਪ ਸਿੰਘ ਜੈਮਲਵਾਲਾ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ‘ਚ ਅਕਾਲੀਆਂ ਦੀ ਕੁੱਟ ਦਾ ਸ਼ਿਕਾਰ ਹੋਏ ‘ਆਪ’ ਵਾਲੰਟੀਅਰਾਂ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕਰਦਿਆਂ ‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਗਠਜੋੜ ਸਰਕਾਰ ਵੱਲੋਂ ‘ਆਪ’ ਦੀ ਲਹਿਰ ਨੂੰ ਦਬਾਉਣ ਲਈ ਮੁਜ਼ਰਮਾਨਾ ਕਾਰਵਾਈਆਂ ਕਰਨ ਵਾਲੇ ਅਨਸਰਾਂ ਦਾ ਸਹਾਰਾ ਲਿਆ ਜਾ ਰਿਹਾ ਹੈ ਤੇ ‘ਆਪ’ ਆਗੂਆਂ ‘ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਉਹਨਾਂ ਦੋਸ਼ ਲਾਇਆ ਕਿ ‘ਆਪ’ ਆਗੂ ਜਗਦੀਪ ਜੈਮਲਵਾਲਾ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ 11 ਸਤੰਬਰ ਦੀ ਅਰਵਿੰਦ ਕੇਜਰੀਵਾਲ ਦੀ ਬਾਘਾਪੁਰਾਣਾ ਰੈਲੀ ਦੀ ਕਾਮਯਾਬੀ ਤੋਂ ਬਾਅਦ ਅਕਾਲੀ ਕੌਂਸਲਰ ਵਾਰਡ ਨੰਬਰ 12 ਸਤਨਾਮ ਸਿੰਘ ਸੱਤੂ ਵੱਲੋਂ ਪਹਿਲਾਂ ਜਗਦੀਪ ਜੈਮਲਵਾਲਾ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਫਿਰ ਆਪ ਵਾਲੰਟੀਅਰ ਬਲਜਿੰਦਰ ਸਿੰਘ ਖਾਲਸਾ ਦੀ ਡੇਅਰੀ ‘ਤੇ ਕੰਮ ਕਰਦੇ ਵਰਕਰਾਂ ਬਲਵਿੰਦਰ ਸਿੰਘ ਤੇ ਗੋਬਿੰਦ ਸਿੰਘ ਨੂੰ ਛੱਲੀਆਂ ਵਾਂਗ ਕੁੱਟਿਆ ਅਤੇ ਫਾਇਰਿੰਗ ਵੀ ਕੀਤੀ ਜਦਕਿ ਪੁਲਸ ਵੱਲੋਂ ਇਸ ਮਾਮਲੇ ‘ਚ ਕੇਵਲ ਧਾਰਾ 323 ਲਾ ਕੇ ਕੇਸ ਨੂੰ ਕਮਜੋਰ ਕੀਤਾ ਗਿਆ ਭਾਵੇਂ ਬਾਅਦ ‘ਚ ਇਸ ਨੂੰ ਧਾਰਾ 325 ਵਿੱਚ ਤਬਦੀਲ ਕੀਤਾ ਗਿਆ। ਪੁਲਸ ਨੇ ਦੋਸ਼ੀਆਂ ਦੇ ਪੁਲਸ ਰਿਮਾਂਡ ਦੀ ਮੰਗ ਹੀ ਨਹੀਂ ਕੀਤੀ ਜਦਕਿ ਦੋਸ਼ੀਆਂ ਦੇ ਸਾਥੀਆਂ ਅਤੇ ਵਰਤੇ ਗਏ ਹਥਿਆਰਾਂ ਦਾ ਪਤਾ ਲਾਉਣ ਲਈ ਪੁਲਸ ਰਿਮਾਂਡ ਜਰੂਰੀ ਸੀ। ਉਹਨਾਂ ਕਿਹਾ ਕਿ ਇਸ ਕੇਸ ‘ਚ ਧਾਰਾ 307 ਲਾਉਣੀ ਜਰੂਰੀ ਹੈ ਤੇ ਦੋਸ਼ੀਆ ਦਾ ਪੁਲਸ ਰਿਮਾਂਡ ਲੈ ਕਿ ਦੋਸ਼ੀਆਂ ਤੋਂ ਹਥਿਆਰ ਬਰਾਮਦ ਕੀਤੇ ਜਾਣ ਅਤੇ ਕੌਂਸਲਰ ਦੇ ਸਾਥੀਆਂ ਬਾਰੇ ਉਸਤੋਂ ਪੁੱਛਗਿੱਛ ਕੀਤੀ ਜਾਵੇ।
Total Responses : 265