ਚੰਡੀਗੜ੍ਹ, 17 ਸਤੰਬਰ, 2016 : ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੰਘ ਬਿੱਟੂ ਨੇ ਪਿੱਛਲੇ ਦੱਸ ਸਾਲਾਂ ਦੌਰਾਨ ਪੰਜਾਬ ਸਰਕਾਰ ਦੀ ਸੂਬੇ ਦੇ ਨੌਜਵਾਨਾਂ ਨੂੰ ਲੈਕੇ ਨੀਅਤ ਤੇ ਹੀ ਸਵਾਲ ਚੁੱਕਿਆ ਅਤੇ ਉਨ੍ਹਾਂ ਚੰਡੀਗੜ ਦੇ ਸੈਕਟਰ 25 ਵਿੱਚ ਪੱਕੇ ਹੋਣ ਨੂੰ ਲੈਕੇ ਧਰਨੇ ਤੇ ਬੈਠੇ ਸੁਵਿਧਾ ਕੇਂਦਰ ਦੇ 1100 ਮੁਲਾਜ਼ਮਾਂ ਦੀ ਮੰਗ ਨੂੰ ਜ਼ਾਇਜ਼ ਕਰਾਰ ਦਿੰਦਿਆਂ ਉਨ੍ਹਾਂ ਨੂੰ ਅੱਜ ਅਪਣੀ ਪੂਰੀ ਹਮਾਇਤ ਦਿੱਤੀ। ਬਿੱਟੂ ਨੇ ਕਿਹਾ ਕਿ ਪੰਜਾਬ ਅੰਦਰ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਮਕਸਦ ਨਾਲ ਪਿੱਛਲੀ ਕਾਂਗਰਸ ਸਰਕਾਰ ਵੱਲੋਂ 2004 'ਚ ਸੁਵਿਧਾ ਕੇਂਦਰ ਖੋਲੇ ਗਏ ਸਨ। ਇਨ੍ਹਾਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਬਜਾਏ ਇਹ ਸਰਕਾਰ ਇਨ੍ਹਾਂ ਤੋਂ ਆਊਟ ਸੋਰਸਿੰਗ ਰਾਹੀਂ ਅਤੇ ਇੱਕ ਹੋਰ ਪ੍ਰਾਈਵੇਟ ਕੰਪਨੀ ਰਾਹੀਂ ਕੰਮ ਲੈ ਰਹੀ ਹੈ ਜੋ ਕਿ ਸਰਾਸਰ ਗਲਤ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਵੱਖ ਵੱਖ ਮਹਿਕਮਿਆਂ 'ਚ ਭਰਤੀਆਂ ਨਾਂ ਕੀਤੇ ਜਾਣ ਕਾਰਨ ਮੁਲਾਜ਼ਮਾਂ ਦੀ ਭਾਰੀ ਘਾਟ ਹੈ ਜਿਸ ਵਜ਼ਾ ਲੋਕਾਂ ਦੇ ਸਮੇਂ ਸਿਰ ਕੰਮ ਨਹੀਂ ਹੋ ਰਹੇ ਦੂਜੇ ਪਾਸੇ ਜਿਨਾਂ ਨੌਜਵਾਨਾਂ ਨੇ ਪਿੱਛਲੇ 12 ਸਾਲਾਂ ਤੋਂ ਤਜ਼ੂਰਬਾ ਹਾਸ਼ਿਲ ਕੀਤਾ ਹੈ ਉਨ੍ਹਾਂ ਨੂੰ ਮੁੱਖ ਧਾਰਾ 'ਚ ਸ਼ਾਮਿਲ ਕਰਨ ਦੀ ਬਜਾਏ ਧੱਕੇ ਦਿੱਤੇ ਜਾ ਰਹੇ ਹਨ ਇਹ ਕਿਸੇ ਵੀ ਹਾਲ 'ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਵਾਲ ਕੀਤਾ ਕਿ ਇਨ੍ਹਾਂ ਨੌਜਵਾਨਾਂ ਦੀ ਦੁਰਦਸ਼ਾ ਵੇਖ ਸਰਕਾਰ ਲਈ ਕਿਹੜਾ ਨੌਜਵਾਨ ਆਉਂਣ ਵਾਲੇ ਸਮੇਂ ਵਿੱਚ ਕੰਮ ਕਰਨ ਲਈ ਅੱਗੇ ਆਵੇਗ। ਰਵਨੀਤ ਨੇ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਭਵਿੱਖ ਨੂੰ ਸੜਕਾਂ ਤੇ ਰੋਲਣ ਨਹੀਂ ਦਿੱਤਾ ਜਾਵੇਗਾ ਅਤੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਦੇ ਗਠਨ ਮਗਰੋਂ ਪਹਿਲ ਦੇ ਆਧਾਰ ਤੇ ਇਨ੍ਹਾਂ 1100 ਮੁਲਾਜ਼ਿਮਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਸਟਾਫ ਦੀ ਘਾਟ ਨੂੰ ਵੀ ਪੁਰਾ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਬੇਹਤਰ ਸਹੂਲਤਾਂ ਮੁਹੱਇਆ ਕਰਵਾਈਆਂ ਜਾ ਸਕਣ।