ਖਾਲੀ ਟੈਂਟ I
ਪਟਿਆਲਾ, 16 ਸਤੰਬਰ, 2016 (ਜੀ ਐੱਸ ਪੰਨੂੰ) : ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਅਥਾਰਟੀ (ਪੀ. ਡੀ. ਏ.) ਪ੍ਰਸ਼ਾਸ਼ਨ ਦੀਆਂ ਗਲਤ ਨੀਤੀਆਂ ਕਾਰਨ ਪੁੱਡਾ ਵਲੋਂ ਨਾਭਾ ਰੋਡ ਸਥਿਤ ਸਿੰਚਾਈ ਵਿਭਾਗ ਦੇ ਲਹਿਲ ਡਵੀਜ਼ਨ ਦੀ ਜ਼ਮੀਨ ਵਿਚ ਪਲਾਟਾਂ ਦੀ ਜੋ ਨਿਲਾਮੀ ਰੱਖੀ ਸੀ, ਉਹ ਪੂਰੀ ਠੱਪ ਹੋ ਗਈ। ਪੁੱਡਾ ਅਧਿਕਾਰੀ ਸ਼ੁਕਰਵਾਰ ਨੂੰ ਸਵੇਰੇ 10 ਵਜੇ ਮੌਕੇ 'ਤੇ ਪਹੁੰਚ ਗਏ ਪਰ ਦੁਪਿਹਰ 12 ਵਜੇ ਤੱਕ ਇਕ ਵੀ ਖਰੀਦਦਾਰ ਨਹੀਂ ਪਹੁੰਚਿਆ। ਇਹ ਜ਼ਮੀਨ ਬਿਲਕੁਲ ਮਾਡਲ ਟਾਊਨ ਦੇ ਨਾਲ ਲੱਗਦੀ ਕਾਰਨ ਇਹ ਇਕ ਤਰਾਂ ਨਾਲ ਨਿਊ ਮਾਡਲ ਟਾਊਨ ਬਣਨਾ ਸੀ ਪਰ ਇਸ ਦੇ ਬਾਵਜੂਦ ਵੀ ਲੋਕਾਂ ਨੇ ਇਸ ਨੂੰ ਖਰੀਦਣ ਵਿਚ ਦਿਲਚਸਪੀ ਨਹੀਂ ਦਿਖਾਈ। ਪੁੱਡਾ ਅਧਿਕਾਰੀਆਂ ਵਲੋਂ ਜ਼ਮੀਨ ਦੇ ਰੇਟਾਂ ਵਿਚ ਮੰਦੀ ਹੋਣ ਦੇ ਬਾਵਜੂਦ ਵੀ ਰੇਟ ਵੱਧ ਰੱਖਣ ਅਤੇ ਪਲਾਟਾਂ ਦੇ ਗਲਤ ਸਾਈਜ਼ ਰੱਖਣ ਕਾਰਨ ਇਹ ਬੋਲੀ ਫਲਾਪ ਹੋਈ। ਪੁੱਡਾ ਵਲੋਂ 1000 ਗਜ, 500 ਗਜ ਅਤੇ 400 ਗਜ ਦੇ ਪਲਾਟ ਕੱਟੇ ,500 ਗਜ ਦੇ ਪਲਾਟ ਦੀ ਕੀਮਤ 1,40,67,060 ,1000 ਗਜ ਦੇ ਪਲਾਟ ਦੀ ਕੀਮਤ 2,96,95,458 ਸੀ। ਪੁੱਡਾ ਨੇ 500 ਗਜ ਦੇ ਪਲਾਟਾਂ ਦੀ ਰਾਖਵੀਂ ਕੀਮਤ 28000 ਰੁਪਏ ਗਜ ਦੇ ਕਰੀਬ ,ਕਾਰਨਰ ਪਲਾਟਾਂ ਦੀ ਰਾਖਵੀਂ ਕੀਮਤ ਕਰੀਬ 35000 ਰੁਪਏ ਰੱਖੀ ,ਇਸੇ ਤਰਾਂ ਕਾਰਨਰ ਪਾਰਕਿੰਗ ਫੇਸਿੰਗ ਪਲਾਟਾਂ ਦੀ ਕੀਮਤ ਹੋਰ ਵਧਾ ਕੇ ਰੱਖੀ ਗਈ ਸੀ। ਜਦੋਂ ਕਿ ਅੱਜ ਦੇ ਸਮੇਂ ਪੰਜਾਬ ਵਿਚ ਪ੍ਰਾਪਰਟੀ ਬੇਹੱਦ ਮੰਦੀ ਹੈ। ਮਾਰਕੀਟ ਵਿਚ 4 ਸਾਲ ਪਹਿਲਾਂ ਜਿਸ ਪਲਾਟ ਦੀ ਕੀਮਤ 15000 ਰੁਪਏ ਗਜ ਸੀ ਅੱਜ ਉਹ 8000 ਰੁਪਏ ਗਜ ਨੂੰ ਮਿਲ ਰਿਹਾ ਹੈ। ਅਜਿਹੇ ਵਿਚ ਪੁੱਡਾ ਵਲੋਂ ਮਾਰਕੀਟ ਦੀ ਜ਼ਮੀਨੀ ਹਕੀਕਤ ਨੂੰ ਦਰਕਿਨਾਰ ਕਰਦੇ ਹੋਏ ਬਹੁਤ ਜ਼ਿਆਦਾ ਰੇਟ ਫਿਕਸ ਕਰ ਦਿੱਤੇ, ਜਿਸ ਕਾਰਨ ਲੋਕਾਂ ਨੇ ਇਨਾਂ ਪਲਾਟਾਂ ਨੂੰ ਖਰੀਦਣ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ। ਇਕ ਪਾਸੇ ਪ੍ਰਾਈਵੇਟ ਕਾਲੋਨਾਈਜ਼ਰ ਵੱਖ-ਵੱਖ ਸਕੀਮਾਂ ਰਾਹੀਂ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ। ਇਥੋਂ ਤੱਕ ਕਿ ਇੰਪਰੂਵਮੈਂਟ ਟਰੱਸਟ ਵਲੋਂ 20 ਫੀਸਦੀ ਰੇਟ ਘਟਾ ਕੇ ਪਲਾਟ ਵੇਚਣ ਦਾ ਮਤਾ ਪਾਸ ਕੀਤਾ ਗਿਆ ਹੈ। ਅਜਿਹੇ ਵਿਚ ਪੁੱਡਾ ਵਲੋਂ ਇੰਨੀ ਜ਼ਿਆਦਾ ਕੀਮਤ ਰੱਖਣਾ ਕਿਸੇ ਵੀ ਤਰੀਕੇ ਨਾਲ ਵਾਜਬ ਨਹੀਂ ਸੀ। ਇਕ ਵੀ ਖਰੀਦਦਾਰ ਨਹੀਂ ਪਹੁੰਚਿਆ ਸੀ, ਜਿਸ ਕਾਰਨ ਇਹ ਬੋਲੀ ਰੱਦ ਕਰ ਦਿੱਤੀ ਗਈ । ਪੁੱਡਾ ਦੀ ਪ੍ਰਾਪਰਟੀ ਲੈਣਾ ਇਸ ਲਈ ਮੁਸ਼ਕਲ ਹੈ ਕਿਉਂਕਿ ਇਸ ਸੰਬੰਧੀ ਸਾਰਾ ਪੈਸਾ 1 ਨੰਬਰ ਵਿਚ ਹੀ ਦੇਣਾ ਪੈਂਦਾ ਹੈ, ਜਿਸ ਕਾਰਨ ਹੀ ਇਹ ਬੋਲੀ ਫੇਲ ਹੋਈ ।