ਲੁਧਿਆਣਾ, 21 ਸਤੰਬਰ, 2016 : ਕਰ ਅਤੇ ਆਬਕਾਰੀ ਵਿਭਾਗ ਨੇ 23 ਕਰੋੜ ਰੁਪਏ ਦੇ ਜਾਅਲੀ 'ਸੀ-ਫਾਰਮਾਂ' 'ਤੇ ਵੈਟ ਚੋਰੀ ਦਾ ਮਾਮਲਾ ਫੜਿਆ ਹੈ। ਜਿਸ ਵਿੱਚ ਮੰਡੀ ਗੋਬਿੰਦਗੜ੍ਹ (ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਦੀ ਫਰਮ 'ਵਰਲਡ ਵਾਈਡ ਪ੍ਰੋਡਕਟਸ ਪ੍ਰਾਈਵੇਟ ਲਿਮਿਟਡ' ਵੱਲੋਂ ਦਿੱਲੀ ਦੀ ਇੱਕ ਫਰਮ ਨੂੰ 23 ਕਰੋੜ ਰੁਪਏ ਦੀਆਂ ਸਟੀਲ ਕੁਰਸੀਆਂ ਵੇਚਣ ਸੰਬੰਧੀ ਜਾਅਲੀ 'ਸੀ-ਫਾਰਮ' ਜਮ੍ਹਾ ਕਰਾਉਣਾ ਬਾਰੇ ਪਤਾ ਲੱਗਾ ਹੈ।
ਇਸ ਸੰਬੰਧੀ ਡਿਪਟੀ ਕਰ ਅਤੇ ਆਬਕਾਰੀ ਕਮਿਸ਼ਨਰ, ਲੁਧਿਆਣਾ ਸ੍ਰੀ ਜੇ. ਕੇ. ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰਮ 'ਵਰਲਡ ਵਾਈਡ ਪ੍ਰੋਡਕਟਸ ਪ੍ਰਾਈਵੇਟ ਲਿਮਿਟਡ' ਵੱਲੋਂ ਦਿੱਲੀ ਦੀਆਂ ਕੁਝ ਫਰਮਾਂ ਨੂੰ ਸਟੀਲ ਦੀਆਂ ਕੁਰਸੀਆਂ ਸਪਲਾਈ ਕੀਤੀਆਂ ਗਈਆਂ ਸਨ। ਜਦੋਂ ਕੋਈ ਕੰਪਨੀ ਸੂਬੇ ਤੋਂ ਬਾਹਰ ਕੋਈ ਸਮਾਨ ਸਪਲਾਈ ਕਰਦੀ ਹੈ ਤਾਂ ਫਰਮ ਕੇਂਦਰੀ ਸੇਲ ਟੈਕਸ ਐਕਟ 1956 ਦੀ ਧਾਰਾ 8 (4) ਅਤੇ ਨਿਯਮ 12 (1) ਤਹਿਤ 2 ਫੀਸਦੀ ਰਿਆਇਤੀ ਵੈਟ ਕੱਟਦੀ ਹੈ। ਇਸ ਰਿਆਇਤ ਲੈਣ ਲਈ ਵੇਚਣ ਵਾਲੀ ਫਰਮ ਨੂੰ ਪੰਜਾਬ ਸਰਕਾਰ ਕੋਲ 'ਸੀ-ਫਾਰਮ' ਭਰ ਕੇ ਜਮ੍ਹਾ ਕਰਾਉਣਾ ਹੁੰਦਾ ਹੈ। ਜੇਕਰ ਸੀ-ਫਾਰਮ ਨਾ ਹੋਵੇ ਤਾਂ ਫਰਮ ਨੂੰ 14.3 ਫੀਸਦੀ ਵੈਟ ਜਮ੍ਹਾ ਕਰਾਉਣਾ ਪੈਂਦਾ ਹੈ।
ਸ੍ਰੀ ਜੈਨ ਨੇ ਦੱਸਿਆ ਕਿ ਫਰਮ 'ਵਰਲਡ ਵਾਈਡ ਪ੍ਰੋਡਕਟਸ ਪ੍ਰਾਈਵੇਟ ਲਿਮਿਟਡ' ਨੇ ਇਸ ਸੇਲ ਸੰਬੰਧੀ 22.53 ਕਰੋੜ ਰੁਪਏ ਦੇ 11 ਅਲੱਗ-ਅਲੱਗ ਤਰ੍ਹਾਂ ਦੇ ਸੀ-ਫਾਰਮ ਜਮ੍ਹਾ ਕਰਵਾਏ। ਫਰਮ ਨੇ 2 ਫੀਸਦੀ ਵੈਟ ਜਮ੍ਹਾ ਕਰਵਾਇਆ ਸੀ। ਸ੍ਰੀ ਜੈਨ ਨੇ ਦੱਸਿਆ ਕਿ ਵਿਭਾਗ ਨੂੰ ਇਸ ਪੂਰੇ ਮਾਮਲੇ ਵਿੱਚ ਕੁਝ ਸ਼ੱਕੀ ਤੱਥ ਪਤਾ ਲੱਗੇ ਤਾਂ ਇਸ ਸੰਬੰਧੀ ਨਵੀਂ ਦਿੱਲੀ ਸਥਿਤ ਟਰੇਡ ਅਤੇ ਟੈਕਸ ਵਿਭਾਗ ਨਾਲ ਤੱਥਾਂ ਦਾ ਮਿਲਾਣ ਕੀਤਾ ਗਿਆ ਤਾਂ ਉਨ੍ਹਾਂ ਆਪਣੇ ਪੱਤਰ ਰਾਹੀਂ ਸਪੱਸ਼ਟ ਕੀਤਾ ਕਿ 'ਵਰਲਡ ਵਾਈਡ ਪ੍ਰੋਡਕਟਸ ਪ੍ਰਾਈਵੇਟ ਲਿਮਿਟਡ' ਵੱਲੋਂ ਪੇਸ਼ ਕੀਤੇ ਗਏ ਸੀ-ਫਾਰਮ ਮੰਡੀ ਗੋਬਿੰਦਗੜ੍ਹ ਦੀ ਫਰਮ ਨੂੰ ਕਦੇ ਵੀ ਜਾਰੀ ਨਹੀਂ ਕੀਤੇ ਗਏ ਸਨ।
'ਵਰਲਡ ਵਾਈਡ ਪ੍ਰੋਡਕਟਸ ਪ੍ਰਾਈਵੇਟ ਲਿਮਿਟਡ' ਵੱਲੋਂ ਜਮ੍ਹਾ ਕਰਵਾਏ ਗਏ ਸੀ-ਫਾਰਮ ਜਾਅਲੀ ਸਨ। ਜਿਸ ਕਰਕੇ ਫਰਮ ਨੂੰ 14.3 ਫੀਸਦੀ ਵੈਟ ਅਦਾ ਕਰਨਾ ਪੈਣਾ ਸੀ। ਸ੍ਰੀ ਜੈਨ ਨੇ ਦੱਸਿਆ ਕਿ ਫਰਮ ਨੇ ਆਪਣੀ ਇਨਕਮ ਟੈਕਸ ਰਿਟਰਨ ਵਿੱਚ ਵੀ 2 ਫੀਸਦੀ ਵੈਟ ਅਦਾ ਕਰਨ ਦਾ ਜ਼ਿਕਰ ਹੈ, ਜੋ ਕਿ ਗੈਰ ਕਾਨੂੰਨੀ ਹੈ। ਸੋ ਹੁਣ 'ਵਰਲਡ ਵਾਈਡ ਪ੍ਰੋਡਕਟਸ ਪ੍ਰਾਈਵੇਟ ਲਿਮਿਟਡ' ਨੂੰ ਪੰਜਾਬ ਸਰਕਾਰ ਨੂੰ 2.77 ਕਰੋੜ ਰੁਪਏ ਦਾ ਘਾਟਾ ਪਾਇਆ ਹੈ।
ਸ੍ਰੀ ਜੈਨ ਨੇ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਨੇ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੂੰ ਇਸ ਮਾਮਲੇ ਸੰਬੰਧੀ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਨ ਲਈ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸੰਬੰਧੀ ਹੁਣ ਵਿਭਾਗੀ ਜਾਂਚ ਵੀ ਕੀਤੀ ਜਾਵੇਗੀ। ਉਨ੍ਹਾਂ ਫਰਮਾਂ ਅਤੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਫਰਮ ਜਾਂ ਵਿਅਕਤੀ ਕਿਸੇ ਵੀ ਤਰ੍ਹਾਂ ਨਾਲ ਟੈਕਸ ਦੀ ਚੋਰੀ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।